ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਰਾਜਗ ਸਰਕਾਰ ਨੇ ਕੇਂਦਰ ’ਚ ਆਪਣੇ 8 ਵਰ੍ਹੇ ਮੁਕੰਮਲ ਕਰ ਲਏ ਹਨ। ਮੈਂ ਇਨ੍ਹਾਂ 8 ਸਾਲਾਂ ਦੇ ਇਸ ਸ਼ਾਸਨ ਨੂੰ ਨਵੇਂ ਭਾਰਤ ਦੇ ਨਿਰਮਾਣ ਦੀ ਯਾਤਰਾ ਵਜੋਂ ਦੇਖਦਾ ਹਾਂ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਇਹ ਨਵਾਂ ਭਾਰਤ ਕੀ ਹੈ? ਨਵੇਂ ਭਾਰਤ ਦਾ ਅਰਥ ਹੈ ਇਕ ਮਜ਼ਬੂਤ, ਸਮਰੱਥ, ਯੋਗ ਅਤੇ ਆਤਮਨਿਰਭਰ ਭਾਰਤ ਅਤੇ ਇਹ ਚੰਗੀ ਗੱਲ ਹੈ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਅੱਠ ਸਾਲਾਂ ’ਚ ਇਸ ਭਾਰਤ ਦਾ ਨੀਂਹ ਪੱਥਰ ਰੱਖਣ ਦਾ ਕੰਮ ਕੀਤਾ ਹੈ। ਇਸ ਦੌਰਾਨ ਦੇਸ਼ ਨੂੰ ਕੋਵਿਡ ਸੰਕਟ ਸਮੇਤ ਕਈ ਰੁਕਾਵਟਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਮੋਦੀ ਜੀ ਦੀ ਯੋਗ ਅਗਵਾਈ ’ਚ ਦੇਸ਼ ਨੇ ਇਨ੍ਹਾਂ ਦਾ ਮਜ਼ਬੂਤੀ ਨਾਲ ਸਾਹਮਣਾ ਕੀਤਾ ਅਤੇ ਨਵੇਂ ਭਾਰਤ ਦੇ ਨਿਰਮਾਣ ਦੀ ਯਾਤਰਾ ਜਾਰੀ ਰੱਖੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੋਵਿਡ ਮਹਾਮਾਰੀ ਨੇ ਪੂਰੀ ਦੁਨੀਆ ਦੇ ਆਰਥਿਕ ਦ੍ਰਿਸ਼ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ਹਾਲੇ ਵੀ ਕੋਵਿਡ ਦੇ ਮਾੜੇ ਪ੍ਰਭਾਵਾਂ ਤੋਂ ਉਭਰਨ ਲਈ ਸੰਘਰਸ਼ ਕਰ ਰਹੀਆਂ ਹਨ। ਕੋਵਿਡ ਦਾ ਪ੍ਰਭਾਵ ਭਾਰਤ ’ਚ ਵੀ ਰਿਹਾ ਪਰ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਕਾਰਨ ਇਹ ਸਾਡੀ ਅਰਥਵਿਵਸਥਾ ਨੂੰ ਬਹੁਤਾ ਪ੍ਰਭਾਵਿਤ ਨਹੀਂ ਕਰ ਸਕਿਆ। ਜਦੋਂ ਦੁਨੀਆ ਦੇ ਵੱਡੇ ਦੇਸ਼ ਕੋਵਿਡ ਦੇ ਸ਼ਿਕਾਰ ਹੋ ਗਏ ਸਨ, ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਆਤਮਨਿਰਭਰ ਭਾਰਤ’ ਦਾ ਸੱਦਾ ਦਿੱਤਾ ਸੀ ਅਤੇ ਸਪੱਸ਼ਟ ਕੀਤਾ ਸੀ ਕਿ ਜੇ ਸੰਕਲਪ ਦ੍ਰਿੜ੍ਹ ਹੈ, ਤਾਂ ਕਿਸੇ ਆਫ਼ਤ ਨੂੰ ਵੀ ਮੌਕੇ ’ਚ ਬਦਲਿਆ ਜਾ ਸਕਦਾ ਹੈ।
ਜਿੱਥੇ ਆਤਮਨਿਰਭਰ ਭਾਰਤ ਦੇ ਸੰਕਲਪ ਨੇ ਨਿਰਾਸ਼ ਭਾਰਤੀ ਜਨਤਾ ’ਚ ਆਸ ਜਗਾਈ, ਉੱਥੇ ਇਸ ਅਧੀਨ ਐਲਾਨੇ ਵੀਹ ਲੱਖ ਕਰੋੜ ਦੇ ਆਰਥਿਕ ਪੈਕੇਜ ਨੇ ਭਾਰਤੀ ਅਰਥਵਿਵਸਥਾ ਨੂੰ ਨਵੀਂ ਜ਼ਿੰਦਗੀ ਦਿੱਤੀ। ਸਰਕਾਰ ਦੀਆਂ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ ਕਿ ਕੋਵਿਡ ਸੰਕਟ ਦਾ ਸਾਹਮਣਾ ਕਰਨ ਦੇ ਬਾਵਜੂਦ, ਭਾਰਤੀ ਅਰਥਵਿਵਸਥਾ ਹਾਲੇ ਵੀ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਬਣੀ ਹੋਈ ਹੈ। ਭਾਰਤ ਅੱਜ ਦੇਸ਼ ਦੀ ਛੇਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ 2015 ਦੇ 142ਵੇਂ ਸਥਾਨ ਤੋਂ ‘ਇਜ਼ ਆਫ ਡੂਇੰਗ ਬਿਜ਼ਨੈੱਸ’ ਸੂਚਕ-ਅੰਕ ’ਚ 63ਵੇਂ ਸਥਾਨ ’ਤੇ ਆ ਗਿਆ ਹੈ। ਭਾਰਤ ਦੁਨੀਆ ਦਾ ਨਿਵੇਸ਼ ਸਥਾਨ ਬਣ ਗਿਆ ਹੈ। ਅੱਜ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਆਤਮਨਿਰਭਰਤਾ ਦੇ ਰਾਹ ’ਤੇ ਚੱਲਦਿਆਂ ਭਾਰਤ ਵਿਸ਼ਵ ਦੀ ਆਰਥਿਕ ਮਹਾਸ਼ਕਤੀ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ। 2014 ’ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਜਨ ਧਨ ਯੋਜਨਾ ਰਾਹੀਂ ਕਰੋੜਾਂ ਗ਼ਰੀਬਾਂ ਦੇ ਬੈਂਕ ਖਾਤੇ ਖੋਲ੍ਹ ਕੇ ਅਤੇ ਉਨ੍ਹਾਂ ਨੂੰ ਦੇਸ਼ ਦੀ ਅਰਥਵਿਵਸਥਾ ’ਚ ਸ਼ਾਮਲ ਕਰਕੇ, ਮੋਦੀ ਜੀ ਨੇ ਸਪੱਸ਼ਟ ਕੀਤਾ ਸੀ ਕਿ ਇਹ ਸਰਕਾਰ ਸਮਾਵੇਸ਼ੀ ਵਿਕਾਸ ਦੇ ਮਾਡਲ ਨਾਲ ਅੱਗੇ ਵਧਣ ਵਾਲੀ ਹੈ। ਮੋਦੀ ਸਰਕਾਰ ਦੇ ਸ਼ਾਸਨ ਦਾ ਮੂਲ ਮੰਤਰ ‘ਸਬਕਾ ਸਾਥ ਸਬਕਾ ਵਿਕਾਸ’ ਹੈ, ਜੋ ਦਰਸਾਉਂਦਾ ਹੈ ਕਿ ਇਹ ਵਿਕਾਸ ਦੇ ਸਰਬ-ਸਪਰਸ਼ੀ ਅਤੇ ਸਰਬ-ਸਮਾਵੇਸ਼ੀ ਮਾਡਲ ਵੱਲ ਵਧ ਰਹੀ ਹੈ, ਜਿਸ ਦਾ ਮਕਸਦ ਲੋਕਾਂ ਤੱਕ ਪਹੁੰਚ ਕੇ ਦੇਸ਼ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ। ਉੱਜਵਲਾ, ਆਯੁਸ਼ਮਾਨ ਭਾਰਤ, ਮੁਦਰਾ, ਪੀ. ਐੱਮ. ਕਿਸਾਨ-ਸਨਮਾਨ ਨਿਧੀ, ਸਵੱਛ ਭਾਰਤ, ਸੌਭਾਗਯ, ਆਵਾਸ, ਡੀ. ਬੀ. ਟੀ. ਆਦਿ ਯੋਜਨਾਵਾਂ ਰਾਹੀਂ ਮੋਦੀ ਸਰਕਾਰ ਨੇ ਦੇਸ਼ ਦੇ ਗ਼ਰੀਬਾਂ ਨੂੰ ਨਾ ਸਿਰਫ਼ ਮਜ਼ਬੂਤ ਕਰਨ ਦਾ ਸਫ਼ਲ ਯਤਨ ਕੀਤਾ ਹੈ ਸਗੋਂ ਉਨ੍ਹਾਂ ਨੂੰ ਸਨਮਾਨਿਤ ਢੰਗ ਨਾਲ ਰਹਿਣ ਦਾ ਮੌਕਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਹਿਲੀਆਂ ਸਰਕਾਰਾਂ ’ਚ ਵੀ ਯੋਜਨਾਵਾਂ ਬਣਾਈਆਂ ਗਈਆਂ ਪਰ ਯੋਜਨਾਵਾਂ ਦਾ ਪੈਮਾਨਾ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੀ ਰਫਤਾਰ ਮੋਦੀ ਸਰਕਾਰ ਦੀ ਵਿਸ਼ੇਸ਼ਤਾ ਰਹੀ ਹੈ। ਹੁਣ ਯੋਜਨਾਵਾਂ ਹਰ ਕਿਸੇ ਲਈ ਗਿਣਤੀ ਨੂੰ ਸੀਮਤ ਕੀਤੇ ਬਿਨਾਂ ਬਣਾਈਆਂ ਜਾਂਦੀਆਂ ਹਨ। ਆਜ਼ਾਦੀ ਤੋਂ ਬਾਅਦ ਪਿਛਲੇ ਅੱਠ ਸਾਲਾਂ ’ਚ ਪਹਿਲੀ ਵਾਰ ਗ਼ਰੀਬ ਅਤੇ ਪੱਛੜੇ ਦੇਸ਼ ਦੀ ਸਰਕਾਰ ’ਚ ਹਿੱਸੇਦਾਰ ਬਣੇ ਅਤੇ ਉਹ ਦੇਸ਼ ਦੀ ਅਰਥਵਿਵਸਥਾ ਦੀ ਮੁੱਖ ਧਾਰਾ ਨਾਲ ਜੁੜੇ ਹੋਏ ਹਨ।
