ਨਵੀਂ ਦਿੱਲੀ : ਭਾਜਪਾ ਸੰਸਦੀ ਬੋਰਡ ਨੇ ਆਪਣੇ ਸੀਨੀਅਰ ਆਗੂਆਂ ਅਤੇ ਕੇਂਦਰੀ ਮੰਤਰੀਆਂ ਨੂੰ ਹਾਲ ਹੀ ਵਿੱਚ ਜਿੱਤੇ ਚਾਰ ਰਾਜਾਂ ਦੀ ਕਮਾਂਡ ਸੋਂਪੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉੱਤਰ ਪ੍ਰਦੇਸ਼ ਲਈ ਸਹਿ-ਨਿਗਰਾਨ ਨਿਯੁਕਤ ਕੀਤਾ ਹੈ। ਉਨ੍ਹਾਂ ਦੇ ਨਾਲ ਰਘੁਵਰ ਦਾਸ ਨੂੰ ਵੀ ਯੂਪੀ ਦਾ ਕੋ-ਸੁਪਰਵਾਈਜ਼ਰ ਬਣਾਇਆ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਉੱਤਰਾਖੰਡ ਦੇ ਨਿਗਰਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੀਨਾਕਸ਼ੀ ਲੇਖੀ ਉੱਤਰਾਖੰਡ ਦੀ ਸਹਿ-ਸੁਪਰਵਾਈਜ਼ਰ ਹੋਵੇਗੀ। ਇਸਦੇ ਨਾਲ ਹੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਮਣੀਪੁਰ ਦਾ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਕਿਰਨ ਰਿਜਿਜੂ ਮਨੀਪੁਰ ਦੇ ਸਹਿ-ਨਿਗਰਾਨ ਹੋਣਗੇ। ਇਸੇ ਤਰ੍ਹਾਂ ਨਰਿੰਦਰ ਸਿੰਘ ਤੋਮਰ ਨੂੰ ਗੋਆ ਦੇ ਅਬਜ਼ਰਵਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕੇਂਦਰੀ ਮੰਤਰੀ ਐੱਲ. ਮੁਰੂਗਨ ਗੋਆ ਦੇ ਸਹਿ-ਨਿਗਰਾਨ ਵਜੋਂ ਅਹੁਦਾ ਸੰਭਾਲਣਗੇ। ਨਵੀਂ ਸਰਕਾਰ ਦੇ ਗਠਨ ਵਿੱਚ ਸਾਰੇ ਨਿਗਰਾਨ ਅਹਿਮ ਭੂਮਿਕਾ ਨਿਭਾਉਣਗੇ।
ਹੋਲੀ ਤੋਂ ਬਾਅਦ ਯੂਪੀ ਵਿੱਚ ਸਰਕਾਰ ਬਣਾਉਣ ਦੀ ਸੰਭਾਵਨਾ ਹੈ। ਇਸੇ ਸਿਲਸਿਲੇ ‘ਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਿੱਲੀ ਆਏ ਹਨ। ਉਨ੍ਹਾਂ ਨੇ ਦਿੱਲੀ ‘ਚ ਪ੍ਰਧਾਨ ਮੰਤਰੀ ਮੋਦੀ, ਭਾਜਪਾ ਪ੍ਰਧਾਨ ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਯੂਪੀ ਵਿੱਚ ਨਵੀਂ ਸਰਕਾਰ ਦੇ ਗਠਨ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਮੰਤਰੀ ਮੰਡਲ ‘ਚ ਕਿਹੜੇ-ਕਿਹੜੇ ਚਿਹਰਿਆਂ ਨੂੰ ਸ਼ਾਮਲ ਕੀਤਾ ਜਾਵੇਗਾ, ਉਨ੍ਹਾਂ ਦੇ ਨਾਵਾਂ ‘ਤੇ ਮੰਥਨ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਯੂਪੀ ਵਿੱਚ ਭਾਜਪਾ ਨੇ ਸਹਿਯੋਗੀ ਪਾਰਟੀਆਂ ਨਾਲ ਮਿਲ ਕੇ 403 ਵਿਧਾਨ ਸਭਾ ਸੀਟਾਂ ਵਿੱਚੋਂ 273 ਸੀਟਾਂ ਜਿੱਤੀਆਂ ਹਨ ਜਦਕਿ ਸਮਾਜਵਾਦੀ ਪਾਰਟੀ ਨੂੰ 111 ਸੀਟਾਂ ਮਿਲੀਆਂ ਹਨ। ਦੂਜੇ ਪਾਸੇ ਉੱਤਰਾਖੰਡ ਦੀਆਂ 70 ’ਚੋਂ 47 ‘ਤੇ ਜਿੱਤ ਦਰਜ ਕੀਤੀ ਹੈ। ਗੋਆ ਦੀਆਂ 40 ਵਿਧਾਨ ਸਭਾ ਸੀਟਾਂ ਵਿੱਚੋਂ ਭਾਜਪਾ ਨੂੰ 20 ਸੀਟਾਂ ਮਿਲੀਆਂ ਹਨ। ਭਾਜਪਾ ਨੇ ਮਨੀਪੁਰ ਦੀਆਂ 60 ਵਿਧਾਨ ਸਭਾ ਸੀਟਾਂ ਵਿੱਚੋਂ 32 ਸੀਟਾਂ ਜਿੱਤੀਆਂ ਹਨ।
Comment here