ਮਨੋਰੰਜਨਵਿਸ਼ੇਸ਼ ਲੇਖ

ਮਾਨਵੀ ਰਿਸ਼ਤਿਆਂ ਦੀ ਜ਼ਮੀਰ ਨੂੰ ਟੁੰਬਣ ਵਾਲਾ ਕਹਾਣੀਕਾਰ : ਖਵਾਜਾ ਅਹਿਮਦ ਅੱਬਾਸ

-ਗੁਰਬਚਨ
ਵੰਡ ਤੋਂ ਬਾਅਦ ਲਾਹੌਰ ’ਚ ਫ਼ਿਲਮਾਂ ਬਨਾਣ ਵਾਲੇ ਇਸ ਮਹਾਂਨਗਰ ’ਚ ਵਹੀਰਾਂ ਘਤ ਕੇ ਪਹੁੰਚ ਗਏ। ਚਿਰ ਪਹਿਲਾਂ ਪ੍ਰਿਥਵੀਰਾਜ ਕਪੂਰ ਨੇ ਨਾਟਕ ਕੰਪਨੀ ਪ੍ਰਿਥਵੀ ਥੇਟਰਜ਼ ਖੋਲ੍ਹ ਰੱਖੀ ਸੀ। ਉਹਦੇ ਵੱਡੇ ਮੁੰਡੇ ਰਣਧੀਰ ਰਾਜ ਕਪੂਰ ਨੇ ਨਿਰਦੇਸ਼ਕ ਕਿਦਾਰ ਸ਼ਰਮਾ ਦੀ ਨਿਗਰਾਨੀ ਹੇਠ ਨਿਰਦੇਸ਼ਕੀ ਕਸਬ ਸਿਖਣਾ ਸ਼ੁਰੂ ਕਰ ਦਿੱਤਾ ਸੀ। ਰਾਜ ਕਪੂਰ ਨੇ ਪਹਿਲੀ ਫ਼ਿਲਮ ‘ਆਗ’ ਬਣਾਈ ਸੀ।
ਖਵਾਜਾ ਅਹਿਮਦ ਅੱਬਾਸ ਅਤੇ ਰਾਜ ਕਪੂਰ।
ਇਹ 1950-65 ਦੀਆਂ ਗੱਲਾਂ ਹਨ ਜਦੋਂ ਮੁੰਬਈ ਤਰੱਕੀਪਸੰਦ ਤਹਿਰੀਕ ਦੀ ਰਾਜਧਾਨੀ ਬਣਿਆ ਹੋਇਆ ਸੀ। ਬਲਰਾਜ ਸਾਹਨੀ ਲੰਡਨ ਬੀ ਬੀ ਸੀ ’ਤੇ ਖ਼ਬਰਾਂ ਪੜ੍ਹਦਾ ਮੁੰਬਈ ਪੁੱਜ ਚੁੱਕਾ ਸੀ।
ਉਦੋਂ, ਦੂਜੀ ਆਲਮੀ ਜੰਗ ਤੋਂ ਬਾਅਦ, ਹੌਲੀਵੁੱਡ ਨੂੰ ਛੱਡ ਕੇ ਦੁਨੀਆਂ ਭਰ ਦੇ ਦੇਸਾਂ ਅੱਗੇ ਸੁਆਲ ਸੀ : ਮਨੁੱਖ ਨੂੰ ਬਰਬਾਦੀ ਅਤੇ ਬਰਬਰਤਾ ਦੇ ਰਾਹ ਤੋਂ ਕਿਵੇਂ ਬਚਾਇਆ ਜਾਵੇ। ਬਰਬਰਤਾ ਦੀ ਜੜ੍ਹ ਪੂੰਜੀ ਤੰਤਰ ਸੀ। ਇਹ ਪੂੰਜੀ ਤੰਤਰ ਸੋਵੀਅਤ ਰੂਸ ਦੀ ਵਿਚਾਰਧਾਰਾ ਤੋਂ ਰੱਜ ਕੇ ਖੌਫ਼ਜ਼ਦਾ ਸੀ। ਇਸ ਖੌਫ਼ ਕਰਕੇ ਇਹ ਆਪਣੇ ਬਚਾਅ ਲਈ ਹਰ ਤਰ੍ਹਾਂ ਦੀ ਜੁਗਤ ਵਰਤਣ ਲਈ ਤਿਆਰ ਸੀ। ਇਸ ਦਾ ਮੁੰਬਈ ਦੇ ਫ਼ਿਲਮ ਸੰਸਾਰ ਨੂੰ ਪਤਾ ਸੀ। ਅਜਿਹੀ ਜਾਗਰੂਕਤਾ ਨੂੰ ਪੈਦਾ ਕਰਨ ’ਚ ਖਵਾਜਾ ਅਹਿਮਦ ਅੱਬਾਸ ਵਰਗੇ ਖੱਬੇਪੱਖੀ ਐਕਟਿਵਿਸਟਾਂ ਦਾ ਚੋਖਾ ਹੱਥ ਸੀ।
1952 ਵਿਚ ਭਾਰਤ ਦਾ ਪਹਿਲਾ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਮੁੰਬਈ ’ਚ ਹੁੰਦਾ ਹੈ। ਇਸ ਫੈਸਟੀਵਲ ਵਿਚ ਇਟਲੀ ਦੇ ਨਿਰਦੇਸ਼ਕ ਵਿਤੋਰੀਓ ਦਸਿਕਾ ਦੀ ਫ਼ਿਲਮ ‘ਬਾਈਸਿਕਲ ਥੀਫ’ ਨਾਂ ਦੀ ਫ਼ਿਲਮ ਦਿਖਾਈ ਜਾਂਦੀ ਹੈ। ਦਰਸ਼ਕਾਂ ਵਿਚ ਸਤਯਾਜੀਤ ਰੇਅ, ਬਿਮਲ ਰਾਏ, ਮਹਿਬੂਬ ਖਾਨ, ਰਾਜ ਕਪੂਰ, ਬਲਰਾਜ ਸਾਹਨੀ, ਅੱਬਾਸ, ਯਾਨੀਕਿ ਕੁੱਲ ਫ਼ਿਲਮ ਇੰਡਸਟਰੀ ਦੇ ਵੱਡੇ ਛੋਟੇ ਨਾਂ ਬੈਠੇ ਹਨ। ਫ਼ਿਲਮ ਖਤਮ ਹੋਣ ਤੱਕ ਇਹ ਸਾਰ ਮਹਾਂਰਥੀ ਪਹਿਲਾਂ ਵਰਗੇ ਨਹੀਂ ਰਹਿੰਦੇ। ਦੁਨੀਆਂ ’ਚ ਸ਼ਾਇਦ ਹੀ ਕਿਸੇ ਹੋਰ ਫ਼ਿਲਮ ਨੇ ਦਰਸ਼ਕਾਂ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਹੋਵੇ। ਉਦੋਂ ਇਟਲੀ ਵਿਚ ਦਸਿਕਾ ਤੇ ਉਹਦੇ ਸਾਥੀਆਂ ਨੇ ਫ਼ਿਲਮ ਨਿਰਮਾਣ ਦੀ ਸ਼ੈਲੀ ਨੂੰ ਜ਼ਮੀਨ ’ਤੇ ਲੈ ਆਉਂਦਾ, ਜਿਵੇਂ ਕਿਹਾ, ਚੀਜ਼ਾਂ ਦਾ ਸਿੱਧਾ ਸਾਹਮਣਾ ਕਰਨ ਦੀ ਸ਼ੈਲੀ। ਕਿਸੇ ਤਰ੍ਹਾਂ ਦੀ ਸੁਪਨਈ ਜਾਂ ਪਾਰਗਾਮੀ ਜਾਂ ਰੁਮਾਂਸੀ ਲੱਛੇਬਾਜ਼ੀ ਨਹੀਂ। ਆਮ ਮਨੁੱਖ ਜਿਊਣ ਲਈ ਜਿਵੇਂ ਪਲ ਪਲ ਮਰਦਾ ਹੈ, ਤੇ ਫਿਰ ਆਪਣੇ ਹੋਣੇ ਨੂੰ ਕਾਇਮ ਰੱਖਦਾ ਹੈ – ਇਸ ਸਭ ਦੀ ਤੈਹ ’ਚ ਜਿਸ ਤਰ੍ਹਾਂ ਦਾ ਗ਼ੈਰ-ਮਾਨਵੀ ਆਰਥਿਕ ਪ੍ਰਬੰਧ ਉਹਨੂੰ ਪੀੜਤ ਕਰਦਾ ਹੈ, ਲਹੂ ਪਸੀਨਾ ਵਹਾ ਕੇ ਉਹ ਕਿਵੇਂ ਪੇਟ ਭਰਦਾ ਹੈ, ਇਹਨੂੰ ਫ਼ਿਲਮ ਨਿਰਮਾਤਾ ਭੁੱਲੇ ਹੋਏ ਸਨ।
ਇਟਲੀ ਵਿਚ ਕੁਝ ਇਕ ਫ਼ਿਲਮ ਨਿਰਦੇਸ਼ਕਾਂ ਨੇ ਆਮ ਬੰਦੇ ਦੇ ਜੀਵਨ ’ਤੇ ਫ਼ਿਲਮ ਬਨਾਣ ਲੱਗੇ ਅਭਿਨੈ ਵੀ ਆਮ ਬੰਦੇ ਤੋਂ ਕਰਵਾਇਆ। ‘ਸਾਈਕਲ ਚੋਰ’ ਇਸ ਪੱਖੋਂ ਮਿਸਾਲੀ ਫ਼ਿਲਮ ਬਣ ਗਈ। ਇਕ ਮਜ਼ਦੂਰ ਦਾ ਕੋਈ ਮਵਾਲੀ ਕਿਸਮ ਦਾ ਬੰਦਾ ਸਾਈਕਲ ਚੁਰਾ ਕੇ ਲੈ ਜਾਂਦਾ ਹੈ। ਉਸ ਮਜ਼ਦੂਰ ਲਈ ਸਾਈਕਲ ਰੋਟੀ ਕਮਾਉਣ ਦਾ ਜ਼ੱਰੀਆ ਹੈ। ਇਹਦੇ ਬਗ਼ੈਰ ਉਹ ਫੈਕਟਰੀ ’ਚ ਨੌਕਰੀ ਕਰਨ ਲਈ ਨਹੀਂ ਜਾ ਸਕਦਾ। ਉਹ ਸਾਈਕਲ ਦੀ ਭਾਲ ਵਿਚ ਲੱਗ ਜਾਂਦਾ ਹੈ।
ਉਹਦੇ ਨਾਲ ਉਹਦਾ ਨਿੱਕਾ ਮੁੰਡਾ ਵੀ ਹੈ। ਇਸ ਭਾਲ ਵਿਚ ਉਸ ਸਮੇਂ ਦੇ ਸਮਾਜ ਦੀ ਜੋ ਗ਼ੈਰ-ਮਾਨਵੀ ਦਸ਼ਾ ਹੈ ਉਹ ਨਸ਼ਰ ਹੋਣ ਲੱਗਦੀ ਹੈ। ਦਸਿਕਾ ਦੀ ਇਕ ਹੋਰ ਫ਼ਿਲਮ ਹੈ ਜਿਸ ਵਿਚ ਇਕ ਬਜ਼ੁਰਗ ਅਜਿਹੇ ਬੰਦੇ ਦੀ ਭਾਲ ਵਿਚ ਭਟਕਦਾ ਹੈ ਜੋ ਉਸ ਦੇ ਕੁੱਤੇ ਦੀ ਸੰਭਾਲ ਕਰ ਸਕੇ। ਮਾਨਵੀ ਸਥਿਤੀ ਮਨੁੱਖ ਤੇ ਕੁੱਤੇ ਵਿਚਲੇ ਰਿਸ਼ਤੇ ਰਾਹੀਂ ਨਿਰਵਸਤਰ ਹੋਣ ਲੱਗਦੀ ਹੈ।
‘ਨਵਯਥਾਰਥਵਾਦੀ ਸ਼ੈਲੀ’ ਨੇ ਮੁੰਬਈ ਕਲੱਕਤਾ ਦੇ ਫ਼ਿਲਮ ਸ਼ੈਦਾਈਆਂ ਨੂੰ ਧੂਹ ਕੇ ਰੱਖ ਦਿੱਤਾ। ਨਤੀਜਾ ਇਹ ਨਿਕਲਿਆ ਕਿ ਇਸ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਬਿਮਲ ਰਾਏ ਨੇ 1953 ਵਿਚ ‘ਦੋ ਬੀਘਾ ਜ਼ਮੀਨ’ ਬਣਾਈ ਤੇ ਸੱਤਯਾਜੀਤ ਰੇਅ ਨੇ 1955 ਵਿਚ ‘ਪਾਥੇਰ ਪੰਚਾਲੀ’ ਤੇ ਮਹਿਬੂਬ ਖਾਨ ਨੇ 1957 ’ਚ ‘ਮਦਰ ਇੰਡੀਆ’ ਦਾ ਨਿਰਮਾਣ ਕੀਤਾ, ਬੀ ਆਰ ਚੋਪੜਾ ਨੇ 1959 ’ਚ ‘ਨਯਾ ਦੌਰ’ ਬਣਾਈ।
ਉਸ ਦੌਰ ਵਿਚ ਮੁੰਬਈ ਦੇ ਖੱਬੇਪੱਖੀ ਦ੍ਰਿਸ਼ਪਟ ’ਤੇ ਸਭ ਤੋਂ ਬੜਬੋਲਾ ਨਾਂ ਸੀ – ਖਵਾਜਾ ਅਹਿਮਦ ਅੱਬਾਸ। ਉਹ ਰੂਸੀ ਕਰੰਜੀਆ ਦੇ ਹਫ਼ਤਾਵਾਰੀ ‘ਬਲਿਟਜ਼’ ’ਚ ‘ਆਖਰੀ ਸਫ਼ਾ’ ਕਾਲਮ ਲਿਖਦਾ ਸੀ। ‘ਬਲਿਟਜ਼’ ਨੂੰ ਮੈਂ ਸਕੂਲ ਵਕਤ ਤੋਂ ਪੜ੍ਹਦਾ ਆ ਰਿਹਾ ਸੀ। ਮੈਨੂੰ ਇਹ ਵੀ ਪਤਾ ਸੀ ਕਿ ਅੱਬਾਸ ਆਪ ਫ਼ਿਲਮਾਂ ਬਣਾਂਦਾ ਸੀ ਤੇ ਰਾਜ ਕਪੂਰ ਦੀਆਂ ਫ਼ਿਲਮਾਂ ਦੇ ਮੁਕਾਲਮੇ (ਡਾਇਲਾੱਗ) ਵੀ ਲਿਖਦਾ ਸੀ। ਮੈਂ ਸਕੂਲ ਤੋਂ ਉਡੰਤਰ ਹੋ ਕੇ 1955 ਵਿਚ ਰਾਜ ਕਪੂਰ ਦੀ ‘ਸ੍ਰੀ ਚਾਰ ਸੌ ਬੀਸ’ ਫ਼ਿਲਮ ਦੇਖੀ ਸੀ ਜੀਹਦੀ ਕਹਾਣੀ ਅੱਬਾਸ ਨੇ ਲਿਖੀ ਸੀ।
ਅੱਬਾਸ ਪੱਤਰਕਾਰ ਹੋਣ ਦੇ ਨਾਲ ਅਜਿਹੀਆਂ ਫ਼ਿਲਮਾਂ ਬਣਾਂਦਾ ਸੀ ਜੋ ਦਰਸ਼ਕਾਂ ਦੀ ਸਮਾਜਿਕ ਜ਼ਮੀਰ ਨੂੰ ਟੁੰਬਦੀਆਂ। ਉਹਨੇ ਪਹਿਲੀ ਫ਼ਿਲਮ 1948 ਵਿਚ ‘ਧਰਤੀ ਕੇ ਲਾਲ’ ਬੰਗਾਲ ’ਚ ਪਏ ਅਕਾਲ ਬਾਰੇ ਬਣਾਈ। ਇਸ ਫ਼ਿਲਮ ਵਿਚ ਇਕ ਪਾਸੇ ਕੰਗਾਲੀ ਦੀ ਹਾਲਤ ’ਚ ਮਰ ਰਹੇ ਕਿਸਾਨ ਅਤੇ ਦੂਜੇ ਪਾਸੇ ਅਮੀਰਾਂ ਦੀ ਅੱਯਾਸ਼ੀ ਦੇ ਦ੍ਰਿਸ਼ ਹਨ। ਇਸ ਤੋਂ ਬਾਅਦ ਉਹਨੇ ਨਰਗਿਸ ਤੇ ਰਾਜ ਕਪੂਰ ਨੂੰ ਲੈ ਕੇ ‘ਅਨਹੋਣੀ’ ਬਣਾਈ। ਇਹ ਫ਼ਿਲਮ ਕਮਰਸ਼ਲ ਅਦਾਰਿਆਂ ਲਈ ਸੀ। ਅੱਬਾਸ ਨੇ ਕੁੱਲ 13 ਫ਼ਿਲਮਾਂ ਬਣਾਈਆਂ, ਬਹੁਤੀਆਂ ਬਾਕਸ ਆਫ਼ਿਸ ’ਤੇ ਅਸਫ਼ਲ ਰਹੀਆਂ। ਇਕੋ ਫ਼ਿਲਮ ‘ਸ਼ਹਿਰ ਔਰ ਸਪਨਾ’, ਜਿਸ ’ਤੇ ਉਹਨੂੰ ਨੈਸ਼ਨਲ ਐਵਾਰਡ ਮਿਲਿਆ, ਨੇ ਕਮਾਈ ਕੀਤੀ। ਇਕ ਫ਼ਿਲਮ ‘ਚਾਰ ਦਿਲ ਚਾਰ ਰਾਹੇਂ’ ਰਾਜ ਕਪੂਰ ਅਤੇ ਮੀਨਾ ਕੁਮਾਰੀ ਨੂੰ ਲੈ ਕੇ ਬਣਾਈ। ਇਨ੍ਹਾਂ ਦੋਨਾਂ ਨੇ ਦਲਿਤ ਪਾਤਰ ਦਾ ਕਿਰਦਾਰ ਕੀਤਾ। ਅੱਬਾਸ ਦੀ ਹਰ ਫ਼ਿਲਮ ’ਚ ਕੋਈ ਤਕੜਾ ਸੁਨੇਹਾ ਹੁੰਦਾ। ਪਰ ਆਮ ਸਿੱਧੜ ਲੋਕਾਂ ਲਈ ਜਾਂ ਮੱਧ ਵਰਗ ਦੇ ਸ਼ੌਕੀਨਾਂ ਲਈ ਫ਼ਿਲਮ ਮਾਧਿਅਮ ਤਫ਼ਰੀਹ ਦਾ ਸਬੱਬ ਸੀ, ਜਿਵੇਂ ਹੁਣ ਹੈ। ਅੱਬਾਸ ਲਈ ਮਸਲਾ ਕਾਮਯਾਬ ਹੋਣ ਦਾ ਨਹੀਂ ਸੀ, ਉਹ ਆਪਣੀ ਜ਼ਮੀਰ ਨੂੰ ਜੁਆਬਦੇਹ ਸੀ। ਉਹ ਆਪਣੇ ਰਾਹ ਤੋਂ ਪਿਛਾਂਹ ਨਹੀਂ ਹਟ ਸਕਦਾ ਸੀ।
ਦਿਲਚਸਪ ਗੱਲ ਅੱਬਾਸ ਦੀ ਰਾਜ ਕਪੂਰ ਨਾਲ ਨੇੜਤਾ ਸੀ। ਪੰਜਾਹਾਂ ਦੇ ਦਹਾਕੇ ਦੇ ਆਰੰਭ ’ਚ, ਇਕ ਦਿਨ ਅਚਾਨਕ ਅੱਬਾਸ ਨੇ ਰਾਜ ਕਪੂਰ ਨੂੰ ਮੁਖ਼ਤਸਰ ਰੂਪ ’ਚ ‘ਆਵਾਰਾ’ ਨਾਂ ਦੀ ਕਹਾਣੀ ਸੁਣਾਈ। ਰਾਜ ਕਪੂਰ ਨੇ ਕੁੜਤੇ ਦੀ ਜੇਬ੍ਹ ’ਚ ਪਿਆ ਚਾਂਦੀ ਦਾ ਇਕ ਰੁਪਿਆ ਅੱਬਾਸ ਦੀ ਤਲੀ ’ਤੇ ਰੱਖਦਿਆਂ ਕਿਹਾ, ‘‘ਇਹ ਕਹਾਣੀ ਮੇਰੀ, ਮੈਂ ਇਸ ’ਤੇ ਫ਼ਿਲਮ ਬਣਾਵਾਂਗਾ। ਇਹ ਹੈ ਤੁਹਾਡਾ ਅਡਵਾਂਸ। ਬਾਕੀ ਗੱਲਾਂ ਬਾਅਦ ਵਿਚ।’’
ਫ਼ਿਲਮ ‘ਆਵਾਰਾ’ ਨੇ ਲੋਕਾਂ ਦੇ ਦਿਲਾਂ ਨੂੰ ਧੂਹ ਕੇ ਰੱਖ ਦਿੱਤਾ। ਮਾਨਵੀ ਰਿਸ਼ਤਿਆਂ ਦੀ ਪੱਧਰ ’ਤੇ ਜ਼ਮੀਰ ਨੂੰ ਟੁੰਬਣ ਵਾਲੀ ਕਹਾਣੀ ਉੱਤੇ ਰਾਜ ਕਪੂਰ ਨੇ ਆਮ ਬੰਦੇ ਦੀ ਖਿੱਚ ਲਈ ਗਾਣਿਆਂ, ਸੰਗੀਤ ਅਤੇ ਦ੍ਰਿਸ਼ ਨਿਰਮਾਣ ਦੀ ਅਜਿਹੀ ਲੇਪ ਚਾੜ੍ਹੀ ਕਿ ਜ਼ਬਰਦਸਤ ਫ਼ਿਲਮ ਤਿਆਰ ਹੋ ਗਈ। ਇਸ ਫ਼ਿਲਮ ਨੇ ਸੋਵੀਅਤ ਰੂਸ ਦੇ ਲੋਕਾਂ ਨੂੰ ਵੀ ‘ਪਾਗਲ’ ਕਰ ਦਿੱਤਾ। ਸ਼ੈਲੇਂਦਰ ਦੇ ਗੀਤ ਅਤੇ ਸ਼ੰਕਰ ਜੈਕਿਸ਼ਨ ਦੇ ਸੰਗੀਤ ਦੀ ਉਪਜ ‘ਆਵਾਰਾ ਹੂੰ ।।।’ ਗਾਣਾ ਸੋਵੀਅਤ ਰੂਸ ’ਚ ਏਨਾ ਪਾਪੂਲਰ ਹੋਇਆ ਕਿ ਰਾਜ ਕਪੂਰ ਉੱਥੇ ‘ਕਲਟ ਫਿੱਗਰ’ ਬਣ ਗਿਆ।
‘ਆਵਾਰਾ’ ਫ਼ਿਲਮ ਨਾਲ ਰਾਜ ਕਪੂਰ ਅਤੇ ਅੱਬਾਸ ਵਿਚਕਾਰ ਨਿਰਦੇਸ਼ਕ-ਲੇਖਕ ਦਾ ਰਿਸ਼ਤਾ ਬੱਝ ਜਾਂਦਾ ਹੈ। ਬਾਅਦ ਵਿਚ ਅੱਬਾਸ ਨੇ ਰਾਜ ਕਪੂਰ ਲਈ ਕਈ ਫ਼ਿਲਮਾਂ ਦੀਆਂ ਕਹਾਣੀਆਂ ਲਿਖੀਆਂ: ਸ਼੍ਰੀ ਚਾਰ ਸੌ ਬੀਸ, ਜਾਗਤੇ ਰਹੋ, ਮੇਰਾ ਨਾਮ ਜੋਕਰ, ਬਾੱਬੀ, ਹਿਨਾ ਆਦਿ। ਰਾਜ ਕਪੂਰ ਆਪ ਅੱਬਾਸ ਵਾਂਗ ਪ੍ਰਤਿਬਧ ਨਹੀਂ ਸੀ। ਉਹਦੀ ਸਮਾਜਿਕ ਜ਼ਮੀਰ ਸ਼ਹਿਰੀ ਅਮੀਰਜ਼ਾਦਿਆਂ ਜਿਹੀ ਸੀ, ਜਿਸ ਅਨੁਸਾਰ ਫ਼ਿਲਮਾਂ ਵਿਚ ਮਾਨਵੀ ਪੱਧਰ ’ਤੇ ਚੰਗਾ ਸੁਨੇਹਾ ਪ੍ਰਾਪਤ ਹੋਣਾ ਚਾਹੀਦਾ ਹੈ। ਉਹਦੀ ਫ਼ਿਲਮ ਵਿਚ ਕਹਾਣੀ ਨਾਂ ਮਾਤਰ ਹੀ ਰਹਿ ਜਾਂਦੀ ਸੀ। ਇਸ ਦੁਆਲੇ ਮਨ-ਪ੍ਰਚਾਵੇ ਵਾਲੀ ਭਰਤੀ ਏਨੀ ਜ਼ਿਆਦਾ ਹੁੰਦੀ ਕਿ ਫ਼ਿਲਮ ਖਤਮ ਹੋਣ ਤੱਕ ਅੱਬਾਸ ਫ਼ਿਲਮ ’ਚੋਂ ਗ਼ਾਇਬ ਹੋ ਜਾਂਦਾ ਤੇ ਰਾਜ ਕਪੂਰ ਦੀ ਤਫ਼ਰੀਹੀ ਫ਼ਿਲਮ ਸ਼ੈਲੀ ਸਭ ਪਾਸੇ ਛਾਅ ਜਾਂਦੀ। ਸ਼ੰਕਰ ਜੈ ਕਿਸ਼ਨ ਦਾ ਸੰਗੀਤ ਤੇ ਸ਼ੈਲੇਂਦਰ ਦੇ ਗੀਤ, ਵਿਚ ਵਿਚਾਲ ਕੋਈ ਅੱਧ-ਨੰਗਾ ਦ੍ਰਿਸ਼, ਨੱਚਣਾ ਟੱਪਣਾ। ਇਨ੍ਹਾਂ ਕਰਕੇ ਫ਼ਿਲਮ ਹਿੱਟ ਹੋ ਜਾਂਦੀ। ਅੱਬਾਸ ਦੀ ਕਹਾਣੀ ਅਤੇ ਲੋਕਪੱਖੀ ਸੁਨੇਹੇ ਵਾਲੇ ਡਾਇਲਾਗ ਤਫ਼ਰੀਹ ਦੀ ਭਰਤੀ ਨੂੰ ਸੂਤਰਬੱਧ ਕਰਨ ’ਚ ਸਹਾਈ ਹੁੰਦੇ। ਰਾਜ ਕਪੂਰ ਦਾ ਐਕਟਿੰਗ ਦੀ ਚਾਰਲੀ ਚੈਪਲਿਨ ਸ਼ੈਲੀ, ਜੋ ਅੱਲ੍ਹੜ/ਅਨਾੜੀ ਹੋਣ ਦੇ ਨਾਲ ਸ਼ਹਿਰੀ ਜੀਵਨ ਤੋਂ ਉੱਕਾ ਬੇਗ਼ਾਨਾ ਹੁੰਦਾ ਸੀ, ਇਕ ਤਰ੍ਹਾਂ ਦਾ ਸਮਾਜਿਕ ‘ਆਊਟਸਾਈਡਰ’। ‘ਆਵਾਰਾ’ ਫ਼ਿਲਮ ਵਿਚ ਬਾਪ ਵਲੋਂ ਰੱਦ ਹੋ ਚੁੱਕਾ ਬੇਟਾ ਆਵਾਰਾ ਬਣਦਾ ਹੈ ਤੇ ਜਦ ਉਹ ਜੁਰਮ ਕਰਦਾ ਹੈ ਤਦ ਵੀ ਉਹ ਮਾਸੂਮ ਦਿਖਾਈ ਦੇਂਦਾ ਹੈ। ‘ਸ਼੍ਰੀ ਚਾਰ ਸੌ ਬੀਸ’ ਵਿਚ ਮੁੰਬਈ ਦੇ ਪੂੰਜੀਪਤੀਆਂ ਦੇ ਸੰਸਾਰ ਨਾਲ ਅਜਿਹੇ ਮਾਸੂਮ/ਸਿੱਧੜ ਬੰਦੇ ਦਾ ਟਾਕਰਾ ਹੁੰਦਾ ਹੈ। ਫ਼ਿਲਮ ‘ਜਾਗਤੇ ਰਹੋ’ ਦੀ ਕਹਾਣੀ ਵੀ ਅੱਬਾਸ ਨੇ ਲਿਖੀ। ਇਸ ਫ਼ਿਲਮ ਵਿਚ ਪਿੰਡ ਤੋਂ ਆਇਆ ਇਕ ਅੱਲ੍ਹੜ/ਸਿੱਧੜ ਬੰਦਾ ਗਈ ਰਾਤ ਮੁੰਬਈ ਵਰਗੇ ਸ਼ਹਿਰ ’ਚ ਪਿਆਸ ਬੁਝਾਣ ਦੇ ਚੱਕਰ ’ਚ ਚੋਰ ਅਖਵਾਂਦਾ ਹੈ। ਉਹਨੂੰ ਚੋਰ ਸਮਝ ਕੇ ਸਾਰੇ ਪਾਸੇ ਰੌਲਾ ਪੈ ਜਾਂਦਾ ਹੈ ਕਿ ਇਲਾਕੇ ’ਚ ਚੋਰ ਘੁਸ ਆਇਆ ਹੈ। ਇਸ ਘੁੰਡੀ ਨੂੰ ਕੇਂਦਰ ’ਚ ਰੱਖ ਕੇ ਰੱਜੇ-ਪੁੱਜੇ ਲੋਕਾਂ ਦੇ ਜੀਵਨ ਦੀ ਠੱਗੀ, ਖੋਖਲਾਪਣ ਨਸ਼ਰ ਹੁੰਦਾ ਹੈ, ਜਿਵੇਂ ‘ਸ਼੍ਰੀ ਚਾਰ ਸੌ ਬੀਸ’ ਵਿਚ ਹੁੰਦਾ ਹੈ।
ਉਦੋਂ ਅੱਬਾਸ ਦੀ ਮਸੀਹੀ ਸ਼ੈਲੀ ਤੋਂ ਮੈਂ ਧੀਰਿਆ ਜਾਂਦਾ ਸੀ। ਉਹ ਹਮੇਸ਼ਾਂ ਆਮ ਆਦਮੀ ਦੇ ਪ੍ਰਸੰਗ ’ਚ ਲਿਖਦਾ। ਲਿਖਦਾ ਅਫ਼ਸਾਨਾਨਿਗਾਰੀ ਦੇ ਅੰਦਾਜ਼ ’ਚ। ਮੈਨੂੰ ਲੱਗਦਾ ਮੈਨੂੰ ਉਸ ਵਰਗਾ ਹੋਣਾ ਚਾਹੀਦਾ ਹੈ; ਉਹਦੇ ਵਾਂਗ ਲਿਖਣਾ ਚਾਹੀਦਾ ਹੈ ਤੇ ਉਹਦੇ ਵਾਂਗ ਹੀ ਫ਼ਿਲਮਾਂ ਲਈ ਕਹਾਣੀਆਂ ਤੇ ਮੁਕਾਲਮੇ ਲਿਖਣੇ ਚਾਹੀਦੇ ਹਨ।
ਜਦ ਮੈਂ ਮੁੰਬਈ ’ਚ ਸੀ ਤਾਂ ਮੇਰਾ ਰਾਬਤਾ ਅੱਬਾਸ ਨਾਲ ਪੈਦਾ ਹੋ ਗਿਆ। ਫ਼ਿਲਮ ਸਟੂਡੀਓਆਂ ਵਿਚ ਭਟਕਦਿਆਂ ਮੈਂ ਤੰਗ ਪੈ ਗਿਆ ਸੀ। ਮੈਂ ਬਲਰਾਜ ਸਾਹਨੀ ਨੂੰ ਮਿਲਿਆ। ਬਲਰਾਜ ਨੇ ਮੇਰਾ ਤੁਆਰਫ਼ ਅੱਬਾਸ ਨਾਲ ਕਰਵਾਇਆ। ਦੋਵੇਂ ਜੁਹੂ ਬੀਚ ’ਤੇ ਰਹਿੰਦੇ ਸਨ। ਬਲਰਾਜ ਦੀ ‘ਕੌਟੇਜ’ ਤੋਂ ਕੁਝ ਕਦਮਾਂ ’ਤੇ ਹੀ ਅੱਬਾਸ ਦਾ ਟਿਕਾਣਾ ਸੀ। ਮੈਂ ਅੱਬਾਸ ਦੇ ਘਰ ਸ਼ਾਮ ਨੂੰ ਅਕਸਰ ਚਲਾ ਜਾਂਦਾ। ਮੈਂ ਦੇਖਦਾ ਅੱਬਾਸ ’ਚ ਗ਼ੈਰ-ਮਾਮੂਲੀ ਊਰਜਾ ਸੀ। ਉਹ ਹਮੇਸ਼ਾਂ ਮਸਰੂਫ਼ ਰਹਿੰਦਾ। ਕ੍ਰਿਸ਼ਣ ਚੰਦਰ ਦਾ ਲਿਖਿਆ ਨਾਟਕ ‘ਬੰਦ ਦਰਵਾਜ਼ਾ’ ਇਪਟਾ ਨੇ 1962 ’ਚ ਖੇਡਿਆ। ਅੱਬਾਸ ਨੇ ਉਸ ਨਾਟਕ ਦਾ ਨਿਰਦੇਸ਼ਨ ਕੀਤਾ ਸੀ। ਉਹਦੇ ਘਰ ’ਚ ਰਿਹਰਸਲਾਂ ਹੁੰਦੀਆਂ। ਕਈ ਫ਼ਿਲਮਾਂ ਬਨਾਣ ਦੇ ਬਾਵਜੂਦ ਉਹਦੇ ਕੋਲ ਆਪਣੀ ਕਾਰ ਨਹੀਂ ਸੀ। ਫ਼ਿਲਮਾਂ ਉਹ ਬਣਾਂਦਾ ਤੇ ਕਰਜ਼ਾਈ ਹੋ ਜਾਂਦਾ। ਮੈਂ ਅਕਸਰ ਉਹਨੂੰ ਟੈਕਸੀ ’ਚ ਬੈਠ ਸਟੂਡੀਓ ਜਾਂਦਾ ਦੇਖਿਆ। ਉਦੋਂ ‘ਗਿਆਰਾਂ ਹਜ਼ਾਰ ਲੜਕੀਆਂ’ ਫ਼ਿਲਮ ਬਣਾ ਰਿਹਾ ਸੀ। ਉਹਨੇ ਮੈਨੂੰ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਉਹਨੂੰ ਅੰਧੇਰੀ ਕੁਰਲਾ ਰੋਡ ’ਤੇ ਬਣੇ ਮਾਡਰਨ ਸਟੂਡੀਓ ’ਚ ਮਿਲਣ ਲਈ ਕਿਹਾ। ਮੈਂ ਇਕ ਘੰਟਾ ਇਕ ਦ੍ਰਿਸ਼ ਦੀ ਸ਼ੂਟਿੰਗ ਦੇਖਦਾ ਰਿਹਾ। ਕਹਿਣ ਲੱਗਾ, ‘‘ਕਿਆ ਕਰੋਗੇ ਫ਼ਿਲਮ ਲਾਈਨ ਮੇਂ ਆਕਰ; ਯਹਾਂ ਕੁਝ ਪੱਕਾ ਨਹੀਂ ਹੈ। ਤੁਝੇ ਉਦਾਸੀ ਹੋਗੀ।’’ ਸ਼ਾਇਦ ਉਹ ਆਪਣੇ ਤਜੁਰਬੇ ਤੋਂ ਬੋਲ ਰਿਹਾ ਸੀ। ਉਹਨੂੰ ਕਿਸੇ ਫ਼ਿਲਮ ਤੋਂ ਵੀ ਕਮਾਈ ਨਹੀਂ ਸੀ ਹੋ ਰਹੀ। ‘ਬਲਿਟਜ਼’ ’ਚ ਮਹੀਨੇ ਦੇ ਚਾਰ ਕਾਲਮ ‘ਆਖਰੀ ਸਫ਼ਾ’ ਜੋ ਲਿਖਦਾ ਉਹਦੇ 1500 ਰੁਪਏ ਮਹੀਨੇ ਨਾਲ ਉਹਦਾ ਗੁਜ਼ਾਰਾ ਚਲਦਾ।
ਉਹਨੇ ਕਿਹਾ, ‘‘ਤੂੰ ਫ਼ਿਲਮਾਂ ’ਚ ਭਟਕ ਜਾਏਂਗਾ, ਪੱਤਰਕਾਰੀ ਦੇ ਪਿੜ ਵਿਚ ਕੰਮ ਕਰ। ਉਹਨੇ ਮੇਰਾ ਤੁਆਰਫ਼ ‘ਬਲਿਟਜ਼’ ਦੇ ਐਡੀਟਰ ਰੂਸੀ ਕਰੰਜੀਆ ਨਾਲ ਕਰਾਇਆ। ਮੈਂ ਅੱਬਾਸ ਦੀ ਨਿਗਰਾਨੀ ’ਚ ‘ਬਲਿਟਜ਼’ ਲਈ ਮੁੰਬਈ ਸ਼ਹਿਰ ਦੀਆਂ ਗੰਦੀਆਂ ਬਸਤੀਆਂ ਬਾਰੇ ਕਈ ਰਿਪੋਰਟਾਂ ਤਿਆਰ ਕੀਤੀਆਂ ਜੋ ਮੇਰੇ ਨਾਂ ਹੇਠ ਛਪੀਆਂ।
ਇਟਲੀ ਦੇ ਨਿਰਦੇਸ਼ਕ ਵਿਤੋਰੀਓ ਦਸਿਕਾ ਦੀ ਫ਼ਿਲਮ ‘ਬਾਈਸਿਕਲ ਥੀਫ’ ਦਾ ਦ੍ਰਿਸ਼। ਇਸ ਫਿਲਮ ਨੇ ਭਾਰਤੀ ਫਿਲਮਸਾਜ਼ਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਸਦਕਾ ਹਿੰਦੀ ਫਿਲਮ ਜਗਤ ਵਿਚ ਕਈ ਬਿਹਤਰੀਨ ਫਿਲਮਾਂ ਬਣੀਆਂ।
ਬਾਅਦ ਵਿਚ ਅੱਬਾਸ ਨੇ ‘ਸਾਤ ਹਿੰਦੋਸਤਾਨੀ’ ਫ਼ਿਲਮ ’ਚ ਇਕ ਪਤਲੇ ਲੰਮੇ ਮੁੰਡੇ ਨੂੰ ਲਿਆ ਜੋ ਐਕਟਰ ਬਣਨ ਲਈ ਦੇਰ ਤੋਂ ਜੱਦੋਜਹਿਦ ਕਰ ਰਿਹਾ ਸੀ, ਪਰ ਉਹਦੀ ਸ਼ਕਲ ਸੂਰਤ ਤੇ ਕੱਦਕਾਠ ਨੂੰ ਦੇਖ ਕੇ ਕੋਈ ਫ਼ਿਲਮ ਨਿਰਮਾਤਾ ਪ੍ਰਭਾਵਿਤ ਨਹੀਂ ਸੀ ਹੁੰਦਾ। ਉਸ ਮੁੰਡੇ ਦਾ ਨਾਂ ਅਮਿਤਾਭ ਬੱਚਨ ਸੀ। ਇਹੀ ਅਮਿਤਾਭ ਬਾਅਦ ਵਿਚ ਪਾਪੂਲਰ ਹਿੰਦੀ ਫ਼ਿਲਮਾਂ ਦਾ ਸ਼ਹਿਨਸ਼ਾਹ ਬਣਿਆ, ਹੁਣ ਜਿਸ ਨੂੰ ‘ਬਿੱਗ ਬੀ’ ਕਿਹਾ ਜਾਂਦਾ।