ਮੋਦੀ ਸਰਕਾਰ ਅਧੀਨ ਰਾਸ਼ਟਰੀ ਸੁਰੱਖਿਆ ਨੂੰ ਵੀ ਬੇਮਿਸਾਲ ਤਾਕਤ ਮਿਲੀ ਹੈ। ਇਹ ਸਰਕਾਰ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਦਾ ਰਵੱਈਆ ਰੱਖਦਿਆਂ ਵਧ ਰਹੀ ਹੈ। ਹੁਣ ਅੱਤਵਾਦੀ ਹਮਲਿਆਂ ’ਤੇ ਕਾਂਗਰਸ ਸਰਕਾਰਾਂ ਵਾਂਗ ਸਿਰਫ਼ ਨਿੰਦਾ ਕਰਨ ਨਾਲ ਫਰਜ਼ ਨਹੀਂ ਨਿਭਾਇਆ ਜਾਂਦਾ, ਸਗੋਂ ਸਰਜੀਕਲ ਸਟ੍ਰਾਈਕ ਅਤੇ ਏਅਰ ਸਟ੍ਰਾਈਕ ਰਾਹੀਂ ਅੱਤਵਾਦੀਆਂ ਨੂੰ ਘਰਾਂ ’ਚ ਵੜ ਕੇ ਮੂੰਹ-ਤੋੜਵਾਂ ਜਵਾਬ ਦਿੱਤਾ ਜਾਂਦਾ ਹੈ। ਇਹ ਤਬਦੀਲੀ ਦੇਸ਼ ਦੀ ਲੀਡਰਸ਼ਿਪ ਦੀ ਤਾਕਤ ਕਾਰਨ ਹੀ ਸੰਭਵ ਹੋਈ ਹੈ। ਕਾਂਗਰਸ ਸਰਕਾਰਾਂ ਦੌਰਾਨ ਅਕਸਰ ਇਹ ਸੁਣਨ ਨੂੰ ਮਿਲਦਾ ਸੀ ਕਿ ਭਾਰਤੀ ਫੌਜ ਕੋਲ ਗੋਲਾ-ਬਾਰੂਦ ਦੀ ਘਾਟ ਸੀ ਪਰ ਹੁਣ ਸਰਕਾਰ ਦੇਸ਼ ਦੀ ਫ਼ੌਜ ਨੂੰ ਸਿਰਫ਼ ਗੋਲਾ-ਬਾਰੂਦ ਹੀ ਨਹੀਂ, ਸਾਰੇ ਅਤਿ-ਆਧੁਨਿਕ ਸਾਧਨਾਂ ਅਤੇ ਸਾਜ਼ੋ-ਸਾਮਾਨ ਨਾਲ ਲੈਸ ਰੱਖਣ ਲਈ ਲਗਾਤਾਰ ਕੰਮ ਕਰ ਰਹੀ ਹੈ। ਅੱਜ ਜਿੱਥੇ ਰਾਫੇਲ ਵਰਗਾ ਅਤਿ-ਆਧੁਨਿਕ ਲੜਾਕੂ ਜਹਾਜ਼ ਦੇਸ਼ ਦੇ ਅੰਬਰਾਂ ਦੀ ਰਾਖੀ ਕਰ ਰਿਹਾ ਹੈ, ਉੱਥੇ ਹੀ ਐੱਸ-400 ਵਰਗੀ ਬਿਹਤਰੀਨ ਮਿਜ਼ਾਈਲ ਰੱਖਿਆ ਪ੍ਰਣਾਲੀ ਵੀ ਦੇਸ਼ ਦੇ ਹਥਿਆਰ ਵਜੋਂ ਤਾਇਨਾਤ ਕੀਤੀ ਗਈ ਹੈ। ਰੱਖਿਆ ਸਮੱਗਰੀ ਲਈ ਦੂਜੇ ਦੇਸ਼ਾਂ ’ਤੇ ਨਿਰਭਰ ਭਾਰਤ ਨੇ 2019 ’ਚ 10 ਹਜ਼ਾਰ ਕਰੋੜ ਰੁਪਏ ਦੇ ਰੱਖਿਆ ਉਤਪਾਦਾਂ ਦੀ ਬਰਾਮਦ ਕੀਤੀ ਅਤੇ ਇਸ ਨੂੰ 2025 ਤੱਕ 35 ਹਜ਼ਾਰ ਕਰੋੜ ਰੁਪਏ ਕਰਨ ਦਾ ਟੀਚਾ ਹੈ। ਇਹ ਸਭ ਕੁਝ ਇਸ ਲਈ ਸੰਭਵ ਹੋਇਆ ਹੈ ਕਿਉਂਕਿ ਮੋਦੀ ਸਰਕਾਰ ਲਈ ਰਾਸ਼ਟਰੀ ਸੁਰੱਖਿਆ ਰਾਸ਼ਟਰੀ ਹਿੱਤ ਦਾ ਮਾਮਲਾ ਹੈ, ਰਾਜਨੀਤੀ ਦਾ ਨਹੀਂ। ਸਾਡੀ ਸਰਕਾਰ ਇਸ ’ਤੇ ਕੋਈ ਸਮਝੌਤਾ ਨਹੀਂ ਕਰ ਸਕਦੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਨਾ ਸਿਰਫ਼ ਦੇਸ਼ ਨੂੰ ਰਾਸ਼ਟਰੀ ਪੱਧਰ ’ਤੇ ਮਜ਼ਬੂਤ ਕੀਤਾ ਹੈ ਸਗੋਂ ਵਿਸ਼ਵ ਪੱਧਰ ’ਤੇ ਭਾਰਤ ਦਾ ਮਾਣ ਵਧਾਉਣ ਦਾ ਕੰਮ ਵੀ ਕੀਤਾ ਹੈ। ਜਲਵਾਯੂ ਸੰਕਟ ’ਤੇ ਦੁਨੀਆ ਨੂੰ ਰਾਹ ਦਿਖਾਉਣਾ ਹੋਵੇ ਜਾਂ ਕੋਵਿਡ ਵਿਰੁੱਧ ਭਾਰਤ ਦੀ ਲੜਾਈ ’ਚ ਦੁਨੀਆ ਲਈ ਮਿਸਾਲ ਬਣਨਾ, ਇਨ੍ਹਾਂ ਸਾਰੀਆਂ ਗੱਲਾਂ ਨੇ ਵਿਸ਼ਵ ਮੰਚ ’ਤੇ ਭਾਰਤ ਦਾ ਮਾਣ ਵਧਾਇਆ ਹੈ। ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਦੁਨੀਆ ਦੇ ਕਿਸੇ ਵੀ ਦੇਸ਼ ਦਾ ਦੌਰਾ ਕਰਦੇ ਹਨ ਜਾਂ ਕਿਸੇ ਵੀ ਗਲੋਬਲ ਮੰਚ ’ਤੇ ਹੁੰਦੇ ਹਨ ਤਾਂ ਅਕਸਰ ਉਨ੍ਹਾਂ ਦੇ ਬਿਆਨਾਂ ’ਚ ਭਾਰਤ ਦੀ ਖੁਸ਼ਹਾਲ ਸੱਭਿਆਚਾਰਕ ਵਿਰਾਸਤ ਦਾ ਕਾਫੀ ਜ਼ਿਕਰ ਹੁੰਦਾ ਹੈ। ਆਪਣੇ ਬਿਆਨਾਂ ਰਾਹੀਂ ਉਹ ਦੁਨੀਆ ਨੂੰ ਭਾਰਤ ਪ੍ਰਤੀ ਇਕ ਨਵਾਂ ਦ੍ਰਿਸ਼ਟੀਕੋਣ ਦਿੰਦੇ ਹਨ। ਹੁਣ ਭਾਰਤ ਵਿਸ਼ਵ ਦੀ ਕਿਸੇ ਵੀ ਮਹਾਸ਼ਕਤੀ ਅੱਗੇ ਝੁਕੇ ਬਿਨਾਂ ਦੇਸ਼ ਹਿੱਤ ਵਿਚ ਆਪਣੀ ਰਾਏ ਖੁੱਲ੍ਹ ਕੇ ਪ੍ਰਗਟ ਕਰਦਾ ਹੈ। ਅੱਜ ਮੋਦੀ ਜੀ ਨੂੰ ਸੰਯੁਕਤ ਰਾਸ਼ਟਰ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ, ਇਹ ਵੀ ਦੁਨੀਆ ਵਿਚ ਭਾਰਤ ਦੇ ਵਧਦੇ ਵੱਕਾਰ ਦਾ ਸੰਕੇਤ ਹੈ। ਪਿਛਲੇ ਅੱਠ ਸਾਲਾਂ ’ਚ ਦੇਸ਼ ਵਿਚ ਨਾ ਸਿਰਫ਼ ਭਾਰਤ ਦੇ ਮਹਾਨ ਸੱਭਿਆਚਾਰ ਅਤੇ ਰਵਾਇਤਾਂ ਨੂੰ ਬਹਾਲ ਕੀਤਾ ਗਿਆ ਹੈ ਸਗੋਂ ਪ੍ਰਧਾਨ ਮੰਤਰੀ ਮੋਦੀ ਦੇ ਯਤਨਾਂ ਸਦਕਾ ਭਾਰਤੀ ਸੱਭਿਆਚਾਰ ਨੂੰ ਆਲਮੀ ਪੱਧਰ ’ਤੇ ਸਨਮਾਨ ਵੀ ਮਿਲਿਆ ਹੈ। ਭਾਰਤ ਦੇ ਯੋਗ ਨੂੰ ਅੰਤਰਰਾਸ਼ਟਰੀ ਮਾਨਤਾ ਮਿਲਣਾ ਇਸ ਦੀ ਇਕ ਉਦਾਹਰਣ ਹੈ। ਜੇ ਮੋਦੀ ਜੀ ਦੇਸ਼ ਦੇ ਹਿੱਤ ਵਿਚ ਵੱਡੇ ਅਤੇ ਸਖ਼ਤ ਫ਼ੈਸਲੇ ਲੈਂਦੇ ਹਨ ਤਾਂ ਇਸ ਦਾ ਇਕ ਮੁੱਖ ਕਾਰਨ ਉਨ੍ਹਾਂ ’ਚ ਲੋਕਾਂ ਦਾ ਅਥਾਹ ਭਰੋਸਾ ਹੈ। ਅੱਜ ਜਨਤਾ ਨੂੰ ਮੋਦੀ ਦੀ ਲੀਡਰਸ਼ਿਪ ’ਤੇ ਇੰਨਾ ਭਰੋਸਾ ਹੈ ਕਿ ਲੋਕ ਖੁਦ ਹੀ ਉਨ੍ਹਾਂ ਦੇ ਫ਼ੈਸਲੇ ਅੱਗੇ ਵਧਾਉਣ ’ਚ ਲੱਗ ਜਾਂਦੇ ਹਨ। ਸਵੱਛ ਭਾਰਤ ਅਭਿਆਨ ਦਾ ਸੱਦਾ ਹੋਵੇ, ਗੈਸ ਸਬਸਿਡੀ ਛੱਡਣ ਦੀ ਅਪੀਲ ਹੋਵੇ, ਨੋਟਬੰਦੀ ਦਾ ਫ਼ੈਸਲਾ ਹੋਵੇ ਜਾਂ ਕੋਵਿਡ ਦੌਰਾਨ ਲਾਕਡਾਊਨ ਦਾ ਐਲਾਨ, ਇਨ੍ਹਾਂ ਸਾਰੇ ਮਾਮਲਿਆਂ ’ਚ ਮੋਦੀ ਜੀ ਦੇ ਸੱਦੇ ’ਤੇ ਲੋਕਾਂ ਨੇ ਜਿਸ ਤਰ੍ਹਾਂ ਨਾਲ ਸਰਕਾਰ ਦਾ ਸਾਥ ਦਿੱਤਾ, ਉਹ ਮੋਦੀ ਜੀ ਪ੍ਰਤੀ ਲੋਕਾਂ ਦੇ ਅਥਾਹ ਵਿਸ਼ਵਾਸ ਨੂੰ ਹੀ ਦਰਸਾਉਂਦਾ ਹੈ। ਅੱਜ ਜਦੋਂ ਮੋਦੀ ਜੀ ਦੀ ਸਰਕਾਰ ਨੇ ਆਪਣੇ 8 ਸਾਲ ਪੂਰੇ ਕਰ ਲਏ ਹਨ ਤਾਂ ਦੇਸ਼ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ। ਇਸ ਅੰਮ੍ਰਿਤ ਕਾਲ ਵਿਚ ਪੂਰੇ ਹੋਏ ਇਹ ਅੱਠ ਸਾਲ ਅਗਲੇ 25 ਸਾਲਾਂ ਲਈ ਦੇਸ਼ ਨੂੰ ਅੱਗੇ ਲਿਜਾਣ ਦੀ ਦਿਸ਼ਾ ਤਿਆਰ ਕਰਨ ਵਾਲੇ ਹਨ। ਮੈਨੂੰ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ, ਦੇਸ਼ ਨੇ ਇਨ੍ਹਾਂ 8 ਸਾਲਾਂ ’ਚ ਨਵੇਂ ਭਾਰਤ ਦੀ ਜੋ ਮਜ਼ਬੂਤ ਨੀਂਹ ਤਿਆਰ ਕੀਤੀ ਹੈ, ਆਉਣ ਵਾਲੇ ਸਮੇਂ ’ਚ ਵਿਸ਼ਵ ਦੀ ਅਗਵਾਈ ਕਰਨ ਲਈ ਇਕ ਸਮਰੱਥ, ਮਜ਼ਬੂਤ ਅਤੇ ਆਤਮਨਿਰਭਰ ਭਾਰਤ ਦਾ ਨਿਰਮਾਣ ਹੋਵੇਗਾ।
Comment here