ਬਾਲ ਵਰੇਸ

ਬਿੱਲੀ ਦਾ ਸ਼ੀਸ਼ਾ

ਚੀਨੀ ਲੋਕ ਕਹਾਣੀ

ਇੱਕ ਦਿਨ ਸ਼ੇਰ ਨੇ ਜੰਗਲ ਵਿੱਚ ਇੱਕ ਬਿੱਲੀ ਫੜ ਲਈ। ਸ਼ੇਰ ਉਸ ਨੂੰ ਖਾਣ ਬਾਰੇ ਸੋਚ ਹੀ ਰਿਹਾ ਸੀ ਤਾਂ ਬਿੱਲੀ ਨੇ ਪੁੱਛਿਆ, ”ਤੁਸੀਂ ਮੈਨੂੰ ਕਿਉਂ ਖਾਣਾ ਚਾਹੁੰਦੇ ਹੋ?”
ਸ਼ੇਰ ਨੇ ਕਿਹਾ, ”ਮੈਂ ਵੱਡਾ ਹਾਂ ਤੇ ਤੂੰ ਛੋਟੀ ਏਂ?” ਬਿੱਲੀ ਨੇ ਅੱਖਾਂ ਇਧਰ ਉਧਰ ਘੁੰਮਾਉਂਦਿਆਂ ਕਿਹਾ, ”ਨਹੀਂ ਨਹੀਂ, ਵੱਡੀ ਤਾਂ ਮੈਂ ਹਾਂ, ਆਪ ਛੋਟੇ ਹੋ। ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹੋ ਕਿ ਮੈਂ ਵੱਡਾ ਹਾਂ?” ਬਿੱਲੀ ਦੀ ਇਹ ਗੱਲ ਸੁਣ ਕੇ ਸ਼ੇਰ ਉਲਝਣ ਵਿੱਚ ਪੈ ਗਿਆ।
ਸ਼ੇਰ ਨੇ ਮਨ ਹੀ ਮਨ ਸੋਚਿਆ, ”ਗੱਲ ਤਾਂ ਇਸ ਦੀ ਠੀਕ ਹੈ ਕਿ ਮੈਂ ਕਿਸ ਤਰ੍ਹਾਂ ਸਾਬਤ ਕਰ ਸਕਦਾ ਹਾਂ ਕਿ ਮੈਂ ਕਿੰਨਾ ਵੱਡਾ ਹਾਂ?”
ਬਿੱਲੀ ਨੇ ਕਿਹਾ, ”ਮੇਰੇ ਘਰ ਇੱਕ ਸ਼ੀਸ਼ਾ ਹੈ ਉਸ ਵਿੱਚ ਮੂੰਹ ਦੇਖਣ ਨਾਲ ਪਤਾ ਲੱਗ ਜਾਏਗਾ ਕਿ ਕੌਣ ਛੋਟਾ ਹੈ।”
ਸ਼ੇਰ ਨੇ ਸ਼ੀਸ਼ਾ ਕਦੀ ਵੀ ਦੇਖਿਆ ਨਹੀਂ ਸੀ। ਉਹ ਸ਼ੀਸ਼ਾ ਦੇਖਣ ਲਈ ਬਿੱਲੀ ਦੇ ਘਰ ਜਾਣ ਲਈ ਤਿਆਰ ਹੋ ਗਿਆ।
ਬਿੱਲੀ ਦਾ ਸ਼ੀਸ਼ਾ ਵੀ ਅਜੀਬ ਸੀ। ਉਸ ਦੀ ਉਪਰ ਵਾਲੀ ਤਹਿ ਤਾਂ ਉੱਭਰੀ ਹੋਈ ਸੀ ਪਰ ਪਿਛਲਾ ਹਿੱਸਾ ਵਿੱਚ ਨੂੰ ਧੱਸਿਆ ਹੋਇਆ ਸੀ। ਬਿੱਲੀ ਨੇ ਸ਼ੀਸ਼ੇ ਦਾ ਉਭਰਿਆ ਹੋਇਆ ਹਿੱਸਾ ਸ਼ੇਰ ਸਾਹਮਣੇ ਕਰ ਦਿੱਤਾ।
ਸ਼ੇਰ ਜਦੋਂ ਸ਼ੀਸ਼ੇ ਸਾਹਮਣੇ ਖੜ੍ਹਾ ਹੋਇਆ ਤਾਂ ਦੁਬਲਾ-ਪਤਲਾ ਗਲਹਿਰੀ ਵਰਗਾ ਲੱਗ ਰਿਹਾ ਸੀ। ਬਿੱਲੀ ਨੇ ਕਿਹਾ, ”ਪਤਾ ਲੱਗ ਗਿਆ ਕਿ ਤੁਸੀਂ ਕਿੰਨੇ ਵੱਡੇ ਹੋ? ਸ਼ੀਸ਼ੇ ਵਿੱਚ ਅਸਲ ਨਾਲੋਂ ਤਾਂ ਵੱਡਾ ਹੀ ਦਿੱਖਦਾ ਹੈ ਪਰ ਕੁਝ ਸਾਲ ਪਹਿਲਾਂ ਤਾਂ ਤੁਸੀਂ ਹੋਰ ਵੀ ਛੋਟੇ ਸੀ।” ਸ਼ੇਰ ਡਰ ਗਿਆ। ਉਸ ਨੇ ਸਿਰ ਝੁਕਾ ਲਿਆ ਤੇ ਬਿੱਲੀ ਨੇ ਹੌਲੀ ਦੇਣੀ ਸ਼ੀਸ਼ਾ ਘੁੰਮਾ ਦਿੱਤਾ।
ਫਿਰ ਬਿੱਲੀ ਬੋਲੀ, ”ਹੁਣ ਜ਼ਰਾ ਮੈਨੂੰ ਆਪਣਾ ਆਪ ਦੇਖਣ ਦੇ।” ਜਦੋਂ ਬਿੱਲੀ ਸ਼ੀਸ਼ੇ ਮੂਹਰੇ ਖੜ੍ਹੀ ਹੋਈ ਤਾਂ ਸ਼ੇਰ ਨੇ ਵੀ ਅੱਖ ਚੁਰਾ ਕੇ ਦੇਖਿਆ ਤਾਂ ਬਿੱਲੀ ਵੱਡੀ ਅਤੇ ਭਿਆਨਕ ਨਜ਼ਰ ਆ ਰਹੀ ਸੀ। ਬਿੱਲੀ ਦਾ ਮੂੰਹ ਵੀ ਬਹੁਤ ਵੱਡਾ ਲੱਗ ਰਿਹਾ ਸੀ, ਕਦੀ ਖੁੱਲ੍ਹਦਾ ਸੀ ਤਾਂ ਕਦੀ ਬੰਦ ਹੋ ਰਿਹਾ ਸੀ ਅਤੇ ਬੜਾ ਡਰਾਵਣਾ ਲੱਗ ਰਿਹਾ ਸੀ। ਸ਼ੇਰ ਨੇ ਸੋਚਿਆ ਕਿ ਬਿੱਲੀ ਮੈਨੂੰ ਖਾਣਾ ਚਾਹੁੰਦੀ ਹੈ। ਸ਼ੇਰ ਹੌਲੀ ਦੇਣੀ ਉੱਥੋਂ ਖਿਸਕਿਆ ਤੇ ਜੰਗਲ ਵੱਲ ਨੂੰ ਦੌੜ ਗਿਆ।

Comment here