ਟੋਕੀਓ ਓਲੰਪਿਕ ‘ਚ ਅੱਜ ਭਾਰਤ ਦੀ ਹਾਕੀ ਟੀਮ ਆਪਣਾ ਸੈਮੀਫਾਈਨਲ ਮੈਚ ਖੇਡਣ ਉਤਰੀ। ਸਾਹਮਣੇ ਬੈਲਜੀਅਮ ਦੀ ਟੀਮ ਸੀ ਤੇ ਬੈਲਜੀਅਮ ਨੇ ਭਾਰਤ ਨੂੰ 5-2 ਨਾਲ ਹਰਾਇਆ। ਭਾਰਤੀ ਟੀਮ ਮੁੱਢ ਚ ਹੀ ਦਬਾਅ ਹੇਠ ਆ ਗਈ ਸੀ, ਬੈਲਜੀਅਮ ਨੇ ਮੈਚ ਦੀ ਸ਼ੁਰੂਆਤ ‘ਚ ਹੀ ਪੈਨਲਟੀ ਕਾਰਨਰ ਲੈ ਲਿਆ। ਦੂਸਰੇ ਮਿੰਟ ‘ਚ ਬੈਲਜੀਅਮ ਦੇ ਲਿਊਪੇਰਟ ਨੇ ਗੋਲ ਦਾਗਿਆ ਤੇ ਮੈਚ ‘ਚ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਮੈਚ ਦੇ 7ਵੇਂ ਮਿੰਟ ‘ਚ ਭਾਰਤ ਨੂੰ ਦੂਸਰਾ ਪੈਨਲਟੀ ਕਾਰਨਰ ਮਿਲਿਆ। ਹਰਮਨਪ੍ਰੀਤ ਸਿੰਘ ਨੇ ਸ਼ਾਨਦਾਰ ਡਰੈਗ ਫਲਿੱਕ ਦੇ ਨਾਲ ਗੋਲ ਕਰ ਕੇ ਭਾਰਤ ਦਾ ਖਾਤਾ ਖੋਲ੍ਹਿਆ ਤੇ ਸਕੋਰ ਬਰਾਬਰ ਕੀਤਾ। 8ਵੇਂ ਮਿੰਟ ‘ਚ ਮਨਦੀਪ ਸਿੰਘ ਨੇ ਭਾਰਤ ਲਈ ਦੂਸਰਾ ਗੋਲ ਕੀਤਾ ਤੇ ਟੀਮ 2-1 ਨਾਲ ਲੀਡ ਕੀਤਾ। ਮਨਦੀਪ ਸਿੰਘ ਨੇ ਰਿਵਰਸ ਸਲੈਪ ਸ਼ਾਟ ਦੇ ਨਾਲ ਗੋਲ ਕੀਤਾ। ਦੂਸਰੇ ਕੁਆਰਟਰ ‘ਚ ਬੈਲਜੀਅਮ ਨੂੰ ਦੋ ਪੈਨਲਟੀ ਕਾਰਨਰ ਮਿਲੇ ਪਰ ਭਾਰਤ ਨੇ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਹਾਲਾਂਕਿ 18ਵੇਂ ਮਿੰਟ ‘ਚ ਮਿਲੇ ਕਾਰਨਰ ‘ਤੇ ਆਖ਼ਿਰਕਾਰ ਵਰਲਡ ਚੈਂਪੀਅਨ ਟੀਮ ਨੂੰ ਬਰਾਬਰੀ ਦਾ ਮੌਕਾ ਦੇ ਦਿੱਤਾ। ਐਲੇਗਜ਼ੈਂਡਰ ਹੈਂਡਰਿਕਸ ਨੇ ਟੂਰਨਾਮੈਂਟ ‘ਚ 12ਵਾਂ ਗੋਲ ਕੀਤਾ। ਪਹਿਲੇ ਹਾਫ ਦੀ ਖੇਡ ‘ਚ ਦੋਵੇਂ ਟੀਮਾਂ 2-2 ਨਾਲ ਬਰਾਬਰੀ ‘ਤੇ ਰਹੀਆਂ। ਤੀਸਰੇ ਕੁਆਰਟਰ ‘ਚ ਦੋਵਾਂ ਹੀ ਟੀਮਾਂ ਵੱਲੋਂ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਹਾਲਾਂਕਿ ਦੋਵਾਂ ਟੀਮਾਂ ਕੋਲ ਪੈਨਲਟੀ ਕਾਰਨਰ ਜ਼ਰੀਏ ਗੋਲ ਕਰਨ ਦਾ ਮੌਕਾ ਸੀ, ਪਰ ਡਿਫੈਂਡ ਦੀ ਵਜ੍ਹਾ ਨਾਲ ਕੋਈ ਟੀਮ ਕਾਮਯਾਬ ਨਹੀਂ ਹੋਈ। ਤੀਸਰੇ ਕੁਆਰਟਰ ਤੋਂ ਬਾਅਦ ਮੁਕਾਬਲਾ 2-2 ਨਾਲ ਬਰਾਬਰੀ ‘ਤੇ ਰਿਹਾ। ਚੌਥੇ ਕੁਆਰਟਰ ਦੇ ਕਰੀਬ ਚੌਥੇ ਮਿੰਟ ‘ਚ ਪੈਨਲਟੀ ਕਾਰਨਰ ਜ਼ਰੀਏ ਬੈਲਜੀਅਮ ਨੇ ਗੋਲ ਕੀਤਾ ਤੇ ਭਾਰਤ ‘ਤੇ 3-2 ਨਾਲ ਬੜ੍ਹਤ ਬਣਾ ਲਈ। ਐਲੇਗਜ਼ੈਂਡਰ ਹੈਂਡ੍ਰਿਕਸ ਨੇ ਮੈਚ ਦਾ ਤੀਸਰਾ ਗੋਲ ਪੈਨਲਟੀ ਕਾਰਨਰ ਜ਼ਰੀਏ ਕੀਤਾ ਤੇ ਭਾਰਤ ‘ਤੇ ਬੈਲਜੀਅਮ ਦੀ ਬੜ੍ਹਤ ਨੂੰ 4-2 ਕਰ ਦਿੱਤਾ। ਇਸ ਤੋਂ ਬਾਅਦ ਇਕ ਹੋਰ ਗੋਲ ਕਰ ਕੇ ਬੈਲਜੀਅਮ ਨੇ 5-2 ਨਾਲ ਜਿੱਤ ਹਾਸਲ ਕਰ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ ਤੇ ਭਾਰਤ ਨੂੰ ਹਰਾ ਦਿੱਤਾ। ਭਾਰਤ ਹੁਣ ਪੰਜ ਅਗਸਤ ਨੂੰ ਕਾਂਸੀ ਦੇ ਤਮਗੇ ਲਈ ਮੈਚ ਖੇਡੇਗਾ।
ਭਾਰਤ ਦੇ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ ਭਾਰਤੀ ਹਾਕੀ ਟੀਮ ਨੂੰ ਸ਼ਾਨਦਾਰ ਖੇਡ ਲਈ ਵਧਾਈ ਦਿੱਤੀ ਤੇ ਅਗਾਮੀ ਮੈਚ ਲਈ ਸ਼ੁਭ ਕਾਮਨਾ ਦਿੰਦਿਆਂ ਕਿਹਾ ਕਿ ਹਾਰ ਜਿੱਤ ਜੀਵਨ ਦਾ ਹਿੱਸਾ ਹੈ, ਹਾਰ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ, ਆਪਣਾ ਬਿਹਤਰ ਪ੍ਰਦਰਸ਼ਨ ਕਰਦੇ ਰਹਿਣਾ ਚਾਹੀਦਾ ਹੈ।
Comment here