ਚੰਡੀਗੜ੍ਹ- ‘ਆਪ’ ਦੇ 10 ਵਿਧਾਇਕਾਂ ਨੇ ਕੱਲ੍ਹ ਪੰਜਾਬ ਦੇ ਮੰਤਰੀ ਵਜੋਂ ਸਹੁੰ ਚੁੱਕੀ। ਇੱਥੇ ਪੰਜਾਬ ਭਵਨ ਵਿਖੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਇਨ੍ਹਾਂ ਵਿੱਚੋਂ ਅੱਠ ਪਹਿਲੀ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਪੰਜਾਬੀ ਵਿੱਚ ਸਹੁੰ ਚੁੱਕੀ। ਪੰਜਾਬ ਰਾਜ ਭਵਨ ਦੇ ਕੰਪਲੈਕਸ ਵਿਚ ਨਵੇਂ ਬਣੇ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਚ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿਚ ਹਲਫ਼ ਲੈਣ ਵਾਲੇ ਕੈਬਨਿਟ ਮੰਤਰੀਆਂ ਵਿਚ ਦ੍ਰਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ, ਮਲੋਟ ਤੋਂ ਵਿਧਾਇਕ ਡਾ. ਬਲਜੀਤ ਕੌਰ, ਜੰਡਿਆਲਾ ਤੋਂ ਵਿਧਾਇਕ ਹਰਭਜਨ ਸਿੰਘ ਈ.ਟੀ.ਓ., ਮਾਨਸਾ ਤੋਂ ਵਿਧਾਇਕ ਡਾ. ਵਿਜੇ ਸਿੰਗਲਾ, ਭੋਆ ਤੋਂ ਵਿਧਾਇਕ ਲਾਲ ਚੰਦ, ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਪੱਟੀ ਤੋਂ ਵਿਧਾਇਕ ਲਾਲਜੀਤ ਸਿੰਘ ਭੁੱਲਰ, ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਸ਼ਾਮਲ ਹਨ। ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਪ੍ਰੋ-ਟੈੱਮ ਸਪੀਕਰ ਡਾ. ਇੰਦਰਬੀਰ ਸਿੰਘ ਨਿੱਜਰ ਵੀ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਨਵੇਂ ਚੁਣੇ ਆਪ ਵਿਧਾਇਕ, ਪੰਜਾਬ ਭਰ ਤੋਂ ਸੀਨੀਅਰ ਪਾਰਟੀ ਲੀਡਰ, ਵਰਕਰ ਅਤੇ ਵਾਲੰਟੀਅਰ ਅਤੇ ਵੱਖ-ਵੱਖ ਖੇਤਰ ਦੀਆਂ ਸ਼ਖਸੀਅਤਾਂ ਹਾਜ਼ਰ ਸਨ।
Comment here