ਸਿਆਸਤਖਬਰਾਂਵਿਸ਼ੇਸ਼ ਲੇਖ

ਮੋਦੀ ਸਰਕਾਰ ਦੇ 9 ਸਾਲ ਤੇ ਵਿਰੋਧੀ ਧਿਰ ਦੇ ਤਿੱਖੇ ਸੁਆਲ

ਵਿਸ਼ੇਸ਼ ਰਿਪੋਰਟ
ਕੇਂਦਰ ‘ਚ ਮੋਦੀ ਸਰਕਾਰ ਨੇ 26 ਮਈ ਨੂੰ 9 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਭਾਜਪਾ ਨੇ ਇਕ ਮਹੀਨੇ ਤੱਕ ਦੇਸ਼ ਭਰ ‘ਚ ਇਕ ਜਨਸੰਪਰਕ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਪਾਰਟੀ 30 ਮਈ ਤੋਂ 31 ਜੂਨ ਦਰਮਿਆਨ ਪੂਰੇ ਦੇਸ਼ ‘ਚ ਲਗਭਗ 50 ਰੈਲੀਆਂ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ ਰੈਲੀਆਂ ‘ਚ ਅੱਧਾ ਦਰਜਨ ਤੋਂ ਜ਼ਿਆਦਾ ਰੈਲੀਆਂ ਨੂੰ ਪ੍ਰਧਾਨ ਮੰਤਰੀ ਮੋਦੀ ਸੰਬੋਧਨ ਕਰਨਗੇ। ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਹੋਰ ਮੰਤਰੀ ਅਤੇ ਨੇਤਾ ਵੀ ਜਨ ਸਪੰਰਕ ਮੁਹਿੰਮ ਦਾ ਹਿੱਸਾ ਹੋਣਗੇ। ਜੇ.ਪੀ. ਨੱਢਾ ਮੋਦੀ ਸਰਕਾਰ ਦੀਆਂ ਉਪਲੱਬਧੀਆਂ ਵੀ ਦੱਸਣਗੇ।
26 ਮਈ ‘ਮੁਆਫੀ ਦਿਵਸ’ ਵਜੋਂ ਮਨਾਇਆ ਜਾਣਾ ਚਾਹੀਦਾ : ਕਾਂਗਰਸ
ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ‘ਨੌ ਸਾਲ, ਨੌਂ ਸੁਆਲ’ ਨਾਮਕ ਕਿਤਾਬਚਾ ਜਾਰੀ ਕਰਦਿਆਂ ਕਿਹਾ ਕਿ 26 ਮਈ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ‘ਮੁਆਫੀ ਦਿਵਸ’ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪੱਤਰਕਾਰਾਂ ਨੂੰ ਕਿਹਾ,‘ਨੌ ਸਾਲਾਂ ਬਾਅਦ ਅੱਜ ਕਾਂਗਰਸ ਨੌਂ ਸਵਾਲ ਪੁੱਛ ਰਹੀ ਹੈ। ਇਹ ਸਵਾਲ ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਦੌਰਾਨ ਪੁੱਛੇ ਸਨ ਪਰ ਪ੍ਰਧਾਨ ਮੰਤਰੀ ਅਤੇ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ।’ ਉਨ੍ਹਾਂ ਸਵਾਲ ਕੀਤਾ, ‘ਪ੍ਰਧਾਨ ਮੰਤਰੀ ਜੀ, ਮਹਿੰਗਾਈ ਅਤੇ ਬੇਰੁਜ਼ਗਾਰੀ ਕਿਉਂ ਅਸਮਾਨ ਛੂਹ ਰਹੀ ਹੈ? ਇਹ ਆਰਥਿਕ ਅਸਮਾਨਤਾ ਕਿਉਂ ਵਧ ਰਹੀ ਹੈ? ਅਜਿਹਾ ਕਿਉਂ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਿਉਂ ਨਹੀਂ ਹੋਈ, ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਿਉਂ ਨਹੀਂ ਕੀਤੇ ਗਏ? ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਨਹੀਂ ਦਿੱਤੀ ਗਈ? ਅਡਾਨੀ ਨੂੰ ਫਾਇਦਾ ਪਹੁੰਚਾਉਣ ਲਈ ਐੱਸਬੀਆਈ ਅਤੇ ਐੱਲਆਈਸੀ ‘ਚ ਜਮ੍ਹਾ ਲੋਕਾਂ ਦੀ ਮਿਹਨਤ ਦੀ ਕਮਾਈ ਇਸ ਸਮੂਹ ‘ਚ ਕਿਉਂ ਲਗਾਈ ਗਈ, ਅਡਾਨੀ ਸਮੂਹ ਦੀਆਂ ਸ਼ੈੱਲ ਕੰਪਨੀਆਂ ‘ਚ ਜਮ੍ਹਾ 20,000 ਕਰੋੜ ਰੁਪਏ ਕਿਸਦੇ ਹਨ? ਪ੍ਰਧਾਨ ਮੰਤਰੀ ਜੀ, ਚੀਨ ਨੂੰ ਅੱਖ ਦਿਖਾਉਣ ਦੀ ਗੱਲ ਕਰਨ ਦੇ ਬਾਵਜੂਦ ਤੁਸੀਂ ਚੀਨ ਨੂੰ ਕਲੀਨ ਚਿੱਟ ਕਿਉਂ ਦਿੱਤੀ? ਸਿਆਸੀ ਲਾਹੇ ਲਈ ਡਰ ਦਾ ਮਾਹੌਲ ਕਿਉਂ ਬਣਾਇਆ ਜਾ ਰਿਹਾ ਹੈ? ਤੁਸੀਂ ਔਰਤਾਂ, ਦਲਿਤਾਂ, ਆਦਿਵਾਸੀਆਂ ਅਤੇ ਘੱਟ ਗਿਣਤੀਆਂ ‘ਤੇ ਹੋ ਰਹੇ ਅੱਤਿਆਚਾਰਾਂ ‘ਤੇ ਚੁੱਪ ਕਿਉਂ ਹੋ, ਜਾਤੀ ਆਧਾਰਿਤ ਜਨਗਣਨਾ ‘ਤੇ ਚੁੱਪ ਕਿਉਂ ਹੋ? ਅਜਿਹਾ ਕਿਉਂ ਹੈ ਕਿ ਵਿਰੋਧੀ ਧਿਰ ਦੇ ਨੇਤਾਵਾਂ ਵਿਰੁੱਧ ਬਦਲਾਖੋਰੀ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਵਿਰੋਧੀ ਧਿਰ ਦੀਆਂ ਸਰਕਾਰਾਂ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ? ਕੀ ਇਹ ਨਹੀਂ ਹੈ ਕਿ 40 ਲੱਖ ਲੋਕਾਂ ਦੀ ਕੁਪ੍ਰਬੰਧਨ ਕਾਰਨ ਮੌਤ ਹੋ ਗਈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਕਿਉਂ ਨਹੀਂ ਦਿੱਤਾ ਗਿਆ? ਪ੍ਰਧਾਨ ਮੰਤਰੀ ਨੂੰ ਇਨ੍ਹਾਂ ਸਵਾਲਾਂ ‘ਤੇ ਆਪਣ ਬੋਲਣਾ ਚਾਹੀਦਾ ਹੈ।’
