ਪੁਲਸ ਦੀ ਰੇਡ ਕਾਰਨ ਪਿੰਡ ਚ ਸਹਿਮ ਦਾ ਮਹੌਲ
ਲੁਧਿਆਣਾ- ਪੰਜਾਬ ਚ ਸਭ ਅੱਛਾ ਨਹੀਂ ਚੱਲ ਰਿਹਾ, ਕੁਝ ਚਿਰ ਤੋਂ ਲਗਾਤਾਰ ਖਾਲਿਸਤਾਨੀ ਤੱਤ ਸਗਰਗਮ ਹੋਏ ਹਨ, ਹਥਿਆਰਾਂ ਦੇ ਜ਼ਖੀਰੇ ਮਿਲਣ ਦੇ ਨਾਲ ਨਾਲ ਵੱਖ ਵੱਖ ਥਾਵਾਂ ਤੋਂ ਅੱਤਵਾਦੀ ਵੀ ਕਾਬੂ ਆ ਰਹੇ ਹਨ। ਹੁਣ ਲੁਧਿਆਣਾ ’ਚ ਦੋਰਾਹਾ ਦੇ ਪਿੰਡ ਰਾਮਪੁਰਾ ’ਚ ਇੰਟੈਲੀਜੈਂਸ ਦੀ ਟੀਮ ਨੇ ਇਕ ਘਰ ’ਚ ਛਾਪੇਮਾਰੀ ਕੀਤੀ ਅਤੇ ਛਾਣਬੀਣ ਦੌਰਾਨ ਖ਼ਾਲਿਸਤਾਨ ਨਾਲ ਜੁੜੀ ਸਮੱਗਰੀ ਬਰਾਮਦ ਕੀਤੀ ਹੈ। ਇੰਟੈਲੀਜੈਂਸ ਦੀ ਟੀਮ ਨੇ ਇਕ ਨੌਜਵਾਨ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇੰਟੈਲੀਜੈਂਸ ਦੀ ਟੀਮ ਨੇ ਸਵੇਰੇ 6 ਵਜੇ ਘਰ ਨੂੰ ਚਾਰੋ ਪਾਸਿਓਂ ਤੋਂ ਘੇਰ ਲਿਆ। ਇੰਟੈਲੀਜੈਂਸ ਦੀ ਟੀਮ ਚੰਡੀਗੜ੍ਹ ਤੋਂ ਪਹੁੰਚੀ ਸੀ। ਉਥੇ ਨਾਲ ਲੁਧਿਆਣਾ, ਖੰਨਾ ਤੇ ਦੋਰਾਹਾ ਦੀ ਪੁਲਿਸ ਵੀ ਮੌਜੂਦ ਰਹੀ। ਪੁਲਿਸ ਵੱਲੋਂ ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤਕ ਸਰਚ ਕਰਦੀ ਰਹੀ। ਪੁਲਿਸ ਪਾਰਟੀ ਨੂੰ ਨੌਜਵਾਨ ਦੇ ਘਰੋਂ ਇਕ ਪ੍ਰਿਟਿੰਗ ਮਸ਼ੀਨ ਬਰਾਮਦ ਹੋਈ ਹੈ। ਉਸਦੇ ਨਾਲ-ਨਾਲ ਭਾਰੀ ਮਾਤਰਾ ’ਚ ਪੁਲਿਸ ਨੂੰ ਕਈ ਦਸਤਾਵੇਜ਼ ਵੀ ਮਿਲੇ ਹਨ। ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਉਥੇ ਹੀ ਜਦੋਂ ਇਸ ਸਬੰਧੀ ਡੀਐੱਸਪੀ ਪਾਇਲ ਦੇਵੇਂਦਰ ਅੱਤਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇੰਟੈਲੀਜੈਂਸ ਦੀ ਟੀਮ ਪੁਖ਼ਤਾ ਟਿਪਸ ਦੇ ਆਧਾਰ ’ਤੇ ਇਥੇ ਪਹੁੰਚੀ ਹੈ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋ ਰਹੀ ਹੈ। ਹਾਲੇ ਇਸ ਬਾਰੇ ਸਪੱਸ਼ਟ ਰੂਪ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਉਥੇ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਘਰ ’ਚ ਰਿਫ੍ਰੇਂਡਮ 2020 ਨਾਲ ਸਬੰਧਿਤ ਸਮੱਗਰੀ ਬਰਾਮਦ ਹੋਈ ਅਤੇ ਦੋਸ਼ੀ ਨੌਜਵਾਨ ਰਿਫ੍ਰੈਂਡਮ 2020 ਲਈ ਵੋਟ ਵੀ ਬਣਾਉਣ ਦਾ ਕੰਮ ਕਰਦਾ ਸੀ। ਨੌਜਵਾਨ ਪਿੰਡ ’ਚ ਕਿਸੇ ਨਾਲ ਵੀ ਜ਼ਿਆਦਾ ਗੱਲਬਾਤ ਨਹੀਂ ਕਰਦਾ ਸੀ। ਪੁਲਿਸ ਟੀਮ ਦੋਸ਼ੀ ਨੌਜਵਾਨ ਨਾਲ ਗੱਲਬਾਤ ਕਰ ਰਹੀ ਹੈ। ਇਸਦੇ ਨਾਲ ਹੀ ਪਿੰਡ ਰਾਮਪੁਰਾ ਨੂੰ ਪੁਲਿਸ ਛਾਉਣੀ ’ਚ ਬਦਲ ਦਿੱਤਾ ਗਿਆ ਹੈ। ਉਥੇ ਹੀ ਪੁਲਿਸ ਦੀ ਰੇਡ ਨਾਲ ਲੋਕਾਂ ’ਚ ਵੀ ਸਹਿਮ ਦਾ ਮਾਹੌਲ ਹੈ। ਯਾਦ ਰਹੇ ਪਾਕਿਸਤਾਨ ਲਗਾਤਾਰ ਪੰਜਾਬ ’ਚ ਅੱਤਵਾਦੀ ਗਤੀਵਿਧੀਆਂ ਵਧਾਉਣ ਦੀ ਸਾਜਿਸ਼ ਰਚਦਾ ਰਹਿੰਦਾ ਹੈ। ਦੋ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਚਾਰ ਅੱਤਵਾਦੀ ਗਿ੍ਰਫ਼ਤਾਰ ਕਰਕੇ ਗੁਆਂਢੀ ਦੇਸ਼ ਦੀ ਖੁਫੀਆ ਏਜੰਸੀ ਆਈਐੱਸਆਈ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਚਾਰੋਂ ਅੱਤਵਾਦੀ ਪੰਜਾਬ ’ਚ ਫੈਸਟੀਵਲ ਸੀਜ਼ਨ ਤੇ ਚੋਣਾਂ ਦੌਰਾਨ ਖੂਨ-ਖਰਾਬਾ ਕਰਨ ਦੀ ਤਿਆਰੀ ’ਚ ਸਨ। ਉਨ੍ਹਾਂ ਦੇ ਪੰਜਵੇਂ ਸਾਥੀ ਗੁਰਮੁਖ ਸਿੰਘ ਨੂੰ ਪਹਿਲਾਂ ਪੁਲਿਸ ਨੇ ਜਲੰਧਰ ਤੋਂ ਗਿ੍ਰਫ਼ਤਾਰ ਕੀਤਾ ਸੀ ਤੇ ਉਸ ਦੀ ਨਿਸ਼ਾਨਦੇਹੀ ਤੇ ਭਾਰੀ ਮਾਤਰਾ ਚ ਹਥਿਆਰ ਵੀ ਬਰਾਮਦ ਹੋਏ ਸਨ।
Comment here