ਸਵੇਰ ਸਾਰ ਅਜੇ ਮੈਂ ਆਪਣੇ ਚੈਂਬਰ ਵਿੱਚ ਬੈਠਾ ਕੁਝ ਫ਼ਾਈਲਾਂ ‘ਤੇ ਸਰਸਰੀ ਨਜ਼ਰ ਮਾਰ ਰਿਹਾ ਸੀ। ਇੱਕ ਵਧੀਆ ਸੂਟ-ਬੂਟ ਵਾਲੇ ਬੰਦੇ ਨੇ ਆ ਕੇ ਸਤਿ ਸ੍ਰੀ ਅਕਾਲ ਬੁਲਾਈ। ਰਸਮੀ ਗੱਲਬਾਤ ਤੋਂ ਬਾਅਦ ਉਸ ਨੇ ਆਪਣੀ ਪੂਰੀ ਦਰਦ ਕਹਾਣੀ ਬਿਆਨ ਕੀਤੀ, ਜਿਸ ਨੂੰ ਸੁਣ ਕੇ ਬਹੁਤ ਦੁੱਖ ਮਹਿਸੂਸ ਹੋਇਆ। ਉਹ ਮੇਰੇ ਕੋਲੋਂ ਵਕਤ ਲੈ ਕੇ ਮੈਨੂੰ ਮਿਲਣ ਆਇਆ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਬੜੇ ਖੁਸ਼ਗਵਾਰ, ਮੋਹ ਭਿੱਜੇ ਤੇ ਕੜਵਾਹਟ ਵਾਲੇ ਰਿਸ਼ਤੇ ਅੱਖੀਂ ਦੇਖੇ ਹਨ ਪਰ ਉਸ ਵਿਅਕਤੀ ਦੀ ਕਹਾਣੀ ਰਿਸ਼ਤਿਆਂ ਵਿੱਚ ਲਾਲਚ ਦੀ ਨਿਵੇਕਲੀ ਮਿਸਾਲ ਸੀ।
ਉਹ ਬਹੁਤ ਸਾਰੇ ਪਾਪੜ ਵੇਲ ਕੇ ਪੰਜਾਬ ਦੇ ਮਹੌਲ ਤੋਂ ਡਰਦਾ ਤੇ ਸੁਨਹਿਰੇ ਭਵਿੱਖ ਲਈ ਅਮਰੀਕਾ ਚਲਾ ਗਿਆ ਸੀ। ਅਮਰੀਕਾ ਜਾ ਕੇ ਉਸ ਨੇ ਰਾਜਨੀਤਿਕ ਸ਼ਰਨ ਲਈ ਸੀ। ਪਰ ਪੰਜਾਬ ਵਿੱਚ ਉਸ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਸੀ, ਪਰ ਸਾਰੀਆਂ ਪੁਲੀਸ ਦੀਆਂ ਪੜਤਾਲਾਂ ਜਿਵੇਂ ਤਿਵੇਂ ਅਮਰੀਕਾ ਵਿੱਚ ਜ਼ਰੂਰਤ ਅਨੁਸਾਰ ਅਫਸਰਾਂ ਪਾਸੋਂ ਤਿਆਰ ਕਰਵਾ ਕੇ ਉਸ ਦੇ ਪਰਿਵਾਰ ਨੇ ਭੇਜੀਆਂ ਸੀ। ਅਮਰੀਕਾ ਵਿੱਚ ਹੱਡ ਭੰਨਵੀਂ ਮਿਹਨਤ ਕਰਕੇ ਗਰੀਨ ਕਾਰਡ ਲੈ ਲਿਆ। ਉੱਥੇ ਹੀ ਵਿਆਹ ਕਰਵਾ ਲਿਆ ਤੇ ਦੋ ਬੱਚੇ ਹੋ ਗਏ। ਉਸ ਉੱਪਰ ਭਰਾਵਾਂ ਦਾ ਹਮੇਸ਼ਾ ਪੈਸੇ ਭੇਜਣ ਲਈ ਦਬਾਅ ਬਣਿਆ ਰਹਿੰਦਾ। ਕੋਈ ਜ਼ਮੀਨ ਖਰੀਦਣੀ ਹੁੰਦੀ ਜਾਂ ਕਿਸੇ ਦਾ ਵਿਆਹ ਹੁੰਦਾ ਉਹ ਵਿਦੇਸ਼ ਵਿੱਚ ਕਰਜ਼ਾ ਚੁੱਕ ਕੇ ਵੀ ਪੈਸੇ ਭੇਜਦਾ ਰਿਹਾ। ਦੋਵੇਂ ਭਰਾਵਾਂ ਨੇ ਮਹਿਲ ਨੁਮਾ ਕੋਠੀਆਂ ਵੀ ਉਸਾਰ ਲਈਆਂ। ਉਹ ਦੋ ਕੋਠੀਆਂ ਸਿਰਫ ਦੋ ਪਰਿਵਾਰਾਂ ਨੂੰ ਮੁੱਖ ਰੱਖ ਕੇ ਬਣਾਈਆਂ ਗਈਆਂ ਸਨ। ਉਸ ਬਾਰੇ ਇਹੋ ਕਿਹਾ ਜਾਂਦਾ ਰਿਹਾ ਕਿ ਉਹ ਨੇ ਕਿਹੜਾ ਇੱਥੇ ਰਹਿਣਾ ਹੈ। ਉਸ ਦਾ ਪਰਿਵਾਰ ਜਿਹੜਾ ਦਸ ਏਕੜ ਦਾ ਮਾਲਕ ਹੁੰਦਾ ਸੀ ਹੁਣ ਤੱਕ ਕੁੱਲ ਨੱਬੇ ਏਕੜ ਦਾ ਮਾਲਕ ਬਣ ਚੁੱਕਾ ਸੀ। ਉਸ ਨੇ ਵਿਦੇਸ਼ ਵਿੱਚ ਕੋਈ ਜਾਇਦਾਦ ਨਹੀਂ ਬਣਾਈ। ਬਲਕਿ ਜ਼ਿੰਦਗੀ ਦੀ ਅਹਿਮ ਕਮਾਈ ਆਪਣੇ ਭਰਾਵਾਂ ਪਾਸ ਭੇਜ ਕੇ ਪੂਰੇ ਪਰਿਵਾਰ ਲਈ ਜਾਇਦਾਦ ਬਣਾਉਂਦਾ ਰਿਹਾ।
ਹਰ ਸਾਲ ਕਦੇ ਉਹ ਇਕੱਲਾ, ਕਦੇ ਪਰਿਵਾਰ ਨਾਲ ਵਾਪਸ ਆ ਕੇ ਖੁਸ਼ਨੁਮਾ ਮਹੌਲ ਵਿੱਚ ਰਹਿ ਕੇ ਜਾਂਦਾ। ਵਾਪਸੀ ਸਮੇਂ ਉਸ ਦਾ ਦਿਲ ਨਾ ਕਰਦਾ ਕਿ ਉਹ ਵਾਪਸ ਜਾਵੇ। ਜਦੋਂ ਬੱਚੇ ਜਵਾਨ ਹੋ ਗਏ ਉਸ ਨੂੰ ਉਸ ਦੀ ਕਮਾਈ ਜਾਇਦਾਦ ਬਾਰੇ ਪੁੱਛਣ ਲੱਗਦੇ। ਜਵਾਬ ਵਿੱਚ ਉਹ ਬੱਚਿਆਂ ਨੂੰ ਦੱਸਦਾ ਕਿ ਉਨ੍ਹਾਂ ਪਾਸ ਪੰਜਾਬ ‘ਚ ਤੀਹ ਕਿੱਲੇ ਜ਼ਮੀਨ ਹੈ। ਜਵਾਨ ਬੱਚੇ ਤੀਹ ਕਿੱਲਿਆਂ ਦਾ ਹਿਸਾਬ ਡਾਲਰਾਂ ਵਿੱਚ ਲਗਾਉਣ ਲੱਗਦੇ ਅਤੇ ਅਮਰੀਕਾ ਵਿੱਚ ਨਿਵੇਸ਼ ਕਰਨ ਦੀਆ ਗੱਲਾਂ ਕਰਦੇ। ਪਰ ਉਹ ਜ਼ਮੀਨ ਵੇਚਣ ਨੂੰ ਮੌਤ ਸਮਾਨ ਸਮਝਦਾ। ਬੱਚਿਆਂ ਨੂੰ ਕਹਿੰਦਾ ਕਿ ਉਸ ਦੇ ਮਰਨ ਮਗਰੋਂ ਜੋ ਮਰਜ਼ੀ ਕਰਨ। ਅਚਾਨਕ ਉਸ ਦੀ ਪਤਨੀ ਦੀ ਹਾਦਸੇ ਵਿੱਚ ਮੌਤ ਹੋ ਗਈ। ਉਸ ਦਾ ਦਿਲ ਕੀਤਾ ਕਿ ਉਹ ਪੰਜਾਬ ਜਾ ਕੇ ਰਹੇ ਤੇ ਆਪਣੀ ਆਖਰੀ ਉਮਰ ਪਰਿਵਾਰ ਤੇ ਪਿੰਡ ਵਿੱਚ ਬਤੀਤ ਕਰੇ। ਉਸ ਦੇ ਬੱਚੇ ਆਪੋਆਪਣੇ ਕਾਰੋਬਾਰਾਂ ਵਿੱਚ ਰੁੱਝ ਗਏ, ਜਿਨ੍ਹਾਂ ਦੇ ਵਿਆਹ ਹੋ ਚੁੱਕੇ ਸਨ। ਮੈਨੂੰ ਉਸ ਦੀ ਕਹਾਣੀ ਡਾਕਟਰ ਆਤਮਜੀਤ ਦੇ ਨਾਟਕ ‘ਕੈਮਲੂਪਸ ਦੀਆਂ ਮੱਛੀਆਂ’ ਵਰਗੀ ਜਾਪੀ।
ਮੇਰੇ ਕੋਲ ਆਉਣ ਤੋਂ ਛੇ ਮਹੀਨੇ ਪਹਿਲਾਂ ਉਹ ਭਾਰਤ ਆਇਆ। ਉਸ ਦੇ ਪਰਿਵਾਰ ਨੇ ਇੱਕ ਦੋ ਮਹੀਨੇ ਉਸ ਨੂੰ ਹੱਥਾਂ ਤੇ ਚੱਕੀ ਰੱਖਿਆ ਫਿਰ ਉਸ ਨੇ ਸਦਾ ਇੱਥੇ ਰਹਿਣ ਵਾਲਾ ਆਪਣਾ ਇਰਾਦਾ ਜ਼ਾਹਰ ਕੀਤਾ ਤਾਂ ਪਰਿਵਾਰ ਦੇ ਹਾਲਾਤ ਹੀ ਬਦਲ ਗਏ। ਉਹ ਆਪਣੇ ਭਰਾਵਾਂ ਨੂੰ ਆਪਣੇ ਹਿੱਸੇ ਦੀ ਜ਼ਮੀਨ ਦੇ ਠੇਕੇ ਬਾਰੇ ਕਹਿਣ ਲੱਗਾ ਤਾਂ ਉਹਦੇ ਭਰਾ ਕਹਿਣ ਲੱਗੇ ਕਿ ਤੂੰ ਕਿਹੜਾ ਡੂੰਘਾ ਹਲ ਵਾਹੁੰਦਾ ਰਿਹਾ ਹੈ। ਜ਼ਮੀਨ ਤਾਂ ਸਾਰੀ ਅਸੀਂ ਬਣਾਈ ਹੈ। ਉਹ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰਨ ਲੱਗਾ। ਉਸ ਦੇ ਭਰਾ ਉਸ ਨੂੰ ਸਿਰਫ ਪੁਸ਼ਤੈਨੀ ਜ਼ਮੀਨ ਦੇ ਹਿੱਸੇ ਵਿੱਚੋਂ ਸਵਾ ਤਿੰਨ ਕਿੱਲੇ ਦੇਣ ਲਈ ਤਿਆਰ ਸਨ ਪਰ ਉਹ ਕਹਿੰਦਾ ਸੀ ਕਿ ਉਸ ਦਾ ਤਾਂ ਹਿੱਸਾ ਤੀਹ ਕਿੱਲੇ ਬਣਦਾ ਹੈ। ਆਖਰ ਉਸ ਨੇ ਮਾਲ ਰਿਕਾਰਡ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਦੇ ਭਰਾਵਾਂ ਨੇ ਉਸ ਦੇ ਅਮਰੀਕਾ ਹੁੰਦਿਆਂ ਜੋ ਜ਼ਮੀਨ ਖਰੀਦੀ ਉਹ ਆਪਣੇ ਨਾਮ ਹੀ ਕਰਵਾ ਲਈ ਸੀ ਉਸ ਦਾ ਮਾਲ ਰਿਕਾਰਡ ਵਿੱਚ ਸਿਰਫ ਦੱਸ ਕਿੱਲਿਆਂ ਵਿੱਚ ਤੀਜਾ ਹਿੱਸਾ ਬੋਲਦਾ ਸੀ। ਉਹ ਆਪਣੀ ਕਹਾਣੀ ਸੁਣਾਉਂਦਿਆਂ ਕਈ ਵਾਰ ਰੋਇਆ ਤੇ ਕਈ ਵਾਰ ਪਾਗਲਾਂ ਵਾਂਗ ਵਾਰ ਵਾਰ ਗੱਲ ਦੁਹਰਾਉਣ ਲੱਗਦਾ। ਹੁਣ ਉਹ ਆਪਣੇ ਬੱਚਿਆਂ ਨੂੰ ਵੀ ਕੁਝ ਦੱਸਣ ਜੋਗਾ ਨਹੀਂ ਸੀ। ਗੱਲ ਕਰਦਾ ਕਰਦਾ ਉਹ ਆਪਣੇ ਆਪ ਨੂੰ ਕੋਸਣ ਲੱਗਦਾ। ਕਦੀ ਕਦੀ ਗੱਲ ਕਰਦਾ ਕਰਦਾ ਬਿਲਕੁਲ ਚੁੱਪ ਕਰ ਜਾਂਦਾ। ਇੰਝ ਲੱਗਦਾ ਜਿਵੇਂ ਉਹ ਚੰਗੇ ਦਿਨਾਂ ਨੂੰ ਯਾਦ ਕਰ ਰਿਹਾ ਹੋਵੇ।
ਮੈਨੂੰ ਉਹ ਸਾਰਾ ਮਾਲ ਰਿਕਾਰਡ ਘੋਖਣ ਲਈ ਵਾਰ ਵਾਰ ਕਹਿੰਦਾ। ਅਖਬਾਰ ਵਿੱਚ ਮੇਰੇ ਵੱਲੋਂ ਲਿਖੇ ਹੋਏ ਪਹਿਲਾਂ ਵਾਲੇ ਲੇਖਾਂ ਤੋਂ ਪ੍ਰਭਾਵਿਤ ਹੋ ਕੇ ਉਹ ਮੈਨੂੰ ਡੇਢ ਸੌ ਕਿੱਲੋਮੀਟਰ ਤੋਂ ਮਿਲਣ ਆਇਆ ਸੀ। ਉਸ ਨੂੰ ਮਾਲ ਰਿਕਾਰਡ ਨਾਲ਼ੋਂ ਆਪਣੇ ਪਰਿਵਾਰ ‘ਤੇ ਜ਼ਿਆਦਾ ਭਰੋਸਾ ਸੀ। ਉਸ ਦੀ ਕੋਈ ਮਦਦ ਨਹੀਂ ਕੀਤੀ ਜਾ ਸਕੀ, ਕਿਉਂਕਿ ਕੁਝ ਹਾਸਲ ਕਰਨ ਲਈ ਮਾਲ ਰਿਕਾਰਡ ਵਿੱਚ ਉਸ ਦੀ ਮਾਲਕੀ ਦਾ ਇੰਦਰਾਜ ਹੋਣਾ ਜ਼ਰੂਰੀ ਸੀ। ਮੈਂ ਉਸ ਨੂੰ ਇਹ ਵੀ ਦੱਸਿਆ ਜੇ ਨਿਯਮਾਂ ਅਨੁਸਾਰ ਉਹ ਸਵਾ ਤਿੰਨ ਕਿੱਲਿਆਂ ਦਾ ਕਬਜ਼ਾ ਲੈਣਾ ਚਾਹੇ ਤਾਂ ਉਸ ਦੀ ਜ਼ਿੰਦਗੀ ਵਿੱਚ ਇਹ ਸੰਭਵ ਨਹੀਂ। ਇਸ ਲਈ ਉਹ ਸਵਾ ਤਿੰਨ ਕਿੱਲੇ ਸਹਿਮਤੀ ਨਾਲ ਹੀ ਲੈ ਲਵੇ। ਉਹ ਬਹੁਤ ਨਿਰਾਸ਼ ਹੋ ਕੇ ਮੇਰੇ ਕੋਲੋਂ ਗਿਆ। ਸ਼ਾਇਦ ਪਹਿਲਾਂ ਵੀ ਕਈ ਵਕੀਲਾਂ ਨਾਲ ਮਸ਼ਵਰਾ ਕੀਤਾ ਹੋਵੇ। ਕਈ ਵਾਰ ਮੈਨੂੰ ਉਹ ਫ਼ੋਨ ਕਰਦਾ ਰਿਹਾ। ਇੱਕ ਦਿਨ ਉਸ ਨੇ ਦੱਸਿਆ ਕਿ ਉਹ ਵਾਪਸ ਜਾ ਰਿਹਾ ਹੈ, ਬਿਲਕੁਲ ਖਾਲ਼ੀ ਹੱਥ। ਮੈਨੂੰ ਉਸ ਨੇ ਕਿਹਾ ਕਿ ਜਦੋਂ ਦੁਬਾਰਾ ਉਹ ਭਾਰਤ ਆਇਆ ਤਾਂ ਆਪਣੀ ਜ਼ਮੀਨ ਕਿਸੇ ਸਕੂਲ ਨੂੰ ਦਾਨ ਕਰ ਜਾਵੇਗਾ। ਉਹ ਵਾਪਸ ਜਾ ਕੇ ਵੀ ਫ਼ੋਨ ਕਰਦਾ ਰਿਹਾ। ਪਿਛਲੇ ਦੋ ਸਾਲ ਤੋਂ ਮੇਰਾ ਸੰਪਰਕ ਉਸ ਨਾਲ ਨਹੀਂ ਹੋ ਸਕਿਆ। ਹੁਣ ਮੇਰੇ ਕੋਲ ਉਸ ਦਾ ਕੋਈ ਸੰਪਰਕ ਨਹੀਂ ਹੈ। ਦੁਨਿਆਵੀ ਅਦਾਲਤਾਂ ਵਿੱਚ ਉਹ ਕਿਸੇ ਕੀਮਤ ‘ਤੇ ਇਨਸਾਫ ਹਾਸਲ ਨਹੀਂ ਕਰ ਸਕਦਾ ਸੀ। ਉਸ ਦੇ ਆਪਣੇ ਰਿਸ਼ਤਿਆਂ ਨੇ ਉਸ ਦਾ ਵਿਸ਼ਵਾਸ ਤੋੜ ਕੇ ਉਸ ਨੂੰ ਮਧੋਲ ਸੁੱਟਿਆ ਸੀ। ਆਪਣੇ ਵਤਨ ਵੱਲ ਉਹ ਭੱਜ ਭੱਜ ਆਉਂਦਾ ਰਿਹਾ ਪਰ ਸ਼ਾਇਦ ਉਹ ਦੁਬਾਰਾ ਕਦੇ ਵੀ ਵਤਨ ਵਾਪਸ ਨਾ ਆਵੇ।
-ਸੱਤਪਾਲ ਸਿੰਘ ਦਿਉਲ
Comment here