ਮੋਦੀ ਸਰਕਾਰ ਦੇ 9 ਸਾਲਾਂ ‘ਤੇ ਲਾਲੂ ਦਾ ਤਾਅਨਾ
ਮੋਦੀ ਸਰਕਾਰ ਦੇ 9 ਸਾਲ ਪੂਰੇ ਹੋ ਗਏ ਹਨ। ਇਸ ਦਿਨ ਦੇ ਵਿਰੋਧ ‘ਚ ਰਾਸ਼ਟਰੀ ਜਨਤਾ ਦਲ ਦੇ ਸਮਰਥਕਾਂ ਨੇ ਪੋਸਟਰਾਂ ਰਾਹੀਂ ਕੇਂਦਰ ਸਰਕਾਰ ‘ਤੇ ਵਿਅੰਗ ਕੱਸਿਆ ਹੈ। ਰਾਸ਼ਟਰੀ ਜਨਤਾ ਦਲ ਦੇ ਵਰਕਰਾਂ ਨੇ ਪੋਸਟਰਾਂ ਰਾਹੀਂ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਅਤੇ ਇਸ ਦੀਆਂ ਨੀਤੀਆਂ ‘ਤੇ ਨਿਸ਼ਾਨਾ ਸਾਧਿਆ ਅਤੇ ਨਰਿੰਦਰ ਮੋਦੀ ਦੇ ਸਹੁੰ ਚੁੱਕਣ ਵਾਲੇ ਦਿਨ ਨੂੰ ‘ਧਿਧਕਾਰ ਦਿਵਸ’ ਐਲਾਨਿਆ। ਪੋਸਟਰ ‘ਚ ਲਾਲੂ ਦੀ ਤਸਵੀਰ ਲਗਾਈ ਗਈ ਹੈ ਅਤੇ ਲਿਖਿਆ ਗਿਆ ਹੈ ਕਿ ਇਹ ਕਿਸ ਤਰ੍ਹਾਂ ਦੀ ਆਫਤ ਹੈ, ਦੇਸ਼ ‘ਚ ਅਣਐਲਾਨੀ ਐਮਰਜੈਂਸੀ ਹੈ। ਨਿਰਾਲਾ ਯਾਦਵ, ਜੋ ਕਿ ਰਾਜ ਦੀ ਜਨਰਲ ਸਕੱਤਰ ਹੈ, ਪੋਸਟਰ ਵਿੱਚ ਹੇਠਾਂ ਪਟੀਸ਼ਨਕਰਤਾਵਾਂ ਵਿੱਚ ਸ਼ਾਮਲ ਹੈ। ਓਮ ਪ੍ਰਕਾਸ਼ ਚੌਟਾਲਾ ਯਾਦਵ ਦੀ ਫੋਟੋ ਵਿਚਕਾਰ ਹੈ, ਪੋਸਟਰ ‘ਚ ਉਨ੍ਹਾਂ ਨੇ ਖੁਦ ਨੂੰ ਯੂਥ ਆਰਜੇਡੀ ਦਾ ਸਕੱਤਰ ਦੱਸਿਆ ਹੈ। ਜਦਕਿ ਸੱਜੇ ਪਾਸੇ ਅਰੁਣ ਭਾਈ ਜੋ ਕਿ ਸੂਬਾ ਜਨਰਲ ਸਕੱਤਰ ਹਨ ਦੀ ਫੋਟੋ ਚਿਪਕਾਈ ਹੋਈ ਹੈ। ਉੱਪਰ ਲਾਲੂ ਯਾਦਵ ਅਤੇ ਉਸਦੇ ਹੇਠਾਂ ਤੇਜਸਵੀ ਯਾਦਵ ਦੀਆਂ ਫੋਟੋਆਂ ਹਨ। ਇਸ ਪੋਸਟਰ ਰਾਹੀਂ ਆਰਜੇਡੀ ਪ੍ਰਧਾਨ ਮੰਤਰੀ ਦੇ 9 ਸਾਲ ਦੇ ਕਾਰਜਕਾਲ ਦਾ ਵਿਰੋਧ ਕਰ ਰਹੀ ਹੈ। ਪੋਸਟਰ ਰਾਹੀਂ ਆਰਜੇਡੀ ਵੱਲੋਂ ਮਹਿੰਗਾਈ ਅਤੇ ਬੇਰੁਜ਼ਗਾਰੀ ਦਾ ਮੁੱਦਾ ਉਠਾਇਆ ਗਿਆ ਹੈ।
ਪੋਸਟਰ ਦੇ ਅੰਦਰ ਲਿਖਿਆ ਹੈ ਕਿ ਮੋਦੀ ਸਰਕਾਰ ਨੇ ਏਅਰ ਇੰਡੀਆ ਸਮੇਤ ਕਈ ਸਰਕਾਰੀ ਕੰਪਨੀਆਂ ਨੂੰ ਵੇਚ ਦਿੱਤਾ ਹੈ। ਇਸ ਤੋਂ ਇਲਾਵਾ 21 ਕੰਪਨੀਆਂ ਦੀ ਸੂਚੀ ਵੀ ਦਿੱਤੀ ਗਈ ਹੈ, ਜੋ ਆਰਜੇਡੀ ਮੁਤਾਬਕ ਕੇਂਦਰ ਦੀ ਮੋਦੀ ਸਰਕਾਰ ਵੇਚਣ ਜਾ ਰਹੀ ਹੈ। ਨੌਜਵਾਨਾਂ ਪ੍ਰਤੀ ਹਮਦਰਦੀ ਦਿਖਾਉਂਦੇ ਹੋਏ ਇਸ ਪੋਸਟਰ ਵਿੱਚ ਆਰਜੇਡੀ ਸਵਾਲ ਪੁੱਛ ਰਿਹਾ ਹੈ, ‘ਤੁਹਾਡਾ ਇਰਾਦਾ ਕੀ ਹੈ? ਸਾਲ ਵਿੱਚ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਪਰ ਕੀ ਇਨ੍ਹਾਂ ਬੱਚਿਆਂ ਨੂੰ ਪਕੌੜੇ ਪਕਵਾਉਣ ਦਾ ਕੋਈ ਇਰਾਦਾ ਹੈ?
ਭਾਜਪਾ ਨੇ ਕਾਂਗਰਸ ਦੇ ਸਵਾਲਾਂ ਨੂੰ ਲੈ ਕੇ ਕੀਤੀ ਸਖਤ ਨਿੰਦਾ
ਭਾਜਪਾ ਦੇ ਨੌ ਸਾਲ ਪੂਰੇ ਹੋਏ ਹਨ ਅਤੇ ਦੂਜੇ ਬੰਨੇ ਕਾਂਗਰਸ ਪਾਰਟੀ ਨੇ ਮੋਦੀ ਸਰਕਾਰ ਦੇ ਇਨ੍ਹਾਂ 9 ਸਾਲਾਂ ਬਾਬਤ 9 ਸਵਾਲ ਪੁੱਛੇ ਹਨ। ਇਸ ਨੂੰ ਲੈ ਕੇ ਭਾਜਪਾ ਨੇ ਵੀ ਮੋੜਵੇਂ ਜਵਾਬ ਦਿੱਤੇ ਹਨ। ਭਾਜਪਾ ਨੇ ਕਾਂਗਰਸ ਦੀ ਇਨ੍ਹਾਂ ਸਵਾਲਾਂ ਨੂੰ ਲੈ ਕੇ ਸਖਤ ਨਿੰਦਾ ਕੀਤੀ ਹੈ। ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਇਹ ਸਵਾਲ ਝੂਠ ਦਾ ਵੱਡਾ ਪੁਲੰਦਾ ਹੈ। ਇਹ ਕਾਂਗਰਸ ਦੀ ਬੇਸ਼ਰਮੀ ਦਾ ਨਤੀਜਾ ਹੈ। ਪ੍ਰੈੱਸ ਕਾਨਫਰੰਸ ਕਰਦਿਆਂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਕਾਂਗਰਸ ਆਲੋਚਨਾ ਜਰੂਰ ਕਰੇ ਪਰ ਆਲੋਚਨਾ ਕਰਕੇ ਦੇਸ਼ ਦੇ ਅੰਦਰੂਨੀ ਸੰਕਲਪ ਨੂੰ ਕਮਜ਼ੋਰ ਨਾ ਕਰੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲੱਖਾਂ ਸੇਵਾਦਾਰਾਂ, ਡਾਕਟਰਾਂ, ਨਰਸਾਂ, ਸਵੀਪਰਾਂ, ਐਂਬੂਲੈਂਸ ਡਰਾਈਵਰਾਂ ਦਾ ਬਹੁਤ ਵੱਡਾ ਨਿਰਾਦਰ ਹੈ ਜਿਨ੍ਹਾਂ ਨੇ ਕੋਵਿਡ ਯੁੱਗ ਵਿੱਚ ਦੇਸ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਅੱਜ ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਹੈ। ਅੱਜ 16 ਹਜ਼ਾਰ ਕਰੋੜ ਰੁਪਏ ਦੀ ਰੱਖਿਆ ਬਰਾਮਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਮੋਬਾਈਲ ਬਣਾਉਣ ਵਾਲਿਆਂ ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਨਿਰਮਾਤਾ ਬਣ ਗਿਆ ਹੈ। ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਭਾਰਤ ਵਿੱਚ ਡਿਜੀਟਲ ਭੁਗਤਾਨ ਦਾ ਅੰਕੜਾ 10 ਬਿਲੀਅਨ ਡਾਲਰ ਹੈ। ਡਿਜੀਟਲ ਇੰਡੀਆ, ਡਿਜੀਟਲ ਪੇਮੈਂਟਸ, ਜੀਐਸਟੀ, ਮੋਬਾਈਲ ਨਿਰਮਾਣ, ਸੜਕਾਂ, ਹਵਾਈ ਅੱਡਾ, ਬਿਜਲੀ, ਕਿਸਾਨਾਂ ਦੀ ਗੱਲ ਹੋਵੇ, ਨੈਸ਼ਨਲ ਹਾਈਵੇ ਦੀ ਗੱਲ ਹੋਵੇ ਤਾ ਸਟਾਰਟਅੱਪ ਇੰਡੀਆ ਦੀ ਗੱਲ ਜਰੂਰ ਹੁੰਦੀ ਹੈ। ਅੱਜ ਭਾਰਤ ਵਿਕਾਸ ਦੇ ਹਰ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਪਰ ਜੇਕਰ ਕਾਂਗਰਸ ਨੂੰ ਇਹ ਸਭ ਨਜ਼ਰ ਨਹੀਂ ਆਉਂਦਾ ਤਾਂ ਕੋਈ ਕੀ ਕਰ ਸਕਦਾ ਹੈ।
ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ‘ਕਾਂਗਰਸ ਭ੍ਰਿਸ਼ਟਾਚਾਰ ‘ਤੇ ਸਵਾਲ ਪੁੱਛ ਰਹੀ ਹੈ, ਕਿਸਦੇ ਰਾਜ ‘ਚ 2ਜੀ ਘੁਟਾਲਾ, ਰਾਸ਼ਟਰਮੰਡਲ ਘੁਟਾਲਾ, ਆਦਰਸ਼ ਘੁਟਾਲਾ, ਬੋਫੋਰਸ, ਪੁਲਾੜ ਘੁਟਾਲਾ, ਹੈਲੀਕਾਪਟਰ ਘੁਟਾਲਾ ਹੋਇਆ ਹੈ। ਕਾਂਗਰਸ ਨੇ ਆਪਣੇ ਲਈ 4ਸੀ ਗਰੇਡਿੰਗ ਚੁਣੀ ਹੈ। ਉਨ੍ਹਾਂ ਕਿਹਾ ਕਿ ‘ਅਸੀਂ ‘ਪੰਚਤੱਤਵ’ ਦੀ ਗੱਲ ਕਰਦੇ ਹਾਂ, ਕਾਂਗਰਸ ਪਾਰਟੀ ਦੇ ਸਹਿਯੋਗੀਆਂ ਨੇ ‘ਪੰਚਤੱਤਵ’ ਰਾਸ਼ਟਰਮੰਡਲ ਖੇਡਾਂ ਘੁਟਾਲੇ, ਕੋਲਾ ਘੁਟਾਲੇ ਦੇ ਸਾਰੇ ਤੱਤਾਂ ‘ਚ ਭ੍ਰਿਸ਼ਟਾਚਾਰ ਹੈ। ਉਨ੍ਹਾਂ ਕਿਹਾ ਕਿ ‘ਕਾਂਗਰਸ ਰਾਸ਼ਟਰੀ ਸੁਰੱਖਿਆ ‘ਤੇ ਸਵਾਲ ਪੁੱਛ ਰਹੀ ਹੈ, ਉਹ ਵੀ ਚੀਨ ਦੇ ਸੰਦਰਭ ‘ਚ ਪਰ ਕਾਂਗਰਸ ਦੇ ਦੋਸਤੋ- ਭਾਰਤ ਦੀ ਜ਼ਮੀਨ ਕਾਂਗਰਸ ਸਰਕਾਰ ਕੋਲ ਗਈ ਹੈ।
ਮੋਦੀ ਸਰਕਾਰ ਦੇ 9 ਸਾਲਾਂ ਦੇ ਕੰਮਕਾਜ ਤੋਂ 73 ਫੀਸਦੀ ਲੋਕ ਖੁਸ਼
ਨਵੀਂ ਦਿੱਲੀ-ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਸੀ-ਵੋਟਰ ਵੱਲੋਂ ਕਰਵਾਏ ਗਏ ਆਲ ਇੰਡੀਆ ਇਕ ਸਰਵੇਖਣ ’ਚ ਘੱਟੋ-ਘੱਟ 73.02 ਫੀਸਦੀ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ 9 ਸਾਲ ਪਹਿਲਾਂ ਕਾਰਜਭਾਰ ਸੰਭਾਲਣ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੇ ਕੰਮਾਂ ਤੋਂ ਸੰਤੁਸ਼ਟ ਹਨ, ਜਦਕਿ 25.8 ਫੀਸਦੀ ਲੋਕ ਇਸ ਤੋਂ ਉਲਟ ਮਹਿਸੂਸ ਕਰਦੇ ਹਨ। 53.8 ਫੀਸਦੀ ਉੱਤਰਦਾਤਾਵਾਂ ਦਾ ਮੰਨਣਾ ਹੈ ਕਿ ਨਰਿੰਦਰ ਮੋਦੀ ਸ਼ਾਸਨ ਨੇ ਆਪਣੇ ਆਲੋਚਕਾਂ ਦੇ ਦੋਸ਼ਾਂ ਦੇ ਬਾਵਜੂਦ ਇਕ ਸਾਫ਼ ਅਤੇ ਭ੍ਰਿਸ਼ਟਾਚਾਰ ਮੁਕਤ ਅਕਸ ਬਣਾਈ ਰੱਖਿਆ ਹੈ। 37.3 ਫੀਸਦੀ ਉੱਤਰਦਾਤਾਵਾਂ ਨੂੰ ਇਸ ਦੇ ਉਲਟ ਲੱਗਦਾ ਹੈ ਜਦੋਂ ਕਿ 8.9 ਫੀਸਦੀ ਨੇ ਕਿਹਾ ਕਿ ਉਹ ਇਸ ਮੁੱਦੇ ’ਤੇ ਟਿੱਪਣੀ ਨਹੀਂ ਕਰ ਸਕਦੇ। ਸਰਵੇਖਣ ਮੁਤਾਬਕ ਪੇਂਡੂ ਖੇਤਰਾਂ ਤੋਂ 55.2 ਫੀਸਦੀ ਅਤੇ ਸ਼ਹਿਰੀ ਖੇਤਰਾਂ ਤੋਂ 50.5 ਫੀਸਦੀ ਲੋਕਾਂ ਨੇ ਆਪਣੀ ਵੋਟ ਪਾਈ। ਸਰਵੇਖਣ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ 54 ਫੀਸਦੀ ਔਰਤਾਂ ਅਤੇ 53.6 ਫੀਸਦੀ ਪੁਰਸ਼ ਮੋਦੀ ਸਰਕਾਰ ਦੀ ਸਾਫ਼-ਸੁਥਰੀ ਅਤੇ ਭ੍ਰਿਸ਼ਟਾਚਾਰ ਮੁਕਤ ਅਕਸ ਨੂੰ ਕਾਇਮ ਰੱਖਣ ਦੇ ਹੱਕ ’ਚ ਹਨ, ਜਦੋਂ ਕਿ 39.6 ਫੀਸਦੀ ਪੁਰਸ਼ ਅਤੇ 35 ਫੀਸਦੀ ਔਰਤਾਂ ਇਸ ਤੋਂ ਉਲਟ ਮਹਿਸੂਸ ਕਰਦੀਆਂ ਹਨ। ਸਰਵੇਖਣ ’ਚ ਇਹ ਵੀ ਕਿਹਾ ਗਿਆ ਹੈ ਕਿ ਮੁਸਲਿਮ ਭਾਈਚਾਰੇ ’ਚ 63.2 ਫੀਸਦੀ, ਈਸਾਈ ਭਾਈਚਾਰੇ ’ਚ 56.1 ਫੀਸਦੀ ਅਤੇ ਸਿੱਖ ਭਾਈਚਾਰੇ ਦੇ 51.7 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਮੋਦੀ ਸ਼ਾਸਨ ਨੇ ਪਿਛਲੇ 9 ਸਾਲਾਂ ’ਚ ਇਕ ਸਾਫ-ਸੁਥਰਾ ਅਤੇ ਭ੍ਰਿਸ਼ਟਾਚਾਰ ਮੁਕਤ ਅਕਸ ਨੂੰ ਬਰਕਰਾਰ ਨਹੀਂ ਰੱਖਿਆ ਹੈ।
ਤੁਹਾਡਾ ਪਿਆਰ ਮੈਨੂੰ ਹੋਰ ਕੰਮ ਕਰਨ ਦੀ ਦਿੰਦਾ ਹੈ ਤਾਕਤ-ਪੀਐਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜੋ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ 9 ਸਾਲਾਂ ਦੇ ਕਾਰਜਕਾਲ ਦੀ ਸ਼ਲਾਘਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਪਿਆਰ ਮਿਲਣਾ ਹਮੇਸ਼ਾ ਨਿਮਰਤਾ ਵਾਲਾ ਹੁੰਦਾ ਹੈ ਅਤੇ ਲੋਕਾਂ ਲਈ ਹੋਰ ਵੀ ਮਿਹਨਤ ਕਰਨ ਦਾ ਬਲ ਦਿੰਦਾ ਹੈ।ਪੀਐਮ ਮੋਦੀ ਨੇ ਟਵੀਟ ਕੀਤਾ, ‘ਸਵੇਰ ਤੋਂ ਮੈਂ #9YearsOfModiGovernment ‘ਤੇ ਬਹੁਤ ਸਾਰੇ ਟਵੀਟ ਦੇਖ ਰਿਹਾ ਹਾਂ, ਜਿਸ ਵਿੱਚ ਲੋਕ 2014 ਤੋਂ ਸਾਡੀ ਸਰਕਾਰ ਦੀ ਸਲਾਘਾ ਕਰ ਰਹੇ ਹਨ ਤੇ ਪਿਆਰ ਉਜਾਗਰ ਕਰ ਰਹੇ ਹਨ। ਅਜਿਹਾ ਪਿਆਰ ਮਿਲਣਾ ਮੈਨੂੰ ਹਮੇਸ਼ਾ ਨਿਮਰ ਬਣਾਉਂਦਾ ਹੈ ਅਤੇ ਇਹ ਮੈਨੂੰ ਲੋਕਾਂ ਲਈ ਹੋਰ ਵੀ ਸਖ਼ਤ ਮਿਹਨਤ ਕਰਨ ਦੀ ਤਾਕਤ ਦਿੰਦਾ ਹੈ।

Comment here