ਅੱਬਾਸ ਨੇ ਭਾਵੇਂ ਆਪਣਾ ਜੀਵਨ ਪੱਤਰਕਾਰ ਵਜੋਂ ਸ਼ੁਰੂ ਕੀਤਾ ਤੇ ਆਖਰੀ ਸਾਹ (1987) ਤੱਕ ਉਹ ਕਾਲਮ ‘ਆਖਰੀ ਸਫ਼ਾ’ ਲਿਖਦਾ ਰਿਹਾ, ਪਰ ਉਹਦੇ ਅੰਦਰ ਕਵੀ ਦੀ ਰੂਹ ਸੀ। ਉਹ ਪਾਠਕ ਦੀਆਂ ਭਾਵਨਾਵਾਂ ਨੂੰ ਟੁੰਬਦਾ। ਚੰਗੇ ਪੱਤਰਕਾਰ ਜਾਂ ਲੇਖਕ ਦੀ ਉਦੋਂ ਇਹੀ ਖਾਸੀਅਤ ਮੰਨੀ ਜਾਂਦੀ ਸੀ ਕਿ ਉਹ ਭਾਵਨਾਵਾਂ ਦੀ ਪੱਧਰ ’ਤੇ ਗੱਲ ਕਰਦੇ ਸਨ। ਅਭਿਨੈ ਵਿਚ ਬਲਰਾਜ ਸਾਹਨੀ ਦਾ ਵੀ ਇਹੀ ਅੰਦਾਜ਼ ਸੀ। ਅਫ਼ਸਾਨਾਨਿਗਾਰੀ ਵਿਚ ਕ੍ਰਿਸ਼ਣ ਚੰਦਰ ਅਤੇ ਅੱਬਾਸ ਦੋਵੇਂ ਇਸ ਅੰਦਾਜ਼ ’ਚ ਲਿਖਦੇ ਸਨ। ਦਰਅਸਲ, ਇਹ ਤਰੱਕੀਪਸੰਦ ਲਹਿਰ ਦੀ ਬ੍ਰਾਂਡ ਸ਼ੈਲੀ ਸੀ।
ਇਸ ਸ਼ੈਲੀ ਨੂੰ ਸਤਯਾਜੀਤ ਰੇਅ, ਬਿਮਲ ਰਾਏ ਤੇ ਗੁਰੂ ਦੱਤ ਨੇ ਨਕਾਰ ਕੇ ਕਲਾਤਮਿਕਤਾ ਦੇ ਵੱਧ ਨੇੜੇ ਲਿਆਂਦਾ। ਤਦ ਮੈਨੂੰ ਪਤਾ ਲੱਗਾ ਬੁਲੰਦ ਕਲਾਤਮਿਕਤਾ ਨਾਲ ਕਹੀ ਹੋਈ ਗੱਲ ਦਾ ਅਸਰ ਹਮੇਸ਼ਾਂ ਲਈ ਹੁੰਦਾ ਹੈ। ਇਹਦੇ ਉਲਟ ਖਵਾਜਾ ਅਹਿਮਦ ਅੱਬਾਸ ਦੀ ਲਿਖਣਕਾਰੀ ਅਤੇ ਪ੍ਰਤਿਬੱਧਤਾ ਦਾ ਲੱਖਣ ‘ਰੈਟ੍ਰਿਕ’ ਵਾਲਾ ਸੀ। ਅਜਿਹਾ ਲੱਖਣ ਸਰੋਤੇ ਜਾਂ ਦਰਸ਼ਕ ’ਤੇ ਤੁਰੰਤ ਪ੍ਰਭਾਵ ਪਾਉਣਾ ਚਾਹੁੰਦਾ ਹੈ। ਅੱਬਾਸ ਦੀ ਆਪਣੀ ਆਵਾਜ਼ ਵੀ ਤਿੱਖੀ, ਉੱਚੀ ਤੇ ਸਪਾਟ ਸੀ। ਉਦੋਂ ਇਸ ਤਰ੍ਹਾਂ ਦੀ ਸ਼ੈਲੀ ਦੀ ਹੀ ਜ਼ਰੂਰਤ ਸੀ। ਇਸ ਸ਼ੈਲੀ ਰਾਹੀਂ ਹੀ ਫ਼ਿਲਮੀ ਮਾਹੌਲ ਨਵੇਂ ਤਸੱਵਰਾਂ ਨਾਲ ਗਰਮਾਇਆ ਹੋਇਆ ਸੀ। ਭਾਵੇਂ ਤੁਰੰਤ ਪੈਦਾ ਕੀਤੀ ਗਰਮਾਇਸ਼ ਜਲਦੀ ਮੁੱਕ ਜਾਂਦੀ ਹੈ। ਕਲਾਕਾਰ ਦੀ ਸ਼ੈਲੀ ’ਚ ਇਹੀ ਫਰਕ ਹੈ ਕਿ ਇਹ ਹਮੇਸ਼ਾਂ ਅਸਰ ਪੈਦਾ ਕਰਨ ਵਾਲੀ ਹੁੰਦੀ ਹੈ, ਬੇਸ਼ੱਕ ਤਬਦੀਲੀ ਦਾ ਮੁਹਾਜ਼ ਅੱਬਾਸ ਵਰਗੇ ਹੀ ਸਿਰਜਦੇ ਹਨ।

Comment here