ਪ੍ਰਵਾਸੀ ਮਸਲੇਵਿਸ਼ੇਸ਼ ਲੇਖ

ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਘਰ ਵੇ..

ਕਪੂਰਥਲਾ ਦੇ ਮੁਹੱਬਤ ਨਗਰ ਤੋਂ ਦਰਦਾਂ ਦੀ ਬਾਤ ਪਾਉਂਦੀ  ਵਿਸ਼ੇਸ਼ ਰਿਪੋਰਟ

-ਅਮਨਦੀਪ ਹਾਂਸ 

ਉਹਨਾਂ ਦਾ ਵੀ ਤੂੰਈਓਂ ਰੱਬ ਏਂ

ਇਹਦਾ ਅੱਜ ਜੁਆਬ ਤਾਂ ਦੇਹ,

ਈਦਾਂ ਵਾਲੇ ਦਿਨ ਵੀ ਜਿਹਡ਼ੇ

ਕਰਨ ਦਿਹਾਡ਼ੀ ਜਾਂਦੇ ਨੇ।

ਜਿਹਨਾਂ ਦੇ ਗਲ ਲੀਰਾਂ ਪਈਆਂ,

ਉਹਨਾਂ ਵੱਲੇ ਤੱਕਦੇ ਨਈਂ,

ਕਬਰਾਂ ਉੱਤੇ ਤਿੱਲੇ ਜੜੀਆਂ,

ਚੱਦਰਾਂ ਚਾੜ੍ਹੀ ਜਾਂਦੇ ਨੇ..।

ਬਾਬਾ ਨਜ਼ਮੀ  ਸਾਹਿਬ ਦੀ ਇਹ ਹੂਕ ਆਰਥਿਕ, ਸਮਾਜਿਕ ਨਾਬਰਾਬਰੀ ਚ ਪਿਸਦੇ ਹਾਸ਼ੀਆਗਤ ਲੋਕਾਂ ਦਾ ਦਰਦ ਬਿਆਨਦੀ ਹੈ।ਸਮਾਂ ਬਦਲਦਾ ਹੈ, ਹਕੂਮਤਾਂ ਬਦਲਦੀਆਂ ਨੇ, ਪਰ ਹਾਸ਼ੀਆਗਤ ਲੋਕਾਂ ਦੇ ਹਾਲਾਤ ਆਖਰ ਕਿਉਂ ਨਹੀ ਬਦਲਦੇ? ਬਹੁਤ ਵੱਡਾ ਸਵਾਲ ਹੈ, ਜੀਹਦਾ ਜੁਆਬ ਤਾਂ ਨਹੀਂ ਮਿਲਦਾ, ਪਰ ਅਜਿਹੇ ਹਾਲਾਤਾਂ ਨਾਲ ਦੋ ਚਾਰ ਹੋ ਰਹੀ ਭਾਰਤ ਮਾਤਾ ਦੀ ਧੀ ਸੀਤਾ ਨਾਲ  ਮਿਲਦੇ ਹਾਂ.. ਕਰੋਨਾ ਕਾਲ ਚ ਲੌਕਡਾਊਨ ਦੌਰਾਨ ਘਰਾਂ ਚ ਤਡ਼ ਗਏ ਗੁਰਬਤ ਮਾਰੇ ਕਿਰਤੀਆਂ ਦਾ ਹਾਲ ਪੁੱਛਦਿਆਂ, ਕਪੂਰਥਲਾ ਦੇ ਮੁਹੱਬਤ ਨਗਰ ਚ ਭਈਆਂ ਵਾਲੇ ਕੁਆਟਰ ਵਜੋਂ ਜਾਣੀ ਜਾਂਦੀ ਇਕ ਇਮਾਰਤ ਚ ਇਸ ਪੰਜਾਹ ਕੁ ਸਾਲ ਦੀ ਦਰਦਾਂ ਨਾਲ ਪਿੰਜੀ ਕਿਰਤੀ ਬੀਬੀ ਨਾਲ ਮੁਲਾਕਾਤ ਹੋਈ। ਸੀਤਾ ਦੇ ਭਾਵਹੀਣ ਚਿਹਰੇ ਉੱਤੇ ਤਣੀ ਸੁੰਨੇਪਣ ਦੀ ਲੀਕ ਨੇ ਦਿਲ ਘੇਰ ਲਿਆ ਤਾਂ ਮੈਂ ਏਸ ਕਿਰਤੀ ਬੀਬੀ ਦੇ ਦਰਦਾਂ ਦੇ ਗਲੋਟੇ ਕੱਤਣ ਦੀ ਸੋਚ ਲਈ, ਹਿੰਦੀ ਉੱਤੇ ਭਾਰੂ ਪੈ ਚੁੱਕੀ ਪੰਜਾਬੀ ਚ ਗੱਲ ਕਰਦਿਆਂ ਸੀਤਾ ਨੇ ਦੱਸਿਆ ਕਿ ਉਹ ਕਰੀਬ ਤੀਹ ਸਾਲ ਪਹਿਲਾਂ ਯੂ ਪੀ ਦੇ ਸੁਲਤਾਨਪੁਰ ਜਿ਼ਲੇ ਤੋਂ ਰਾਮ ਨਰਾਇਣ ਨਾਲ ਚਾਈਂ ਚਾਈਂ ਵਿਆਹ ਕਰਵਾ ਕੇ ਪੰਜਾਬ ਆਈ ਸੀ, ਉਦੋਂ ਪੰਜਾਬ ਜਾਣ ਦਾ ਚਾਅ ਸੀ ਜਿਵੇਂ ਨਰਕ ਚੋਂ ਨਿਕਲ ਕਿਸੇ ਸਵਰਗ ਚ ਜਾਣਾ ਹੋਵੇ, ਮੈਂ ਫੀਲਿੰਗ ਲਈ ਕਿ ਬਿਲਕੁਲ ਮਾਲਵੇ ਦੇ ਟਿੱਬਿਆਂ ਚੋਂ ਨਿਕਲ ਨਿਆਗਰਾ ਫਾਲ ਉੱਤੇ ਜਾਣ ਵਰਗਾ ਅਹਿਸਾਸ ਹੋਵੇਗਾ ਸ਼ਾਇਦ ਸੀਤਾ ਦਾ ਵੀ ਉਦੋਂ..। ਰਾਮ ਨਰਾਇਣ ਕਪੂਰਥਲਾ ਸ਼ਹਿਰ ਚ ਰਿਕਸ਼ਾ ਚਲਾਉਂਦਾ ਸੀ, ਗੋਪਾਲ ਨਗਰ ਚ ਕਿਰਾਏ ਦੇ ਇਕ ਕਮਰੇ ਚ ਰਹਿੰਦਾ ਸੀ, ਸੀਤਾ ਆਈ ਤਾਂ ਚਾਵਾਂ ਵਾਲੀਆਂ ਤੰਦਾਂ ਇੱਕੋ ਝਟਕੇ ਨਾਲ ਟੁੱਟ ਗਈਆਂ, ਜਦੋਂ ਪਤਾ ਲਗਿਆ ਕਿ ਜੀਹਦੇ ਲਡ਼ ਲੱਗੀ ਹੈ, ਉਹ ਸਿਰੇ ਦਾ ਸ਼ਰਾਬੀ ਕਬਾਬੀ ਹੈ, ਚਰਿੱਤਰ ਪੱਖੋਂ ਵੀ ਸਹੀ ਨਹੀਂ, ਪਰ ਮਾਪਿਆਂ ਦੀ ਲਾਡਲੀ ਤੇ ਸੰਸਕਾਰੀ ਧੀ ਸੀਤਾ ਨੇ ਹਰ ਹਾਲ ਨਿਭਾਉਣ ਦੀ ਸੋਚੀ, ਉਹ ਪਿਛਾਂਹ ਵੀ ਨਹੀ ਜਾ ਸਕਦੀ ਸੀ, ਯੂ ਪੀ ਦਾ ਸੁਲਤਾਨਪੁਰ, ਕਪੂਰਥਲਾ ਦੇ ਸੁਲਤਾਨਪੁਰ ਜਿੰਨਾ ਨੇਡ਼ੇ ਥੋੜ੍ਹਾ ਸੀ? ਉਹ ਗੋਪਾਲ ਨਗਰ ਚ ਕੋਠੀਆਂ ਚ ਸਾਫ ਸਫਾਈ ਦਾ ਕੰਮ ਕਰਨ ਲੱਗੀ, ਇਕ ਘਰ 100 ਕੁ ਰੁਪਏ ਉਦੋਂ ਦਿੰਦਾ ਸੀ, ਤੀਹ ਸਾਲ ਪਹਿਲਾਂ ਦੀ ਗੱਲ ਹੈ। ਵਕਤ ਬੀਤਦਾ ਗਿਆ, ਦੋ ਦੋ ਸਾਲ ਦੀ ਵਿੱਥ ਤੇ ਤਿੰਨ ਮੁੰਡੇ ਹੋ ਗਏ, ਸ਼ਰਾਬੀ, ਝਗਡ਼ਾਲੂ ਪਤੀ ਨਾਲ ਜਿਵੇਂ ਕਿਵੇਂ ਦਿਨ ਕਟੀਆਂ ਕਰਦੀ ਗਈ, ਵਿਆਹ ਦੇ ਦਸ ਬਾਰਾਂ ਸਾਲ ਮਗਰੋਂ ਹੀ ਰਾਮ ਨਰਾਇਣ ਤਿੰਨਾਂ ਨਿੱਕੇ ਪੁੱਤਾਂ ਤੇ ਪਤਨੀ ਸੀਤਾ ਨੂੰ ਛੱਡ ਕੇ ਯੂ ਪੀ ਭੱਜ ਗਿਆ। ਸੀਤਾ ਦੱਸਦੀ ਦੱਸਦੀ ਕਿਸੇ ਖਾਲੀ ਖੂਹ ਚ ਉੱਤਰ ਗਈ, ਉਸਦੀ ਅੱਖ ਚ ਕੋਈ ਅੱਥਰੂ ਨਹੀਂ, ਚਿਹਰੇ ਤੇ ਕੋਈ  ਹਾਵ ਭਾਵ ਨਹੀਂ, ਬੱਸ ਸੁੰਨ ਪੱਸਰ ਗਈ। ਕੋਈ ਹੋਰ ਔਰਤ ਰੱਖ ਲਈ ਹੋਣੀ ਆ, ਜਦ ਮੈਂ ਪੁਛਿਆ,  ਤਾਂ ਸੀਤਾ ਬੋਲੀ- ਕੋਨੋ ਜਾਨੇ, ਉਸ ਕਾ ਦੀਨ ਈਮਾਨ, ਪਰ ਮੈਂ ਈਮਾਨ ਨਹੀਂ ਛੱਡਿਆ, ਆਪਣੇ ਬੱਚੇ ਪਾਲੇ, ਜਿੰਨਾ ਕੁ ਸਰਦਾ ਸੀ ਪੜ੍ਹਾਏ। ਇੱਜਤ ਦੀ ਕਮਾਈ ਕੀਤੀ। ਇਹੀ ਸੋਚਦੀ ਰਹੀ ਕਿ ਪੁੱਤ ਵੱਡੇ ਹੋ ਕੇ ਮੇਰਾ ਸਾਰਾ ਦਰਦ ਧੋ ਦੇਣਗੇ। ਸੀਤਾ ਨੇ ਗੋਪਾਲ ਨਗਰ ਤੋਂ ਰਿਹਾਇਸ਼ ਬਦਲ ਕੇ ਮੁਹੱਬਤ ਨਗਰ ਚ ਇਕ ਕੁਆਟਰ ਚ ਕਰ ਲਈ, ਜਿਥੇ ਉਸ ਵਰਗੇ ਦਰਜਨ ਦੇ ਕਰੀਬ ਪਰਵਾਸੀ ਪਰਿਵਾਰ ਰਹਿੰਦੇ ਨੇ। ਹਨੇਰੇ ਸਲਾਬੇ ਕਮਰੇ, ਦੋ ਖਸਤਾਹਾਲ ਬਾਥਰੂਮ, ਦੋ ਖਸਤਾਹਾਲ ਪਖਾਨੇ, ਭਿਣਭਿਣਾਉਂਦੀਆਂ ਮੱਖੀਆਂ, ਬਦਬੂ, ਲੀਕ ਕਰਦਾ ਪਾਣੀ, ਇਹੀ ਇਹਨਾਂ ਦੀ ਦੁਨੀਆ ਹੈ। ਦੋ ਨਿੱਕੇ ਕਮਰਿਆਂ ਦਾ ਕਿਰਾਇਆ 25 ਸੌ ਰੁਪਏ ਭਰਦੀ ਹੈ, ਬਿਜਲੀ ਦਾ ਬਿੱਲ 1500-5000 ਰੁਪਏ ਤੱਕ ਵੀ ਮਹੀਨੇ ਦਾ ਆ ਜਾਂਦਾ ਹੈ, ਪਾਣੀ ਦਾ 315 ਰੁਪਏ ਮਹੀਨਾ। ਅੱਜ ਪੰਜਾਹ ਕੁ ਸਾਲ ਦੀ ਸੀਤਾ ਚਾਰ ਘਰਾਂ ਚ ਕੰਮ ਕਰਦੀ ਹੈ, ਪੰਜ ਕੁ ਹਜਾ਼ਰ ਰੁਪਏ ਕਮਾਉਂਦੀ ਹੈ। ਸਾਡੇ ਇਥੇ ਪੰਜਾਹ ਰੁਪਏ ਕਿੱਲੋ ਦੁੱਧ ਵਿਕਦਾ ਹੈ, ਸੀਤਾ ਹਰ ਰੋਜ਼ ਦਸ ਰੁਪਏ ਦਾ ਦੁੱਧ ਲੈਂਦੀ ਹੈ। ਮੰਡੀ ਦੀ ਲਿਸ਼ਕਵੀਂ ਦੁਨੀਆ ਦਾ ਹਿੱਸਾ ਟੈਲੀਵਿਜ਼ਨ ਤੇ ਇਸ਼ਤਿਹਾਰ ਚਲਦਾ ਹੈ, ਮਹਿਲਾਏਂ ਚਾਲੀਸ ਕੇ ਬਾਅਦ ਕੈਲਸ਼ੀਅਮ ਦੀ ਅਧਿਕਤਮ ਮਾਤਰਾ ਲੇਂ, ਬੋਨਜ਼ ਡੈਨਿਸਟੀ ਕੇ ਲੀਏ .. ਸੀਤਾ ਵਰਗੀਆਂ ਲੱਖਾਂ ਕਿਰਤੀ ਔਰਤਾਂ ਦੇ ਸਾਰੇ ਹੱਡ ਕਿਰਤ ਚ ਖਰਦੇ ਨੇ, ਸਾਰਾ ਲਹੂ ਕਿਰਤ ਚ ਵਹਿੰਦਾ ਹੈ, ਪਰ ਫੇਰ ਵੀ ਕੈਲਸ਼ੀਅਮ ਤਾਂ ਦੂਰ ਚਾਹ ਦਾ ਰੰਗ ਬਦਲਣ ਲਈ ਦੁੱਧ ਵੀ ਦਸ ਰੁਪਏ ਦਾ ਹੀ ਲੈ ਸਕਦੀਆਂ ਨੇ।

