ਸਾਹਿਤਕ ਸੱਥਚਲੰਤ ਮਾਮਲੇਬਾਲ ਵਰੇਸ

ਬਾਲ ਕਹਾਣੀ : ਪਛਤਾਵਾ

ਇੱਕ ਵਾਰ ਦੀ ਗੱਲ ਹੈ, ਇੱਕ ਜੰਗਲ ਵਿੱਚ ਇੱਕ ਕਾਂ ਤੇ ਘੁੱਗੀ ਇੱਕੋ ਹੀ ਦਰੱਖਤ ’ਤੇ ਰਹਿੰਦੇ ਸਨ। ਪਰੰਤੂ ਕਾਂ ਬਹੁਤ ਸ਼ਰਾਰਤੀ ਅਤੇ ਘੁਮੰਡੀ ਸੀ ਅਤੇ ਘੁੱਗੀ ਦਾ ਸੁਭਾਅ ਸ਼ਾਂਤ ਸੀ। ਕਾਂ ਇੰਨਾ ਜ਼ਿਆਦਾ ਸ਼ਰਾਰਤੀ ਸੀ ਕਿ ਉਹ ਹਰੇਕ ਜਾਨਵਰ ਨੂੰ ਚੁੰਝਾਂ ਮਾਰ-ਮਾਰ ਕੇ ਤੰਗ ਕਰਦਾ ਸੀ। ਕਦੇ ਕਿਸੇ ਪੰਛੀ ਦੇ ਆਂਡੇ ਤੋੜ ਦਿੰਦਾ ਸੀ। ਉਸ ਕਾਂ ਨੂੰ ਆਪਣੇ ਵੱਡ-ਵਡੇਰਿਆਂ ਦੇ ਚਲਾਕ ਹੋਣ ਦਾ ਬਹੁਤ ਘੁਮੰਡ ਸੀ। ਪਰੰਤੂ ਉਸ ਦਰੱਖਤ ’ਤੇ ਜੋ ਘੁੱਗੀ ਰਹਿੰਦੀ ਸੀ, ਉਹ ਘੁੱਗੀ ਉਸ ਕਾਂ ’ਤੇ ਪੂਰੀ ਨਜ਼ਰ ਰੱਖਦੀ ਸੀ। ਪਰ ਉਸ ਨੇ ਕਦੇ ਵੀ ਕਾਂ ਨੂੰ ਕੁੱਝ ਨਹੀਂ ਕਿਹਾ। ਜਦੋਂ ਕਾਂ ਕੋਈ ਵੀ ਸ਼ਰਾਰਤ ਜਾਂ ਜ਼ੁਲਮ ਕਰਦਾ ਸੀ, ਤਾਂ ਉਹ ਘੁੱਗੀ ਆਪਣੀ ਚੁੰਝ ਵਿੱਚ ਇੱਕ ਰੋੜਾ ਚੁੱਕ ਕੇ ਲਿਆਉਂਦੀ ਤੇ ਆਪਣੇ ਦਰੱਖਤ ਦੇ ਕੋਲ ਹੀ ਲਿਆ ਕੇ ਰੱਖ ਦਿੰਦੀ।
ਇਸ ਤਰ੍ਹਾਂ ਕਾਫੀ ਸਮਾਂ ਚੱਲਦਾ ਰਿਹਾ, ਪਰੰਤੂ ਕਾਂ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਸੀ ਆ ਰਿਹਾ। ਉਸਦੇ ਜ਼ੁਲਮ ਦਿਨੋ-ਦਿਨ ਵਧਦੇ ਜਾ ਰਹੇ ਸਨ। ਸਾਰੇ ਹੀ ਜੰਗਲ ਦੇ ਜਾਨਵਰ ਉਸ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਸਨ। ਸਾਰੇ ਜਾਨਵਰ ਉਸ ਕਾਂ ਦੇ ਜ਼ੁਲਮ ਨੂੰ ਰੋਕਣ ਲਈ ਨਵੀਆਂ-ਨਵੀਆਂ ਸਕੀਮਾਂ ਘੜਦੇ ਰਹਿੰਦੇ, ਪਰੰਤੂ ਕਾਂ ਅੱਗੇ ਕਿਸੇ ਦੀ ਇੱਕ ਨਾ ਚੱਲਦੀ। ਇਸੇ ਕਾਰਨ ਉਸ ਕਾਂ ਦੀਆਂ ਸ਼ਰਾਰਤਾਂ ਇੰਨੀਆਂ ਜਿਆਦਾ ਵਧ ਚੁੱਕੀਆਂ ਸਨ ਕਿ ਦਰੱਖਤ ਦੇ ਕੋਲ ਰੋੜਿਆਂ ਦਾ ਪੂਰਾ ਢੇਰ ਲੱਗ ਗਿਆ ਸੀ ਇਸ ਢੇਰ ਬਾਰੇ ਘੁੱਗੀ ਤੋਂ ਬਿਨਾਂ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਇਹ ਕਿਸ ਕਾਰਨ ਇਨ੍ਹਾਂ ਵੱਡਾ ਢੇਰ ਲੱਗਾ ਹੈ।
ਇੱਕ ਦਿਨ ਕਾਂ ਅਚਾਨਕ ਬਿਮਾਰ ਹੋ ਗਿਆ ਅਤੇ ਕਾਂ ਨੇ ਆਪਣੇ ਆਲ੍ਹਣੇ ਵਿਚੋਂ ਬਹੁਤ ਫਰਿਆਦ ਕੀਤੀ ਕਿ ਕੋਈ ਵੀ ਚੁੱਕ ਕੇ ਲੈ ਜਾਓ ਤੇ ਦਵਾਈ ਦਿਵਾ ਦਿਓ ਪਰੰਤੂ ਕਾਂ ਨੂੰ ਕੋਈ ਵੀ ਜਾਨਵਰ ