ਵਿਸ਼ੇਸ਼ ਲੇਖ

ਮਹਾਨ ਕਲਾ ਦੇ ਮਾਹਿਰ ਬਾਬਾ ਵਿਸ਼ਵਕਰਮਾ

ਕ੍ਰਿਸਟੋਫਰ ਕੋਲੰਬਸ ਨੇ ਜਿਸ ਸਮੁੰਦਰੀ ਜਹਾਜ਼ ‘ਸੈਂਟਾਮੈਰੀਆ’ ਵਿਚ ਦੂਰ ਤੱਕ ਸਮੁੰਦਰੀ ਯਾਤਰਾ ਕਰਕੇ ਆਖ਼ਰ ਅਮਰੀਕਾ ਦੀ ਖੋਜ ਕੀਤੀ, ਸਿੱਖਾਂ ਦੇ ਦਸਵੇਂ ਗੁਰੂ ਦਸਮੇਸ਼ ਪਿਤਾ, ਸਰਬੰਸਦਾਨੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਲੋਹ ਦੇ ਜਿਸ ਬਾਟੇ ਵਿਚ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਆਪ ਉਨ੍ਹਾਂ ਕੋਲੋਂ ਅੰਮ੍ਰਿਤ ਛਕ ਕੇ ਖ਼ਾਲਸੇ ਦੀ ਸਿਰਜਣਾ ਕੀਤੀ, ਜਿਸ ਤਲਵਾਰ ਦੀ ਸ਼ਕਤੀ ਨਾਲ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦੇ ਜ਼ਬਰ ਵਿਰੁੱਧ ਜੰਗ ਲੜੇ, ਮਰਹੱਟਾ ਸਰਦਾਰ ਸ਼ਿਵਾ ਜੀ ਨੇ ਜਿਸ ਤਲਵਾਰ ਤੇ ਢਾਲ ਦੀ ਵਰਤੋਂ ਨਾਲ ਮੁਗ਼ਲਾਂ ਨਾਲ ਦੋ ਹੱਥ ਕਰਕੇ ਮਰਾਠਾ ਰਾਜ ਦੀ ਸਥਾਪਨਾ ਕੀਤੀ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿਨ੍ਹਾਂ ਤਲਵਾਰਾਂ ਅਤੇ ਤੋਪਾਂ ਦੀ ਵਰਤੋਂ ਨਾਲ ਸੁਤੰਤਰ ਸਿੱਖ ਰਾਜ ਦੀ ਨੀਂਹ ਰੱਖੀ, ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਜਿਸ ਡੰਗੋਰੀ ਨੂੰ ਲੈ ਕੇ ‘ਡਾਂਡੀ ਮਾਰਚ’ ਕੀਤਾ ਅਤੇ ਅੰਗਰੇਜ਼ਾਂ ਦੇ ਅਨਿਆਂਪੂਰਨ ਨਮਕ ਕਾਨੂੰਨ ਨੂੰ ਤੋੜਿਆ, ਜਿਸ ਰਾਕੇਟ-ਲਾਂਚਰ ਰਾਹੀਂ ਮਨੁੱਖ ਨੇ ਚੰਦਰਮਾ ਤੇ ਮੰਗਲ ਗ੍ਰਹਿ ਤੱਕ ਪਹੁੰਚ ਕੇ ਉਥੋਂ ਦੀ ਧਰਤੀ ਨੂੰ ਛੂਹਿਆ ਆਦਿ ਸਭ ਹਥਿਆਰਾਂ, ਔਜ਼ਾਰਾਂ, ਮਸ਼ੀਨਾਂ ਆਦਿ ਦੀ ਬਣਤਰ ਕਲਾ ਜਿਸ ਮਹਾਨ ਦੇਵਤੇ ਦੀ ਦੇਣ ਹੈ, ਉਹ ਹਨ ਬਾਬਾ ਵਿਸ਼ਵਕਰਮਾ ਜੀ, ਜਿਨ੍ਹਾਂ ਨੂੰ ‘ਕਿਰਤ ਦਾ ਦੇਵਤਾ’ ਆਖਿਆ ਜਾਂਦਾ ਹੈ।
ਵੱਡੇ-ਵੱਡੇ ਡੈਮ, ਵੱਡੀਆਂ-ਵੱਡੀਆਂ ਮਿੱਲਾਂ, ਆਸਮਾਨ ਨੂੰ ਛੂੰਹਦੀਆਂ ਇਮਾਰਤਾਂ, ਰੇਲਵੇ ਲਾਈਨਾਂ ਦੇ ਵਿਛੇ ਜਾਲ, ਪਹਾੜਾਂ ਵਿਚ ਸੁਰੰਗਾਂ ਆਦਿ ਸਭ ਦੀ ਉਸਾਰੀ ਵਿਚ ਵਰਤੇ ਔਜ਼ਾਰ ਅਤੇ ਮਸ਼ੀਨਰੀ ਬਾਬਾ ਜੀ ਦੀ ਦਸਤਕਾਰੀ ਦੀ ਕਲਾ ਦੀ ਦੇਣ ਹਨ। ਸੰਸਾਰ ਦੇ ਸੱਤ ਅਜੂਬਿਆਂ ਦੇ ਨਿਰਮਾਣ ਵਿਚ ਵੀ ਬਾਬਾ ਵਿਸ਼ਵਕਰਮਾ ਦੁਆਰਾ ਦਰਸਾਈ ਭਵਨ ਨਿਰਮਾਣ ਕਲਾ ਝਲਕਦੀ ਹੈ। ਇਕ ਕਵੀ ਨੇ ਠੀਕ ਹੀ ਕਿਹਾ ਹੈ :
”ਯੁੱਧ ਕੇ ਲੀਏ ਬਨਾ ਦੀਏ ਸ਼ਸਤਰ,
ਪਹਿਰਨ ਕੋ ਹੈਂ ਦੀਨੇ ਬਸਤਰ,
ਚਲੇਂ ਮਸ਼ੀਨੇਂ ਬਨੇ ਬਮਾਣ,
ਦੂਰ ਆਕਾਸ਼ ਉਡੇ ਇਨਸਾਨ।
ਕਾਰਖਾਨੇ ਔਰ ਮਿਲ ਚਲਾਏ,
ਰੋਜ਼ੀ ਕੇ ਸਾਧਨ ਹੈਂ ਬਨਾਏ,
ਵਿਸ਼ਵਕਰਮਾ ਜੀ ਕੀ ਕਲਾ ਮਹਾਨ,
ਤਾ ਕੀ ਉਸਤਤ ਕਰੇ ਜਹਾਨ।”
ਪ੍ਰਾਚੀਨ ਧਾਰਮਿਕ ਗ੍ਰੰਥ, ਰਿਗਵੇਦ ਦੇ ਮੰਤਰਾਂ ਵਿਚ ਬਾਬਾ ਵਿਸ਼ਵਕਰਮਾ ਜੀ ਨੂੰ ਕਈ ਬਾਹਵਾਂ ਵਾਲੇ ਦਰਸਾਇਆ ਗਿਆ ਹੈ। ਬਾਬਾ ਵਿਸ਼ਵਕਰਮਾ ਜੀ ਦੀ ਅੱਜਕਲ੍ਹ ਪ੍ਰਾਪਤ ਤਸਵੀਰ ਵੀ ਇਸੇ ਤਰ੍ਹਾਂ ਦੀ ਨਜ਼ਰ ਆਉਂਦੀ ਹੈ। ਬਾਬਾ ਵਿਸ਼ਵਕਰਮਾ ਨੂੰ ‘ਇੰਜੀਨੀਅਰਿੰਗ ਦਾ ਦੇਵਤਾ’ ਵੀ ਕਿਹਾ ਜਾਂਦਾ ਹੈ। ਮਹਾਂਭਾਰਤ ਅਤੇ ਪੁਰਾਣਾਂ ਵਿਚ ਉਨ੍ਹਾਂ ਨੂੰ ਦੇਵਤਿਆਂ ਦਾ ਮੁੱਖ ਇੰਜੀਨੀਅਰ ਵਰਨਣ ਕੀਤਾ ਗਿਆ ਹੈ। ਪੁਰਾਤਨ ਗ੍ਰੰਥਾਂ ਦੇ ਮਿਥਿਹਾਸ ਅਨੁਸਾਰ ਬਾਬਾ ਜੀ ਨੇ ਵਿਸ਼ਨੂੰ ਜੀ ਦਾ ਚੱਕਰ, ਸ਼ਿਵ ਜੀ ਦਾ ਤ੍ਰਿਸ਼ੂਲ, ਕਾਰਤਿਕ ਦਾ ਭਾਲਾ ਅਤੇ ਹੋਰ ਦੇਵਤਿਆਂ ਦੇ ਹਥਿਆਰ ਬਣਾਏ। ਇਕ ਉਪ-ਵੇਦ ਜਿਸ ਵਿਚ ਦਸਤਕਾਰੀ ਦੀ ਕਲਾ ਦੇ ਹੁਨਰਾਂ ਦਾ ਵਰਨਣ ਮਿਲਦਾ ਹੈ, ਉਹ ਵੀ ਵਿਸ਼ਵਕਰਮਾ ਜੀ ਦੀ ਮਹਾਨ ਰਚਨਾ ਹੈ।
ਅੱਜ ਸੰਸਾਰ ਦੇ ਕਈ ਹਿੱਸੇ ਆਰਥਿਕ ਸੰਕਟ ਵਿਚ ਫਸੇ ਹੋਏ ਹਨ। ਇਸ ਡਾਵਾਂਡੋਲ ਆਰਥਿਕਤਾ ਅਤੇ ਬੇਰੁਜ਼ਗਾਰੀ ਦੇ ਕਈ ਕਾਰਨ ਹਨ। ਇਨ੍ਹਾਂ ਕਾਰਨਾਂ ਵਿਚੋਂ ਇਕ ਕਾਰਨ ਇਹ ਵੀ ਹੈ ਕਿ ਵਰਤਮਾਨ ਮਸ਼ੀਨਰੀ ਦੀ ਈਜਾਦ ਕਾਰਨ ਚੀਜ਼ਾਂ ਦੀ ਪੈਦਾਵਾਰ ਵੱਧ ਗਈ ਹੈ, ਕਿਉਂਕਿ ਦਸ ਕਾਰੀਗਰਾਂ ਦਾ ਕੰਮ ਹੁਣ ਕੇਵਲ ਇਕ ਹੀ ਮਸ਼ੀਨ ਕਰਨ ਲੱਗੀ ਹੈ। ਮਸ਼ੀਨਰੀ ਨੇ ਹੱਥੀਂ ਕੰਮ ਕਰਨ ਦੀ ਕਦਰ ਵੀ ਘਟਾ ਦਿੱਤੀ ਹੈ ਅਤੇ ਅੱਜ ਦੇ ਨੌਜਵਾਨ ਹੱਥੀਂ ਕੰਮ ਕਰਨ ਨੂੰ ਨਫ਼ਰਤ ਕਰਨ ਲੱਗੇ ਹਨ। ਪਰ ਦੂਜੇ ਪਾਸੇ ਕਈ ਪੱਛਮੀ ਦੇਸ਼ਾਂ ਵਿਚ ਹੱਥਾਂ ਨਾਲ ਬਣਾਈਆਂ ਕਿਰਤਾਂ ਦੀ ਕਦਰ ਵੱਧ ਰਹੀ ਹੈ। ਜੇ ਅੱਜ ਦੇ ਨੌਜਵਾਨ ਬਾਬਾ ਵਿਸ਼ਵਕਰਮਾ ਜੀ ਦੀ ਦਰਸਾਈ ਦਸਤਕਾਰੀ ਦੀ ਕਲਾ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਧਾਰਨ ਕਰ ਲੈਣ ਤਾਂ ਬੇਰੁਜ਼ਗਾਰੀ ਦੀ ਸਮੱਸਿਆ ਕਿਸੇ ਹੱਦ ਤੱਕ ਦੂਰ ਹੋ ਸਕਦੀ ਹੈ।
ਵਿਸ਼ਵਕਰਮਾ ਦਿਵਸ, ਜੋ ਬਾਬਾ ਜੀ ਨੂੰ ਸਮਰਪਿਤ ਹੈ, ਦੇ ਸ਼ੁੱਭ ਅਵਸਰ ‘ਤੇ ਹਰ ਰਾਜ ਮਿਸਤਰੀ, ਤਰਖਾਣ, ਔਜ਼ਾਰਾਂ ਦੇ ਨਿਰਮਾਤਾ ਅਤੇ ਹਰ ਪ੍ਰਕਾਰ ਦੀ ਵਰਕਸ਼ਾਪ ਮਸ਼ੀਨਰੀ ਦੀ ਵਰਤੋਂ ਕਰਨ ਵਾਲੇ ਸਭ ਵਿਸ਼ਵਕਰਮਾ ਜੀ ਦੀ ਕਿਰਤ ਦੇ ਦੇਵਤੇ ਦੇ ਰੂਪ ਵਿਚ ਪੂਜਾ ਕਰਦੇ ਹਨ।
 ਮਹਾਭਾਰਤ ਅਤੇ ਪੁਰਾਣਾਂ ਵਿਚ ਦੇਵਤਿਆਂ ਦਾ ‘ਮੁੱਖ ਇੰਜ਼ੀਨੀਅਰ’ ਵੀ ਦੱਸਿਆ ਹੈ। ਮੰਨਿਆ ਜਾਂਦਾ ਹੈ ਕਿ ‘ਸੋਨੇ ਦੀ ਲੰਕਾ’ ਦਾ ਨਿਰਮਾਣ ਵੀ ਵਿਸ਼ਕਰਮਾ ਨੇ ਕੀਤਾ। ਵਿਸ਼ਕਰਮਾ ਦੇਵਤਿਆਂ ਦੇ ਮਕਾਨ ਹੀ ਨਹੀ, ਸਗੋਂ ਉਨ੍ਹਾ ਵਲੋਂ ਵਰਤੇ ਜਾਂਦੇ ਸ਼ਸਤਰ ਤੇ ਅਸਤਰ ਵੀ ਇਹੀ ਬਣਾਉਂਦਾ ਹੈ। ਸਥਾਪਤਯ ਉਪਵੇਦ ਜਿਸ ਵਿਚ ਦਸਤਕਾਰੀ ਦੇ ਹੁਨਰ ਦੱਸੇ ਹਨ, ਉਹ ਵਿਸ਼ਕਰਮਾ ਦਾ ਹੀ ਰਚਿਆ ਹੋਇਆ ਹੈ। ਮਹਾਭਾਰਤ ਵਿਚ ਇਸ ਦੀ ਬਾਬਤ ਇਉਂ ਲਿਖਿਆ ਹੈ, ‘ਦੇਵਤਿਆਂ ਦਾ ਪਤ, ਗਹਿਣੇ ਘੜਨ ਵਾਲਾ, ਵਧੀਆ ਕਾਰੀਗਰ, ਜਿਸ ਨੇ ਦੇਵਤਿਆਂ ਦੇ ਰੱਥ ਬਣਾਏ ਹਨ, ਜਿਸ ਦੇ ਹੁੱਨਰ ਤੇ ਪ੍ਰਿਥਵੀ ਖੜੀ ਹੈ।ਅਜੋਕੇ ਸਮੇਂ ਅੰਦਰ ਵੀ ਇਹ ਬਣੇ ਹੋਏ ਡੈਮ, ਮਿੱਲਾਂ, ਗਗਨਚੁੰਬੀ ਇਮਾਰਤਾਂ, ਰੇਲਵੇ ਲਾਈਨਾਂ, ਪਹਾੜਾਂ ਵਿਚ ਖੁਦੀਆਂ ਹੋਈਆਂ ਸੁਰੰਗਾਂ ਤੇ ਹੋਰ ਕਈ ਪ੍ਰਕਾਰ ਦੇ ਹਥਿਆਰ ਤੇ ਇੰਨ੍ਹਾਂ ਸਭ ਦੀ ਉਸਾਰੀ ਲਈ ਵਰਤੇ ਗਏ ਔਜ਼ਾਰ, ਇਹ ਸਭ ਬਾਬਾ ਵਿਸ਼ਕਰਮਾ ਦੀ ਕਲਾ ਦੀ ਹੀ ਦੇਣ ਹੈ।ਰਮਾਇਣ ਵਿਚ ਲਿਖਿਆ ਮਿਲਦਾ ਹੈ ਕਿ ਵਿਸ਼ਕਰਮਾ ਅੱਠਵੇਂ ਵਸ਼ ਪ੍ਰਭਾਤ ਦਾ ਪੁੱਤਰ ਲਾਵਨਯਮਤੀ ਦੇ ਪੇਟੋਂ ਜਨਮਿਆ, ਇਸ ਦੀ ਪੁੱਤਰੀ ਸੰਜਨਾ ਦਾ ਵਿਆਹ ਸੂਰਯ ਨਾਲ ਹੋਇਆ ਸੀ, ਪਰ ਜਦ ਸੰਜਨਾ ਸੂਰਯ ਦਾ ਤੇਜ਼ ਸਹਾਰ ਨਾ ਸਕੀ ਤਾਂ ਵਿਸ਼ਕਰਮਾ ਨੇ ਸੂਰਯ ਨੂੰ ਆਪਣੇ ਖਰਾਦ ਤੇ ਚੜ੍ਹਾ ਕੇ ਉਸ ਦਾ ਅੱਠਵਾਂ ਭਾਗ ਛਿੱਲ ਦਿੱਤਾ। ਜਿਸ ਤੋਂ ਸੂਰਯ ਦੀ ਤਪਸ਼ ਘੱਟ ਹੋ ਗਈ।ਸੂਰਯ ਦੇ ਛਿੱਲੜ ਤੋਂ ਵਿਸ਼ਕਰਮਾ ਨੇ ਵਿਸ਼ਨੂੰ ਦਾ ਚੱਕਰ, ਸ਼ਿਵਜੀ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਹੋਰ ਕਈ ਦੇਵੀ ਦੇਵਤਿਆਂ ਦੇ ਸ਼ਸਤਰ ਬਣਾਏ। ਜਗੰਨਾਥ ਦਾ ਬੁੱਤ ਵੀ ਵਿਸ਼ਕਰਮਾ ਦੀ ਦਸਤਕਾਰੀ ਦਾ ਕਮਾਲ ਹੈ। ਇਹ ਜਗੰਨਾਥ ਵਿਸ਼ਨੂੰ ਅਤੇ ਸ਼੍ਰੀ ਕ੍ਰਿਸ਼ਨ ਜੀ ਦੀ ਇਕ ਖਾਸ ਮੂਰਤੀ ਹੈ, ਜੋ ਬੰਗਾਲ ਅਤੇ ਹਿੰਦੂਸਤਾਨ ਦੇ ਕਈ ਹੋਰ ਥਾਵਾਂ ਤੇ ਪੂਜੀ ਜਾਂਦੀ ਹੈ, ਪਰ ਉੜੀਸਾ ਵਿਚ ਕਟਕ ਦੇ ਜਿਲ੍ਹੇ ਸਮੁੰਦਰ ਦੇ ਕਿਨਾਰੇ ‘ਪੁਰੀ ਵਿਚ ਇਸ ਦੀ ਬਹੁਤ ਹੀ ਮਾਨਤਾ ਹੈ, ਕਈ ਯਾਤਰੀ ਬਾਹਰਲੇ ਦੇਸ਼ਾ ਤੋਂ ਉਥੇ ਜਾਂਦੇ ਹਨ, ਵਿਸ਼ੇਸ਼ ਕਰਕੇ ਇਹ ਲੋਕ ਰੱਥ ਯਾਤਰਾ ਦੇ ਦਿਨਾਂ ਵਿਚ ਉਥੇ ਬਹੁਤ ਭਾਰੀ ਜਲੂਸ ਦੇ ਰੂਪ ਵਿਚ ਜਮ੍ਹਾਂ ਹੁੰਦੇ ਹਨ। ਜੋ ਹਾੜ ਸੁਦੀ ਦੋ ਨੂੰ ਮਨਾਈ ਜਾਂਦੀ ਹੈ। ਇਸ ਸਮੇਂ ਜਗੰਨਾਥ ਦੀ ਮੂਰਤੀ ਨੂੰ ਰੱਥ ਵਿਚ ਬਿਠਾਉਂਦੇ ਹਨ, ਜੋ 16 ਪਹੀਏ ਦਾ 48 ਫੁੱਟ ਉਚਾ ਹੈ, ਭਗਤ ਲੋਕ ਇਸ ਰੱਥ ਨੂੰ ਖਿੱਚਦੇ ਹਨ। ਬਲਰਾਮ ਦਾ ਰੱਥ 14 ਪਹੀਏ ਤੇ 44 ਫੁੱਟ ਉਚਾ, ਭਰਤ ਦਾ 12 ਪਹੀਏ ਦਾ 43 ਫੁੱਟ ਉਚਾ, ਇੰਨ੍ਹਾਂ ਦੋਵਾਂ ਵਿੱਚ ਦੋਵਾਂ ਦੀਆਂ ਮੂਰਤੀਆਂ ਰੱਖੀਆਂ ਜਾਂਦੀਆਂ ਹਨ, ਪੁਰਾਣੇ ਸਮੇਂ ਬਹੁਤ ਲੋਕ ਰੱਥ ਦੇ ਪਹੀਏ ਹੇਠ ਆ ਕੇ ਮਰਨ ਤੋਂ ਮੁਕਤੀ ਹੋਈ ਮੰਨਦੇ ਸਨ। ‘ਸਕੰਦਪੁਰਾਣ’ ਵਿੱਚ ਜਗੰਨਾਥ ਦੀ ਬਾਬਤ ਇੱਕ ਅਨੋਖੀ ਕਥਾ ਹੈ ਕਿ ਜਦ ਸ੍ਰੀ ਕ੍ਰਿਸ਼ਨ ਜੀ ਨੂੰ ‘ਜਰ’ ਸ਼ਿਕਾਰੀ ਨੇ ਪੈਰ ਵਿੱਚ ਤੀਰ ਮਾਰ ਦਿੱਤਾ ਤਾਂ ਉਹਨਾਂ ਦਾ ਸਰੀਰ ਕਈ ਦਿਨ ਇੱਕ ਬ੍ਰਿਛ ਦੇ ਥੱਲੇ ਪਿਆ ਰਿਹਾ। ਕੁੱਝ ਸਮੇਂ ਪਿੱਛੋਂ ਕਿਸੇ ਪ੍ਰੇਮੀ ਨੇ ਅਸਥੀਆਂ ਸੰਦੂਕ ਵਿੱਚ ਪਾ ਕੇ ਰੱਖ ਦਿੱਤੀਆਂ, ਉੜੀਸਾ ਦੇ ਰਾਜੇ ਇੰਦਰਦਯੁਮਨ ਨੂੰ ਵਿਸ਼ਨੂੰ ਵੱਲੋਂ ਹੁਕਮ ਹੋਇਆ ਕਿ ਜਗੰਨਾਥ ਦਾ ਇੱਕ ਬੁੱਤ ਬਣਾ ਕੇ ਉਹ ਅਸਥੀਆਂ ਉਸ ਵਿੱਚ ਸਥਾਪਨ ਕਰੇ। ਰਾਜਾ ਇੰਦਰਦਯੁਮਨ ਨੇ ਬਾਬਾ ਵਿਸ਼ਕਰਮਾ ਨੂੰ ਪ੍ਰਾਥਨਾ ਕੀਤੀ ਤਾਂ ਰਾਜੇ ਦੀ ਪ੍ਰਾਥਨਾ ਮੰਨ ਕੇ ਵਿਸ਼ਕਰਮਾ ਨੇ ਦੇਵਤਿਆਂ ਦਾ ਮਿਸਤਰੀ ਬੁੱਤ ਬਣਾਉਣ ਲਈ ਇੱਕ ਸ਼ਰਤ ਤੇ ਤਿਆਰ ਹੋਇਆ ਕਿ ਜੇ ਕੋਈ ਬਣਦੀ ਹੋਈ ਮੂਰਤੀ ਨੂੰ ਮੁਕੰਮਲ ਹੋਈ ਬਿਨ੍ਹਾਂ ਪਹਿਲਾਂ ਹੀ ਦੇਖ ਲਵੇਗਾ ਤਾਂ ਮੈਂ ਕੰਮ ਉਥੇ ਹੀ ਛੱਡ ਦੇਵਾਂਗਾ। ਹੋਰ ਕੋਈ ਚਾਰਾ ਨਹੀ ਸੀ, ਇਸ ਲਈ ਰਾਜਾ ਇੰਦਰਦਯੁਮਨ ਇਹ ਸ਼ਰਤ ਮੰਨ ਗਿਆ। ਬੁੱਤ ਬਣਦੇ- ਬਣਦੇ ਪੰਦਰਾਂ ਦਿਨ ਬੀਤ ਗਏ। ਰਾਜਾ ਹੋਰ ਇੰਤਜ਼ਾਰ ਨਾ ਕਰ ਸਕਿਆ ਤੇ ਬਾਬਾ ਵਿਸ਼ਕਰਮਾ ਕੋਲ ਜਾ ਪੁੱਜਿਆ ਤੇ ਵਿਸ਼ਕਰਮਾ ਨੇ ਕੰਮ ਉਥੇ ਹੀ ਛੱਡ ਦਿੱਤਾ। ਜਗੰਨਾਥ ਦਾ ਬੁੱਤ ਬਿਨ੍ਹਾਂ ਹੱਥਾਂ, ਪੈਰਾਂ ਤੇ ਅੱਖਾਂ ਦੇ ਹੀ ਰਹਿ ਗਿਆ। ਰਾਜਾ ਇੰਦਰਦਯੁਮਨ ਨੇ ਬ੍ਰਹਮਾ ਅੱਗੇ ਪ੍ਰਾਥਨਾ ਕੀਤੀ ਤਾਂ ਬ੍ਰਹਮਾ ਨੇ ਉਸ ਬੁੱਤ ਨੂੰ ਹੱਥ, ਪੈਰ, ਅੱਖਾਂ ਤੇ ਆਤਮਾ ਬਖਸ਼ ਕੇ ਆਪਣੇ ਹੱਥੀਂ ਪ੍ਰਤਿਸ਼ਟਾ ਕਰਕੇ ਜਗਤਮਾਨਯ ਥਾਪਿਆ। ਇਤਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਜਗੰਨਾਥ ਦਾ ਮੰਦਿਰ ਰਾਜਾ ਅਨੰਤਵਰਮਾ ਨੇ ਬਣਾਇਆ ਹੈ, ਜੋ ਸੰਨ 1076 ਤੋਂ ਸੰਨ 1147 ਤੱਕ ਗੰਗਾ ਅਤੇ ਗੋਦਾਵਰੀ ਦੇ ਮੱਧ ਰਾਜ ਕਰਦਾ ਸੀ। ਇਸ ਮੰਦਰ ਦਾ ਬਾਹਰ ਦਾ ਹਾਤਾ 665 ਫੁੱਟ ਲੰਬਾ, 644 ਫੁੱਟ ਚੌੜਾ, ਚਾਰਦੀਵਾਰੀ 24 ਫੁੱਟ ਉਚੀ ਹੈ ਅਤੇ ਮੰਦਿਰ ਦੀ ਉਚਾਈ ਕਲਸ ਤੱਕ 192 ਫੁੱਟ ਹੈ।
ਦੀਵਾਲੀ ਤੋਂ ਅਗਲੇ ਦਿਨ ਹੱਥੀਂ ਕੰਮਕਾਰ ਕਰਨ ਵਾਲੇ ਸਭ ਮਿਸਤਰੀ ਚਾਹੇ, ਉਹ ਰਾਜ ਮਿਸਤਰੀ ਹਨ, ਲੱਕੜ ਮਿਸਤਰੀ ਹਨ, ਖਰਾਦੀਏ ਹਨ ਜਾਂ ਵੱਡੀਆਂ- ਵੱਡੀਆਂ ਵਰਕਸ਼ਾਪਾਂ ਦੇ ਮਿਸਤਰੀ ਸਭ ਵਿਸ਼ਕਰਮਾ ਦਿਵਸ ਤੇ ਬਾਬਾ ਵਿਸ਼ਕਰਮਾ ਦੀ ਪੂਜਾ ਅਰਚਨਾ ਕਰਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ।

 

Comment here