ਰੱਬ ਤਾਂ ਇੱਕ ਹੀ ਹੈ ਸ਼ਾਇਦ..

??

ਸੀਤਾ ਦੀ ਆਮ ਤੋਰੇ ਤੁਰਦੀ ਜ਼ਿੰਦਗੀ ਚ ਕਿਸਮਤ ਨੇ ਤਾਂ ਅਜੇ ਜਲਵੇ ਦਿਖਾਉਣੇ ਸੀ। ਦੋ ਪੁੱਤ ਨਸ਼ੇ ਚ ਪੈ ਗਏ, ਚਿੱਟੇ ਨੇ ਕਾਬੂ ਕਰ ਲਏ, ਜੋ ਵੀ ਕਮਾਈ ਹੁੰਦੀ ਨਸ਼ੇ ਦੀ ਭੇਟ ਚੜ੍ਹਨ ਲੱਗੀ, ਦਸਵੀਂ ਪਾਸ ਵੱਡਾ ਮੁੰਡਾ ਰਾਜੇਸ਼ ਸਾਲ 2015 ਚ ਚਿੱਟੇ ਨੇ ਚੱਟ ਲਿਆ, ਉਹਨੂੰ ਸ਼ਾਇਦ ਟੀਬੀ ਵੀ ਹੋ ਗਈ ਸੀ। ਉਹ ਕਦੇ ਸਿਲੰਡਰ ਵੇਚ ਦਿੰਦਾ, ਕਦੇ ਕਣਕ ਵੇਚ ਦਿੰਦਾ, ਕਦੇ ਕੋਈ ਹੋਰ ਸਮਾਨ ਵੇਚ ਕੇ ਨਸ਼ਾ ਪੂਰਾ ਕਰਦਾ। ਉਹਦੀ ਮੌਤ ਹੋਈ, ਸਸਕਾਰ ਲਈ ਬਾਲਣ ਤੇ ਹੋਰ ਖਰਚਾ ਕਰਨ ਲਈ ਸੀਤਾ ਨੇ ਜਿਹਨਾਂ ਘਰਾਂ ਚ ਕੰਮ ਕਰਦੀ ਸੀ ਉਥੋਂ ਉਧਾਰ ਪੈਸਾ ਲਿਆ, ਤੇ ਪੁੱਤ ਦਾ ਸਿਵਾ ਠੰਡਾ ਹੋਣ ਤੋਂ ਪਹਿਲਾਂ ਕੰਮ ਤੇ ਵਾਪਸ ਜਾ ਕੇ ਉਹ ਉਧਾਰ ਚੁਕਾਇਆ। ਗੁਰਬਤ ਮਾਰਿਆਂ ਕੋਲ ਨਾ ਖੁਸ਼ੀ ਹੰਢਾਉਣ ਲਈ ਵਕਤ ਹੁੰਦਾ ਤੇ ਨਾ ਗਮ ਹੰਢਾਉਣ ਲਈ, ਢਿੱਡ ਤੋਂ ਵੱਧ ਇਥੇ ਕੁਝ ਨਹੀਂ। ਸੀਤਾ ਜਵਾਨ ਪੁੱਤ ਦੀ ਮੌਤ ਨੂੰ ਪੰਜਾਬ ਦੀਆਂ ਹਜਾਰਾਂ ਮਾਂਵਾਂ ਵਾਂਗ ਢਿੱਡ ਚ ਗੰਢਾਂ ਦੇ ਕੇ ਜ਼ਿੰਦਗੀ ਦੇ ਗੇਡ਼ ਗੇਡ਼ਨ ਤੁਰ ਪਈ। ਉਹ ਨਹੀਂ ਸੀ ਜਾਣਦੀ ਕਿ ਦੂਜੇ ਨੰਬਰ ਵਾਲਾ ਸੁਰੇਸ਼ ਵੀ ਵੱਡੇ ਦੀ ਰਾਹ ਤੇ ਹੈ। ਸੱਤਵੀਂ ਪਾਸ ਸੁਰੇਸ਼ ਕਲੀਨਰੀ ਕਰਦਾ, ਜਿਹੜਾ ਵੀ ਨਸ਼ਾ ਮਿਲਦਾ, ਕਰ ਲੈਂਦਾ। ਘਰ ਚ ਇਕ ਧੇਲਾ ਵੀ ਕਮਾਈ ਦਾ ਨਹੀਂ ਦਿੱਤਾ। ਸੀਤਾ ਸਮਝਾਉਣ ਦੀ ਕੋਸ਼ਿਸ਼ ਕਰਦੀ, ਰਾਜੇਸ਼ ਦੀ ਮੌਤ ਦਾ ਵਾਸਤਾ ਦੇ ਕੇ ਸੁਰੇਸ਼ ਨੂੰ ਮੋਡ਼ਨ ਦਾ ਯਤਨ ਕਰਦੀ, ਪਰ ਹਾਰਦੀ ਰਹੀ। ਅਕਤੂਬਰ 2017 ਚ ਮਸੀਤ ਚੌਕ ਕੋਲ ਕੋਈ ਅਣਪਛਾਤਾ ਵਾਹਨ ਸੁਰੇਸ਼ ਨੂੰ ਫੇਟ ਮਾਰ ਗਿਆ, ਉਸ ਦਾ ਚੂਲਾ ਟੁੱਟ ਗਿਆ। ਘਰ ਨਜ਼ਦੀਕ ਹੋਣ ਕਰਕੇ ਰਾਹਗੀਰ ਘਰ ਛੱਡ ਆਏ, ਸੀਤਾ ਕੰਮ ਤੋਂ ਵਾਪਸ ਗਈ ਤਾਂ ਦਰਦ ਨਾਲ ਕਰਾਹੁੰਦੇ ਪੁੱਤ ਨੂੰ ਸਰਕਾਰੀ ਹਸਪਤਾਲ ਲੈ ਕੇ ਗਈ, ਡਾਕਟਰਾਂ ਨੇ ਮਾਡ਼ੀ-ਮੋਟੀ ਦਵਾ ਦਾਰੂ ਕਰਕੇ ਘਰੇ ਤੋਰ ਦਿਤਾ ਕਿ ਇਹਦਾ ਕੁਝ ਨਹੀਂ ਹੋ ਸਕਦਾ, ਘਰ ਲਿਜਾ ਕੇ ਸੇਵਾ ਕਰੋ। ਬੇਗਾਨੀਂ ਥਾਂ ਤੇ ਇਕੱਲੀ ਤੀਵੀਂ ਦੀ ਕੀ ਵੁੱਕਤ..? ਸੀਤਾ ਪੰਜਾਬੀ ਬੋਲੀ ਦੇ ਡੂੰਘੇ ਅਰਥ ਵੀ ਜਾਣਨ ਲੱਗ ਗਈ ਹੈ, ਪਰ ਫੇਰ ਵੀ ਪੰਜਾਬ ਦੇ ਸਿਆਸੀ ਤੇ ਸਮਾਜਿਕ ਸਿਸਟਮ ਨੇ ਉਹਨੂੰ ਅਪਣਾਇਆ ਨਹੀਂ ਸ਼ਾਇਦ.. ਲਹੂ ਪਸੀਨਾ ਡੋਲਣ ਨਾਲ ਬੇਗਾਨੀ ਮਿੱਟੀ ਆਪਣੀ ਥੋੜ੍ਹਾ ਬਣ ਜਾਂਦੀ ਐ..? ਸੀਤਾ ਗੱਲ ਕਰਦੀ ਕਰਦੀ ਪਹਿਲੀ ਵਾਰ ਭਾਵੁਕ ਜਿਹੀ ਹੋਈ, ਮੈਲੀ ਜਿਹੀ ਚੁੰਨੀ ਨਾਲ ਅੱਖਾਂ ਪੂੰਝ ਕੇ ਬੋਲੀ ਕਿ ਮੈਂ ਬਿੱਟੂ ਭਾਅਜੀ ਦੇ ਘਰੇ ਕੰਮ ਕਰਦੀ ਸੀ ਤਾਂ ਉਹ ਸੁਰੇਸ਼ ਨੂੰ ਫੇਰ ਹਸਪਤਾਲ ਲੈ ਕੇ ਗਏ, ਡਾਕਟਰਾਂ ਨੂੰ ਇਲਾਜ ਲਈ ਅਪਰੇਸ਼ਨ ਲਈ ਕਹਿੰਦੇ ਰਹੇ, ਪਰ ਡਾਕਟਰਾਂ ਨੇ ਨਹੀਂ ਸੁਣਿਆ, ਸਾਨੂੰ ਫੇਰ ਘਰੇ ਤੋਰ ਦਿੱਤਾ, ਬਿੱਟੂ ਭਾਅ ਜੀ ਜਲੰਧਰ ਵੀ ਲੈ ਕੇ ਗਏ, ਓਥੇ ਡਾਕਟਰਾਂ ਨੇ ਐਕਸਰੇ ਕੀਤੇ ਤੇ ਅਪਰੇਸ਼ਨ ਲਈ ਲੱਖ ਸਵਾ ਲੱਖ ਦਾ ਖਰਚਾ ਦੱਸਿਆ, ਪਰ ਕੋਈ ਚਾਰਾ ਨਾ ਚਲਿਆ, ਮੈਂ ਏਨੀ ਰਕਮ ਦਾ ਇੰਤਜ਼ਾਮ ਨਾ ਕਰ ਸਕੀ ਤੇ ਫੇਰ ਮੁੰਡੇ ਨੂੰ ਘਰੇ ਲੈ ਆਏ। ਭਾਅਜੀ ਦਾ ਪਰਿਵਾਰ ਬਹੁਤ ਮਦਦ ਕਰਦਾ, ਕੱਪਡ਼ੇ ਵੀ ਉਹੀ ਦਿੰਦੇ ਨੇ, ਸਾਨੂਂੰ ਮਾਂ ਪੁੱਤਾਂ ਨੂੰ , ਗੈਸ ਕੁਨੈਕਸ਼ਨ ਵੀ ਲੈ ਕੇ ਦਿੱਤਾ, ਪਹਿਲਾਂ ਬਲੈਕ ਚ ਹਜ਼ਾਰ ਬਾਰਾਂ ਸੌ ਦਾ ਸਿਲੰਡਰ ਲੈਂਦੀ ਸੀ, ਹੁਣ ਤਿੰਨ ਚਾਰ ਸੌ ਰੁਪਏ ਬਚ ਜਾਂਦੇ ਨੇ। ਨੀਲਾ ਕਾਰਡ ਵੀ ਬਣਿਆ ਸੀ ਬਾਦਲ ਸਰਕਾਰ ਵੇਲੇ, ਇਕ ਮੋਹਤਬਰ ਦੇ ਘਰ ਕੰਮ ਕਰਨਾ ਛੱਡ ਦਿੱਤਾ ਤਾਂ ਉਹਨੇ ਕਾਰਡ ਕਟਵਾ ਦਿੱਤਾ, ਮੁਡ਼ ਨਹੀਂ ਬਣਿਆ। ਬਿੱਟੂ ਭਾਅ ਜੀ ਨੇ ਕੋਸ਼ਿਸ਼ ਕੀਤੀ ਸੀ ਪਰ ਉਸ ਮੋਹਤਬਰ ਨੇ ਦੋ ਟੁਕ ਸ਼ਬਦਾਂ ਚ ਕਿਹਾ ਕਿ ਇਹਨਾਂ ਭਈਆਂ ਨੇ ਸਾਡੇ ਬੰਦੇ ਨੂੰ ਵੋਟ ਨਹੀਂ ਪਾਈ, ਕਾਰਡ ਨਹੀਂ ਬਣਨਾ। ਬਿੱਟੂ ਵਰਗਾ ਇਕੱਲਾ ਭੱਦਰਪੁਰਸ਼ ਬਾਘਡ਼ ਬਿੱਲਿਆਂ ਨਾਲ ਕਿਵੇਂ ਭਿਡ਼ ਸਕਦਾ ਹੈ? ਸੀਤਾ ਵਾਰ ਵਾਰ ਬਿੱਟੂ ਭਾਅਜੀ ਦਾ ਜਿ਼ਕਰ ਕਰਦੀ ਤਾਂ ਸਾਨੂੰ ਆਪਣੇ ਉਹਨਾਂ ਲੋਕਾਂ ਦੀ ਸੋਚ ਤੇ ਸ਼ਰਮ ਆਈ, ਜਿਹਨਾਂ ਲਈ ਸੀਤਾ ਵਰਗੇ ਲੋਕ ਭਈਏ ਨੇ, ਅਸੀਂ ਬੇਸ਼ੱਕ ਇਹਨਾਂ ਲਈ ਭਾਅ ਜੀ ਹੋ ਗਏ। ਬੇਗਾਨਗੀ ਦਾ ਇਦੂੰ ਵੱਡਾ ਕੀ ਸਬੂਤ ਹੋਊ? ਸੀਤਾ ਦਾ ਮੁੰਡਾ ਸੁਰੇਸ਼  ਮੰਜੇ ਤੇ ਹੋਣ ਕਰਕੇ ਉਹਦਾ ਨਸ਼ਾ ਛੁੱਟ ਗਿਆ । ਮਾਂ ਹਰ ਰੋਜ਼ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਨਸ਼ਾ ਛੱਡਣ ਲਈ ਦਵਾਈ ਲੈ ਕੇ ਦਿੰਦੀ ਰਹੀ। ਮੁਂਡੇ ਦਾ ਹੱਡ ਜੁਡ਼ ਗਿਆ, ਪਰ ਲੱਤ ਦੂਜੀ ਤੋਂ ਗਿੱਠ ਦੇ ਕਰੀਬ ਛੋਟੀ ਹੋ ਗਈ, ਉਹ ਵੱਧ ਤੋਂ ਵੱਧ ਚਾਰ ਪੰਜ ਕਦਮ ਹੀ ਤੁਰ ਸਕਦਾ ਹੈ, ਫੇਰ ਬੇਤਹਾਸ਼ਾ ਦਰਦ ਹੁੰਦਾ ਹੈ, 24 ਸਾਲਾ ਸੁਰੇਸ਼ ਕੰਮ ਕਰਨ ਜੋਗਾ ਨਹੀ ਰਿਹਾ। ਨਸ਼ੇ ਚ ਗਾਲੇ ਸਮੇਂ ਉੱਤੇ ਪਛਤਾਉਂਦਾ ਵੀ ਹੈ। ਸੋਚਦਾ ਹੈ, ਕੋਈ ਅਪਰੇਸ਼ਨ ਕਰਵਾ ਦੇਵੇ ਤਾਂ ਬੁੱਢੀ ਹੋ ਰਹੀ ਮਾਂ ਨੂੰ ਕੰਮ ਨਹੀਂ ਕਰਨ ਦਿੰਦਾ, ਸੇਵਾ ਕਰੂੰ। ਉਹ ਰੋ ਪੈਂਦਾ ਹੈ।