ਚਲੰਤ ਮਾਮਲੇਵਿਸ਼ੇਸ਼ ਲੇਖ

ਭੈਣ ਭਰਾ ਦੇ ਪਿਆਰ ਤੇ ਵਿਸ਼ਵਾਸ ਦਾ ਪ੍ਰਤੀਕ ਰੱਖੜੀ ਤਿਉਹਾਰ

ਭਾਰਤੀਆਂ ਦਾ ਉਤਸ਼ਾਹ ਤੇ ਚਾਅ ਨਾਲ ਮਨਾਇਆ ਜਾਣ ਵਾਲਾ ਹੈ ‘ਰੱਖੜੀ ਦਾ ਤਿਉਹਾਰ।’ ਦੁਨੀਆ ਦੇ ਕਿਸੇ ਵੀ ਕੋਨੇ ਚ ਵਸੇ ਹੋਏ ਭਾਰਤੀ ਰੱਖੜੀ ਮੌਕੇ ਚਾਅ ਪੂਰੇ ਕਰਨ ਚ ਪਿੱਛੇ ਨਹੀਂ ਰਹਿੰਦੇ। ਇਹ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਰੱਖੜੀ ਸ਼ਬਦ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ-ਰੱਖ+ੜੀ-ਰੱਖ ਤੋਂ ਭਾਵ ਹੈ ਸੁਰੱਖਿਆ ਅਤੇ ੜੀ ਤੋਂ ਭਾਵ ਹੈ ਕਰਨ ਵਾਲਾ। ਇਸ ਤਰ੍ਹਾਂ ਰੱਖੜੀ ਸ਼ਬਦ ਦਾ ਅਰਥ ਹੈ-ਸੁਰੱਖਿਆ ਕਰਨ ਵਾਲਾ। ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਅਨਮੋਲ ਤੇ ਅਤੁੱਟ ਰਿਸ਼ਤੇ ਦਾ ਪ੍ਰਤੀਕ ਹੈ। ਰੱਖੜੀ ਦਾ ਪਵਿੱਤਰ ਦਿਨ ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਕੱਚੇ ਧਾਗੇ ਦੀ ਪੱਕੀ ਡੋਰ ਆਪਣੇ ਭਰਾਵਾਂ ਦੇ ਗੁੱਟ ‘ਤੇ ਬੰਨ੍ਹਦੀਆਂ ਹਨ ਤੇ ਆਪਣੇ ਭਰਾਵਾਂ ਦੀ ਲੰਮੀ ਉਮਰ ਅਤੇ ਖ਼ੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ। ਭਰਾ ਵੀ ਸਾਰੀ ਉਮਰ ਆਪਣੀ ਭੈਣ ਦੀ ਸੁਰੱਖਿਆ ਕਰਨ ਦਾ ਵਚਨ ਦਿੰਦੇ ਹਨ। ਰੱਖੜੀ ਬੰਨ੍ਹਣ ਤੋਂ ਬਾਅਦ ਭੈਣ ਆਪਣੇ ਭਰਾ ਦਾ ਮੂੰਹ ਮਿੱਠਾ ਕਰਵਾਉਂਦੀ ਹੈ ਤੇ ਭਰਾ ਉਸ ਨੂੰ ਨਕਦੀ ਜਾਂ ਤੋਹਫ਼ੇ ਆਦਿ ਦਿੰਦਾ ਹੈ। ਬਦਲਦੇ ਜ਼ਮਾਨੇ ਤੇ ਵਧਦੇ ਫੈਸ਼ਨ ਨੇ ਹੁਣ ਰੇਸ਼ਮੀ ਧਾਗੇ ਦੀ ਥਾਂ ਫੈਂਸੀ ਰੱਖੜੀਆਂ ਨੇ ਲੈ ਲਈ ਹੈ। ਅੱਜ ਭੈਣਾਂ ਆਪਣੇ ਭਰਾਵਾਂ ਲਈ ਸੋਨੇ, ਚਾਂਦੀ ਦੀਆਂ ਰੱਖੜੀਆਂ ਖ਼ਰੀਦਦੀਆਂ ਹਨ। ਭੈਣਾਂ ਦੇ ਜੀਵਨ ‘ਚ ਇਸ ਦਿਨ ਦੀ ਬਹੁਤ ਮਹੱਤਤਾ ਹੈ। ਪੂਰੇ ਭਾਰਤ ‘ਚ ਇਸ ਦਿਨ ਨੂੰ ਖ਼ੁਸ਼ੀਆਂ ਨਾਲ ਮਨਾਇਆ ਜਾਂਦਾ ਹੈ। ਹਰੇਕ ਤਿਉਹਾਰ ਦੇ ਪਿੱਛੇ ਕੋਈ ਨਾ ਕੋਈ ਇਤਿਹਾਸਕ ਘਟਨਾ ਜ਼ਰੂਰ ਹੁੰਦੀ ਹੈ। ਰੱਖੜੀ ਦੇ ਤਿਉਹਾਰ ਨਾਲ ਮੇਵਾੜ ਦੀ ਰਾਣੀ ਕਰਮਵਤੀ ਦੀ ਕਹਾਣੀ ਜੁੜੀ ਹੋਈ ਹੈ। ਕਰਮਵਤੀ ਨੇ ਬਹਾਦਰ ਸ਼ਾਹ ਦੇ ਹਮਲੇ ਤੋਂ ਬਚਣ ਲਈ ਮੁਗ਼ਲ ਬਾਦਸ਼ਾਹ ਹਮਾਯੂੰ ਨੂੰ ਆਪਣੀ ਤੇ ਆਪਣੇ ਰਾਜ ਦੀ ਸੁਰੱਖਿਆ ਲਈ ਰੱਖੜੀ ਭੇਜੀ ਸੀ। ਹਮਾਯੂੰ ਨੇ ਮੁਸਲਮਾਨ ਹੁੰਦਿਆਂ ਹੋਇਆਂ ਵੀ ਉਸ ਰੱਖੜੀ ਦੀ ਲਾਜ ਰੱਖੀ। ਮੁਗ਼ਲ ਬਾਦਸ਼ਾਹ ਹਮਾਯੂੰ ਨੇ ਬਹਾਦਰ ਸ਼ਾਹ ਵਿਰੁੱਧ ਯੁੱਧ ਕਰ ਕੇ ਰਾਣੀ ਕਰਮਵਤੀ ਅਤੇ ਉਸ ਦੇ ਰਾਜ ਦੀ ਰੱਖਿਆ ਕੀਤੀ ਸੀ। ਮਹਾਂਭਾਰਤ ‘ਚ ਵੀ ਰੱਖੜੀ ਦਾ ਜ਼ਿਕਰ ਆਉਂਦਾ ਹੈ। ਸ੍ਰੀ ਕ੍ਰਿਸ਼ਨ ਜੀ ਦੁਆਰਾ ਸ਼ਿਸ਼ੂਪਾਲ ਦੇ ਵਧ ਦੌਰਾਨ ਜਦੋਂ ਸੁਦਰਸ਼ਨ ਚੱਕਰ ਦੁਆਰਾ ਸ੍ਰੀ ਕ੍ਰਿਸ਼ਨ ਜੀ ਦੀ ਉਂਗਲੀ ਕੱਟ ਗਈ ਸੀ ਤਾਂ ਦਰੋਪਦੀ ਨੇ ਆਪਣੀ ਸਾੜੀ ਨਾਲੋਂ ਕੱਪੜਾ ਪਾੜ ਕੇ ਉਸ ਉਂਗਲੀ ‘ਤੇ ਲਪੇਟਿਆ ਸੀ। ਇਸ ਬਦਲੇ ਸ੍ਰੀ ਕ੍ਰਿਸ਼ਨ ਜੀ ਨੇ ਚੀਰਹਰਨ ਸਮੇਂ ਦਰੋਪਦੀ ਦੀ ਸਾੜੀ ਵਧਾ ਕੇ ਉਸ ਦੀ ਰੱਖਿਆ ਕੀਤੀ ਸੀ। ਇਸ ਪ੍ਰਕਾਰ ਰੱਖੜੀ ਦਾ ਸਬੰਧ ਇਕ ਔਰਤ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ, ਜਿਸ ‘ਚ ਉਹ ਆਪਣੇ ਹਰ ਔਖੇ ਸਮੇਂ ‘ਚ ਆਪਣੇ ਭਰਾ ਤੋਂ ਆਪਣੀ ਸੁਰੱਖਿਆ ਦੀ ਉਮੀਦ ਰੱਖਦੀ ਹੈ।ਰੱਖੜੀ ਦੇ ਤਿਉਹਾਰ ‘ਤੇ ਬੱਚੇ ਆਪਣੇ ਲਈ ਖ਼ੁਸ਼ੀ ਤੇ ਮਸਤੀ ਦੀ ਭਾਲ ਕਰ ਹੀ ਲੈਂਦੇ ਹਨ। ਰੱਖੜੀ ਦੇ ਦਿਨਾਂ ‘ਚ ਬਾਜ਼ਾਰਾਂ ਵਿਚ ਬੱਚਿਆਂ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਰੱਖੜੀਆਂ ਮੌਜੂਦ ਹੁੰਦੀਆਂ ਹਨ। ਬੱਚਿਆਂ ਨੂੰ ਜ਼ਿਆਦਾਤਰ ਉਨ੍ਹਾਂ ਦੇ ਪਸੰਦੀਦਾ ਕਾਰਟੂਨ ਕਿਰਦਾਰ, ਜਿਵੇਂ- ਡੋਰੇਮੋਨ, ਪੋਕੇਮੋਨ, ਛੋਟਾ ਭੀਮ, ਮੋਟੂ-ਪਤਲੂ, ਬੈਟਮੈਨ, ਹੈਰੀ ਪਾਟਰ, ਸਪਾਈਡਰਮੈਨ ਆਦਿ ਵਾਲੀਆਂ ਰੱਖੜੀਆਂ ਵਧੇਰੇ ਪਸੰਦ ਆਉਂਦੀਆਂ ਹਨ। ਇਨ੍ਹਾਂ ਰੱਖੜੀਆਂ ‘ਚ ਲੱਗੀਆਂ ਲਾਈਟਾਂ ਬੱਚਿਆਂ ਦੀ ਖਿੱਚ ਦਾ ਕੇਂਦਰ ਬਣਦੀਆਂ ਹਨ। ਰੱਖੜੀ ਦੇ ਦਿਨਾਂ ‘ਚ ਤੋਹਫ਼ਿਆਂ ‘ਚ ਚਾਕਲੇਟ ਮਿਲ ਜਾਣ ‘ਤੇ ਵੱਡੇ ਹੋਣ ਜਾਂ ਛੋਟੇ, ਸਭ ਖ਼ੁਸ਼ੀ ਨਾਲ ਭਰ ਜਾਂਦੇ ਹਨ। ਇਸ ਤਰ੍ਹਾਂ ਰੱਖੜੀ ਦਾ ਤਿਉਹਾਰ ਸਮਾਜ ‘ਚ ਆਪਸੀ ਪਿਆਰ ਦਾ ਪ੍ਰਤੀਕ ਹੈ।

ਬੇਸ਼ਕ ਅੱਜ ਰਿਸ਼ਤਿਆਂ ਵਿਚ ਪਹਿਲਾਂ ਵਾਲੀ ਨਿੱਘ ਤੇ ਨੇੜਤਾ ਨਹੀਂ ਰਹੀ ਪਰ ਅਜੇ ਵੀ ਕੁਝ ਲੋਕ ਮੋਹ ਭਰੇ ਦਿਲ ਰੱਖਦੇ ਹਨ। ਸਾਰੇ ਭੈਣ ਭਰਾ ਇਸ ਰਿਸ਼ਤੇ ਨੂੰ ਮਹਿਜ ਇਕ ਰਸਮੀ ਤਿਉਹਾਰ ਨਾ ਸਮਝਣ। ਇੱਕ ਦੋ ਚਾਰ ਦਿਨ ਬਾਅਦ ਟੁੱਟ ਜਾਣ ਵਾਲੀ ਡੋਰ ਨਾਲੋਂ ਇਸ ਦੀ ਕਦਰ ਕੀਮਤ ਪੈਂਦੀ ਹੈ। ਦਿਖਾਵਿਆਂ ਨੂੰ ਛੱਡ ਕੇ ਸਾਦਗੀ ਤੇ ਪਿਆਰ ਸਤਿਕਾਰ ਨਾਲ ਇਹ ਮੋਹ ਦੀਆਂ ਤੰਦਾ ਮਂਜ਼ਬੂਤ ਕਰਨੀਆਂ ਭੈਣ ਭਰਾ ਦੇ ਗੂੜ੍ਹੇ ਰਿਸ਼ਤੇ ਲਈ ਵਰਦਾਨ ਬਣ ਜਾਣਗੀਆਂ।

Comment here