ਲਾਹੌਰ- ਪਾਕਿਸਤਾਨ ਵਿਚ ਅਪਰਾਧੀਆਂ ਦੇ ਹੌਸਲੇ ਦਿਨ ਬ ਦਿਨ ਵਧ ਰਹੇ ਹਨ। ਇਥੇ ਲੰਘੇ ਸੋਮਵਾਰ ਅਣਪਛਾਤੇ ਲੋਕਾਂ ਨੇ ਲਾਹੌਰ ਪ੍ਰੈੱਸ ਕਲੱਬ ਦੇ ਬਾਹਰ ਇਕ ਸੀਨੀਅਰ ਪਾਕਿਸਤਾਨੀ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੰਜਾਬ ਦੇ ਇਕ ਉੱਚ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਸਨੈਨ ਸ਼ਾਹ ਜਦੋਂ ਪ੍ਰੈੱਸ ਕਲੱਬ ਦੇ ਬਾਹਰ ਆਪਣੀ ਕਾਰ ਖੜ੍ਹੀ ਕਰ ਰਹੇ ਸਨ, ਉਸੇ ਦੌਰਾਨ ਮੋਟਰਸਾਈਕਲ ’ਤੇ ਸਵਾਰ 2 ਲੋਕਾਂ ਨੇ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਹ ਲਗਭਗ 40 ਸਾਲ ਦੇ ਸਨ। ਉਨ੍ਹਾਂ ਨੇ ਕਿਹਾ ਕਿ ਦੋਵੇਂ ਹਮਲਾਵਰ ਜ਼ਿਆਦਾ ਭੀੜ ਵਾਲੇ ਇਲਾਕੇ ਵੱਲੋਂ ਭੱਜਣ ’ਚ ਸਫ਼ਲ ਰਹੇ। ਲਾਹੌਰ ਨਿਵਾਸੀ ਸ਼ਾਹ ਕੈਪੀਟਲ ਟੀ. ਵੀ. ’ਚ ਕ੍ਰਾਈਮ ਰਿਪੋਰਟਰ ਸਨ। ਉਹ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਏ ਹਨ। ਅਧਿਕਾਰੀ ਨੇ ਕਿਹਾ, ‘ਅਸੀਂ ਉਨ੍ਹਾਂ ਖ਼ਬਰਾਂ ਦੀ ਜਾਂਚ ਕਰ ਰਹੇ ਹਾਂ ਕਿ ਉਨ੍ਹਾਂ ਦੀ ਕੁਝ ਲੋਕਾਂ ਨਾਲ ਦੁਸ਼ਮਣੀ ਸੀ।’ ਪਾਕਿਸਤਾਨ ਦੇ ਵੱਖ-ਵੱਖ ਪੱਤਰਕਾਰ ਸੰਗਠਨਾਂ ਨੇ ਸ਼ਾਹ ਦੀ ਹੱਤਿਆ ਦੀ ਨਿੰਦਾ ਕੀਤੀ ਹੈ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਸਰਕਾਰ ਤੋਂ ਉਨ੍ਹਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਪਾਕਿਸਤਾਨ ਵਿਚ 1993 ਤੋਂ ਹੁਣ ਤੱਕ 85 ਪੱਤਰਕਾਰ ਮਾਰੇ ਗਏ ਹਨ, ਜਿਨ੍ਹਾਂ ਵਿਚ 2021 ਵਿਚ 4 ਪੱਤਰਕਾਰਾਂ ਦੀ ਹੱਤਿਆ ਵੀ ਸ਼ਾਮਲ ਹੈ। ਇਮਰਾਨ ਸਰਕਾਰ ਇਸ ਮਾਮਲੇ ਤੇ ਖਾਮੋਸ਼ ਹੈ ਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ।
Comment here