ਸੀਤਾ ਦਾ ਛੋਟਾ ਮੁੰਡਾ ਨੌਵੀਂ ਪਾਸ ਹੈ ਮੁਕੇਸ਼, ਸਿਰੇ ਦਾ ਸਿੱਧਾ, ਸ਼ਰੀਫ, ਬੇਹੱਦ ਡਰੂ, ਕਾਰਾਂ ਤੇ ਫੁੱਲਾਂ ਦੀ ਸਜਾਵਟ ਕਰਨ ਵਾਲਿਆਂ ਨਾਲ ਕੰਮ ਕਰਦਾ ਹੈ, ਜਦ ਸੀਜ਼ਨ ਹੁੰਦਾ ਹੈ ਤਾਂ ਉਹ ਸੌ ਸਵਾ ਸੌ ਰੁਪਿਆ ਦਿਹਾਡ਼ੀ ਦਾ ਕਮਾ ਲੈਂਦਾ ਹੈ, ਹੁਣ ਲੌਕਡਾਊਨ ਕਾਰਨ ਕਰੀਬ ਡੂਢ ਮਹੀਨੇ ਤੋਂ ਵਿਹਲਾ ਹੀ ਹੈ। ਭਰਾ ਦਾ ਅਪਰੇਸ਼ਨ ਕਰਵਾਉਣ ਲਈ ਜੋਡ਼ ਘਟਾਓ ਕਰਦਾ ਹੈ, ਪਰ ਇਹ ਵੀ ਗੁਰਬਤ ਮਾਰਿਆਂ ਦੇ ਹਿੱਸੇ ਕਿਥੇ ਆਉਂਦਾ ਹੈ, ਬਾਹਰੀ, ਪਰਵਾਸੀ ਹੋਣ ਕਰਕੇ ਕੋਈ ਇਤਬਾਰ ਵੀ ਨਹੀਂ ਕਰਦਾ ਕਿ ਉਧਾਰ ਹੀ ਦੇ ਦਏ। ਸੁਰੇਸ਼ ਦੇ ਅਪਰੇਸ਼ਨ ਤੇ ਅੱਜ ਖਰਚਾ  ਡੂਢ ਕੁ ਲੱਖ ਦਾ ਹੋ ਜਾਊ ਸ਼ਾਇਦ, ਅਸੀਂ ਗਿਣਤੀ ਮਿਣਤੀ ਕਰਨ ਲੱਗੇ। ਬੱਸ ਮੇਰਾ ਪੁੱਤ ਪੈਰਾਂ ਤੇ ਤੁਰ ਪਵੇ, ਇਹ ਕਹਿ ਕੇ, ਸੀਤਾ ਖਾਮੋਸ਼ ਹੋ ਗਈ ਤੇ ਇਕ ਆਸ ਜਿਹੀ ਚ ਸਾਡੇ ਚਿਹਰੇ ਫਰੋਲਣ ਲੱਗੀ ਕਿ ਸ਼ਾਇਦ ਕੋਈ ਫਰਿਸ਼ਤਾ ਸਾਰੇ ਦੁੱਖ ਚੂਸ ਕੇ ਲੈ ਜਾਊ.. । ਸੀਤਾ ਯੂ ਪੀ ਜਾਣ ਨੂੰ ਦਿਲ ਨਹੀਂ ਕਰਦਾ? ਮੈੰ ਗੱਲ ਦਾ ਰੁਖ ਬਦਲ ਕੇ ਪਰਵਾਸ ਵਾਲੇ ਦਰਦਾਂ ਭਰੇ ਫੋਡ਼ੇ ਨੂੰ ਫੇਹ ਬੈਠੀ — ਉਹ ਭੁੱਬੀਂ ਰੋ ਪਈ.. ਹਟਕੋਰਿਆਂ ਚੋਂ ਬੱਸ ਇਹੀ ਸੁਣਿਆ– ਤੀਹ ਸਾਲ ਹੋ ਗਏ, ਭੈਣਾਂ ਭਰਾਵਾਂ ਦਾ ਮੂੰਹ ਨਹੀਂ ਵੇਖਿਆ, ਮਾਪੇ ਤੁਰ ਗਏ, ਕੋਈ ਮੇਰੀ ਰਾਖ ਈ ਓਥੇ ਲੈ ਜਾਏ ਬੱਸ.. ਸੀਤਾ ਦੇ ਹਉਕੇ ਅੱਜ ਵੀ ਮੇਰਾ ਪਿੱਛਾ ਕਰਦੇ ਨੇ..

