ਖਬਰਾਂਚਲੰਤ ਮਾਮਲੇਦੁਨੀਆ

ਰੂਸ ਦਾ ‘ਲੂਨਾ-25’ ਪੁਲਾੜ ਯਾਨ ਚੰਦਰਮਾ ‘ਤੇ ਕ੍ਰੈਸ਼

ਮਾਸਕੋ-ਰੂਸੀ ਪੁਲਾੜ ਏਜੰਸੀ ਰੋਸਕੋਸਮੌਸ ਨੇ ਦੱਸਿਆ ਕਿ ਰੂਸ ਦਾ ਲੂਨਾ-25 ਪੁਲਾੜ ਯਾਨ ਕਰੈਸ਼ ਹੋ ਗਿਆ ਹੈ। ਪੁਲਾੜ ਏਜੰਸੀ ਰੋਸਕੋਸਮੌਸ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ 5:27 ਵਜੇ ਤੋਂ ਇਸ ਦਾ ਸੰਪਰਕ ਟੁੱਟ ਗਿਆ ਸੀ। ਸ਼ਨੀਵਾਰ ਨੂੰ ਪ੍ਰੀ-ਲੈਂਡਿੰਗ ਔਰਬਿਟ ਨੂੰ ਬਦਲਣ ਦੌਰਾਨ ਤਕਨੀਕੀ ਖਰਾਬੀ ਆ ਗਈ ਸੀ। ਲੂਨਾ ਨੇ 21 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਬੋਗੁਸਲਾਵਸਕੀ ਕ੍ਰੇਟਰ ਦੇ ਨੇੜੇ ਉਤਰਨਾ ਸੀ। ਭਾਰਤ ਵਾਂਗ ਰੂਸ ਦਾ ਟੀਚਾ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਭ ਤੋਂ ਪਹਿਲਾਂ ਉਤਰਨ ਦਾ ਸੀ।
ਲੂਨਾ-25 ਦੇ ਉਡਾਣ ਪ੍ਰੋਗਰਾਮ ਅਨੁਸਾਰ ਪੁਲਾੜ ਯਾਨ ਨੂੰ ਪ੍ਰੀ-ਲੈਂਡਿੰਗ ਆਰਬਿਟ (18 ਕਿਲੋਮੀਟਰ x 100 ਕਿਲੋਮੀਟਰ) ਵਿੱਚ ਦਾਖਲ ਕਰਾਉਣ ਲਈ ਕਮਾਂਡ ਦਿੱਤੀ ਗਈ ਸੀ। ਇਹ ਕਮਾਂਡ ਸ਼ਨੀਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 4:30 ਵਜੇ ਦਿੱਤੀ ਗਈ। ਇਸ ਦੌਰਾਨ ਲੂਨਾ ‘ਤੇ ਐਮਰਜੈਂਸੀ ਸਥਿਤੀ ਪੈਦਾ ਹੋ ਗਈ ਕਿਉਂਕਿ ਪੁਲਾੜ ਯਾਨ ਨਿਰਧਾਰਤ ਮਾਪਦੰਡਾਂ ਅਨੁਸਾਰ ਥਰਸਟਰ ਨੂੰ ਫਾਇਰ ਨਹੀਂ ਕਰ ਸਕਿਆ। ਟੈਲੀਗ੍ਰਾਮ ‘ਤੇ ਇੱਕ ਪੋਸਟ ਵਿੱਚ ਸਪੇਸ ਏਜੰਸੀ ਨੇ ਕਿਹਾ ਕਿ “ਮਿਸ਼ਨ ਦੌਰਾਨ ਆਟੋਮੇਟਿਡ ਸਟੇਸ਼ਨ ਵਿੱਚ ਇੱਕ ਅਸਧਾਰਨ ਸਥਿਤੀ ਆਈ, ਜਿਸ ਨਾਲ ਨਿਰਧਾਰਤ ਮਾਪਦੰਡਾਂ ਦੀ ਪ੍ਰਕਿਰਿਆ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਿਆ।”
1976 ਵਿੱਚ ਸੋਵੀਅਤ ਯੁੱਗ ਦੇ ਲੂਨਾ-24 ਮਿਸ਼ਨ ਤੋਂ ਬਾਅਦ ਲਗਭਗ ਪੰਜ ਦਹਾਕਿਆਂ ਵਿੱਚ ਪਹਿਲੀ ਵਾਰ 10 ਅਗਸਤ ਨੂੰ ਲੂਨਾ-25 ਨੂੰ ਪੁਲਾੜ ਵਿੱਚ ਲਾਂਚ ਕੀਤਾ ਗਿਆ ਸੀ। ਇਸ ਦੇ 21-23 ਅਗਸਤ ਦੇ ਆਸ-ਪਾਸ ਉਤਰਨ ਦੀ ਸੰਭਾਵਨਾ ਸੀ ਅਤੇ ਇਸੇ ਦੌਰਾਨ ਭਾਰਤ ਦੇ ਪੁਲਾੜ ਯਾਨ ਦੇ ਵੀ ਚੰਦਰਮਾ ਦੀ ਸਤ੍ਹਾ ‘ਤੇ ਉਤਰਨ ਦੀ ਸੰਭਾਵਨਾ ਹੈ। ਹੁਣ ਤੱਕ ਸਿਰਫ ਸਾਬਕਾ ਸੋਵੀਅਤ ਸੰਘ, ਅਮਰੀਕਾ ਅਤੇ ਚੀਨ ਚੰਦਰਮਾ ‘ਤੇ ਸਾਫਟ ਲੈਂਡਿੰਗ ਕਰਨ ‘ਚ ਸਫਲ ਹੋਏ ਹਨ।

Comment here