ਮਾਸਕੋ-ਰੂਸ ਨੇ 20 ਅਕਤੂਬਰ ਨੂੰ ਹੋਣ ਵਾਲੀ ‘ਮਾਸਕੋ ਫਾਰਮੈੱਟ’ ਗੱਲਬਾਤ ’ਚ ਹਿੱਸਾ ਲੈਣ ਲਈ ਅਮਰੀਕੀ ਵਫ਼ਦ ਅਤੇ ਭਾਰਤ ਤੋਂ ਇਲਾਵਾ ਤਾਲਿਬਾਨ ਦੇ ਪ੍ਰਤੀਨਿਧੀਆਂ ਨੂੰ ਵੀ ਸੱਦਾ ਦਿੱਤਾ ਹੈ। ਅਗਸਤ ’ਚ ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਹ ਪਹਿਲੀ ਬੈਠਕ ਹੋਵੇਗੀ। ਵਿਦੇਸ਼ ਮੰਤਰਾਲੇ ਦੇ ਅਨੁਸਾਰ ਭਾਰਤ ਨੂੰ 20 ਅਕਤੂਬਰ ਨੂੰ ਹੋਣ ਵਾਲੀ ਬੈਠਕ ਦਾ ਸੱਦਾ ਮਿਲਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਮੈਂ ਇਸ ਦੀ ਪੁਸ਼ਟੀ ਨਹੀਂ ਕਰ ਸਕਦਾ ਕਿ ਮੀਟਿੰਗ ’ਚ ਕੌਣ ਸ਼ਾਮਲ ਹੋਵੇਗਾ ਪਰ ਇਸ ਦੀ ਸੰਭਾਵਨਾ ਹੈ ਕਿ ਸੰਯੁਕਤ ਸਕੱਤਰ ਪੱਧਰ ਦਾ ਕੋਈ ਇਕ ਅਧਿਕਾਰੀ ਇਸ ’ਚ ਹਿੱਸਾ ਲਵੇਗਾ।
ਸਮਾਚਾਰ ਏਜੰਸੀ ‘ਸਿਨਹੂਆ’ ਨੇ ਕਿਹਾ ਕਿ ਮਾਸਕੋ ਅਫ਼ਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੀ ਮੇਜ਼ਬਾਨੀ ਕਰਨ ਦੀ ਈਰਾਨ ਦੀ ਪੇਸ਼ਕਸ਼ ’ਤੇ ਵਿਚਾਰ ਕਰ ਰਿਹਾ ਹੈ। ਇਹ ਬੈਠਕ ਤਹਿਰਾਨ ’ਚ ਹੋਣ ਜਾ ਰਹੀ ਹੈ। ਇਕ ਦਿਨ ਪਹਿਲਾਂ ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਬਹੁਪੱਖੀ ਗੱਲਬਾਤ ਦੇ ਏਜੰਡੇ ’ਚ ਸੰਘਰਸ਼ ਤੋਂ ਬਾਅਦ ਦੇ ਪੁਨਰ-ਨਿਰਮਾਣ ਅਤੇ ਮਾਨਵਤਾਵਾਦੀ ਸਹਾਇਤਾ ਸਭ ਤੋਂ ਉੱਪਰ ਹੋਵੇਗੀ। ਅਫ਼ਗਾਨਿਸਤਾਨ ਨੂੰ ਲੈ ਕੇ ‘ਮਾਸਕੋ ਫਾਰਮੈੱਟ’ ਬੈਠਕ ਦੀ 2017 ’ਚ ਸ਼ੁਰੂ ਹੋਈ ਸੀ। ਇਸ ’ਚ ਰੂਸ, ਅਫ਼ਗਾਨਿਸਤਾਨ, ਚੀਨ, ਪਾਕਿਸਤਾਨ, ਈਰਾਨ ਅਤੇ ਭਾਰਤ ਦੇ ਪ੍ਰਤੀਨਿਧੀ ਸ਼ਾਮਲ ਹਨ। ਇਸ ਦਾ ਪਹਿਲਾ ਪੜਾਅ 14 ਅਪ੍ਰੈਲ 2017 ਨੂੰ ਹੋਇਆ ਅਤੇ ਇਸ ’ਚ ਉਪ ਵਿਦੇਸ਼ ਮੰਤਰੀਆਂ ਅਤੇ 11 ਦੇਸ਼ਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਸੀ।
Comment here