ਪਰਵਾਸ ਚੰਗੇ ਭਵਿੱਖ ਲਈ ਆਲਣਿਆਂ ਚੋਂ ਮਾਰੀ ਉਡਾਰੀ ਦਾ ਨਾਮ, ਪਰ ਸੀਤਾ ਵਰਗੇ ਪਤਾ ਨਹੀਂ ਕਿੰਨੇ ਲੋਕ ਨੇ ਜਿਹਨਾਂ ਲਈ ਨਾ ਜੰਮਣ ਭੋਇੰ ਚ ਸੁਖ,  ਨਾ ਕਰਮ ਭੋਇੰ ਚ ਸਕੂਨ..

ਰੱਬ ਤਾਂ ਵੈਸੇ ਇਕ ਹੀ ਐ, ਫੇਰ ਸੀਤਾ ਵਰਗੀਆਂ ਧੀਆਂ ਦੇ ਡੋਰੀਏ ਮਹਿਲਾਂ ਚ ਚਾਵਾਂ ਨਾਲ ਉੱਡਣ ਦੀ ਥਾਂ ਪੋਚਿਆਂ ਜੋਗੇ ਕਿਉਂ ?

ਇਹ ਵਿਤਕਰਾ, ਇਹ ਨਾਬਰਬਾਰੀ ਕੀਹਦੇ ਨਾਮ ਕਰੀਏ..?

ਸਵਾਲ ਤਾਂ ਬਹੁਤ ਨੇ, ਜੁਆਬ ਕੋਈ ਨਹੀਂ…

ਕੁਝ ਮਦਦਗਾਰਾਂ ਦੀ ਮਦਦ ਨਾਲ ਸੁਰੇਸ਼ ਦਾ ਅਪਰੇਸ਼ਨ ਕਰਵਾ ਦਿੱਤਾ ਗਿਆ ਹੈ ਤੇ ਰੁਜ਼ਗਾਰ ਲਈ ਈਰਿਕਸ਼ਾ ਵੀ ਲੈ ਦਿੱਤਾ ਗਿਆ ਹੈ, ਚਲੋ ਪੰਜਾਬੋ ਮਾਂ ਦੇ ਧੀਆਂ ਪੁੱਤਾਂ ਨੇ ਆਪਣੀ ਮਿੱਟੀ ਚ ਲਹੂ ਪਸੀਨਾ ਡੋਲਣ ਵਾਲੇ ਇੱਕ ਪਰਿਵਾਰ ਦਾ ਤਾਂ ਕੁਝ ਕਰਜ਼ ਮੋੜਿਆ।

Comment here