ਸਾਹਿਤਕ ਸੱਥਚਲੰਤ ਮਾਮਲੇਬਾਲ ਵਰੇਸ

ਮਾਣੋ ਦਾ ਡਰ

ਜੰਗਲ ਦੇ ਐਜੂਕੇਸ਼ਨ ਬੋਰਡ ਦੀ ਡੇਟ ਸ਼ੀਟ ਅਨੁਸਾਰ ਕੱਲ੍ਹ ਜੰਗਲੀ ਜਾਨਵਰਾਂ ਦੀ ਪ੍ਰੀਖਿਆ ਦਾ ਦਿਨ ਹੈ। ਜੰਗਲ ਦੇ ਇਕ ਸਕੂਲ ਵਿਚ ਪ੍ਰੀਖਿਆ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ। ਕੇਂਦਰ ਸੁਪਰਡੈਂਟ ਸਮੇਤ ਸਾਰਾ ਨਿਗਰਾਨ ਅਮਲਾ, ਪ੍ਰਸ਼ਨ ਪੱਤਰਾਂ ਸਮੇਤ ਹਾਜ਼ਰ ਹੋ ਚੁੱਕਾ ਸੀ। ਮੀਕ ਖ਼ਰਗੋਸ਼, ਮਾਣੋ ਬਿੱਲੀ ਤੇ ਟਿੰਕੂ ਲੇਲੇ ਦੇ ਪੇਪਰ ਸਨ। ਇਕ ਦਿਨ ਪਹਿਲਾਂ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਹਿਰਨੀ ਨੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ, ‘ਜ਼ਿਆਦਾਤਰ ਬੱਚਿਆਂ ਨੂੰ ਪ੍ਰੀਖਿਆ ਬੋਝ ਤੇ ਡਰਾਉਣੀ ਲੱਗਦੀ ਹੈ। ਪਰ ਪ੍ਰੀਖਿਆ ਜੀਵਨ ਦੇ ਹਰ ਖੇਤਰ ਵਿਚ ਅੱਗੇ ਵਧਣ ਲਈ ਜ਼ਰੂਰੀ ਹੈ, ਕਿਉਂਕਿ ਜ਼ਿੰਦਗੀ ਵੀ ਇਕ ਪ੍ਰੀਖਿਆ ਹੈ। ਇਹ ਸਾਡੇ ਵਿਚ ਆਤਮ-ਵਿਸ਼ਵਾਸ ਪੈਦਾ ਕਰਦੀ ਹੈ। ਫਿਰ ਪ੍ਰੀਖਿਆ ਤੋਂ ਘਬਰਾਉਣਾ ਕਿਉਂ, ਇਹ ਤਾਂ ਮਿਹਨਤ ਤੇ ਉਤਸ਼ਾਹ ਨਾਲ ਪ੍ਰੀਖਿਆ ਦੇਣ ਵਾਲਿਆਂ ਦੇ ਕਦਮ ਚੁੰਮਦੀ ਹੈ। ਸੋ, ਬਿਨਾਂ ਕਿਸੇ ਡਰ, ਘਬਰਾਹਟ, ਤਣਾਅ ਪ੍ਰੀਖਿਆ ਦਿਓ। ਅੰਕ ਘੱਟ ਜਾਂ ਵੱਧ ਆਉਣ ਦੀ ਚਿੰਤਾ ਨਾ ਕਰੋ, ਸਗੋਂ ਆਤਮ-ਵਿਸ਼ਵਾਸ ਨਾਲ ਪ੍ਰੀਖਿਆ ‘ਚ ਆਏ ਪ੍ਰਸ਼ਨਾਂ ਦੇ ਉੱਤਰ ਲਿਖੋ।’
ਕਲਾਸ ਟੀਚਰ ਬੱਕਰੀ ਨੇ ਕਿਹਾ, ‘ਮੀਕਾ ਤੇ ਟਿੰਕੂ ਹੁਸ਼ਿਆਰ ਵਿਦਿਆਰਥੀ ਹਨ ਪਰ ਮਾਣੋ ਤਾਂ ਕਲਾਸ ਦੀ ਟਾਪਰ ਹੈ। ਫਿਰ ਕਾਹਦਾ ਡਰ ਭੈਅ। ਤੁਸਾਂ ਤਾਂ ਸਾਰਾ ਸਾਲ ਮਿਹਨਤ ਤੇ ਲਗਨ ਨਾਲ ਪੜ੍ਹਾਈ ਕੀਤੀ ਹੈ, ਪ੍ਰੀਖਿਆ ਤੋਂ ਪਹਿਲਾਂ ਸਾਰੇ ਸਿਲੇਬਸ ਨੂੰ ਖ਼ਤਮ ਕੀਤਾ ਅਤੇ ਦੁਹਰਾਈ ਵੀ ਕੀਤੀ ਹੈ। ਫਿਰ ਕਿਉਂ ਘਬਰਾ ਰਹੇ ਹੋ’।
‘ਪਰ ਮੈਮ! ਅਸੀਂ ਤਾਂ ਇਸ ਕਰਕੇ ਡਰੇ ਤੇ ਘਬਰਾਏ ਹਾਂ ਕਿਉਂਕਿ ਜੇ ਘੱਟ ਨੰਬਰ ਆਏ ਤਾਂ ਮੰਮੀ ਪਾਪਾ ਡਾਂਟਣਗੇ’ ਮਾਣੋ ਨੇ ਕਿਹਾ। ‘ਜੇ ਪ੍ਰੀਖਿਆ ਵਿਚੋਂ ਘੱਟ ਨੰਬਰ ਆਉਣਗੇ ਤਾਂ ਕੀ ਹੈ, ਇਹ ਐਨਾ ਮਹੱਤਵਪੂਰਨ ਵੀ ਨਹੀਂ ਹੈ। ਮੰਨਿਆ ਕਿ ਜੀਵਨ ਵਿਚ ਪ੍ਰੀਖਿਆ ਬਹੁਤ ਮਾਇਨੇ ਰੱਖਦੀ ਹੈ। ਪਰ ਬੱਚਿਓ! ਆਪਣੇ-ਆਪ ਉਤੇ ਵਿਸ਼ਵਾਸ ਰੱਖੋ। ਸੰਜੀਦਗੀ ਨਾਲ ਪ੍ਰੀਖਿਆ ਦੀ ਤਿਆਰੀ ਕਰੋ, ਸਭ ਠੀਕ ਹੋ ਜਾਏਗਾ’।
ਅਗਲੇ ਦਿਨ ਪ੍ਰੀਖਿਆ ਕੇਂਦਰ ਵਿਚ ਸਭ ਪ੍ਰੀਖਿਆਰਥੀ ਪੂਰੀ ਤਿਆਰੀ ਨਾਲ ਪਹੁੰਚ ਗਏ। ਕੇਂਦਰ ਸੁਪਰਡੈਂਟ ਮੈਡਮ ਲੂੰਬੜੀ ਨੇ ਕਿਹਾ, ‘ਜੇ ਤੁਸੀਂ ਸਾਰੇ ਮੇਰੇ ਕੋਲੋਂ ਇਸ ਤਰ੍ਹਾਂ ਡਰੋਗੇ ਤਾਂ ਜੋ ਵੀ ਯਾਦ ਹੈ, ਸਭ ਭੁੱਲ ਜਾਓਗੇ। ਮੈਂ ਵੀ ਜੰਗਲ ਵਿਚੋਂ ਹਾਂ, ਮੇਰੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਹਨ। ਮਨ ਲਗਾ ਕੇ ਪ੍ਰੀਖਿਆ ਦਿਓ ਤੇ ਆਪਣੇ ਸਜਾਏ ਸੁਪਨੇ ਪੂਰੇ ਕਰਨ ਲਈ ਹਰ ਪ੍ਰਸ਼ਨ ਨੂੰ ਸਮਝ ਕੇ ਉੱਤਰ ਲਿਖੋ’।
ਮੀਕਾ, ਟਿੰਕੂ ਆਦਿ ਦੀ ਘਬਰਾਹਟ ਸਵੈ ਭਰੋਸਗੀ ਵਿਚ ਬਦਲ ਗਈ। ਮਾਣੋ ਬਿੱਲੀ ਦਾ ਡਰ ਵੀ ਖੰਭ ਲਾ ਕੇ ਉੱਡ ਚੁੱਕਾ ਸੀ। ਸੋ, ਸਾਰੇ ਬਾਲ ਜਾਨਵਰ ਪ੍ਰੀਖਿਆਰਥੀ ਬਿਨਾਂ ‘ਡਰ’ ਤੇ ‘ਘਬਰਾਹਟ’ ਦੇ ਪੇਪਰ ਕਰਨ ਲੱਗੇ।

-ਮੁਖਤਾਰ ਗਿੱਲ

Comment here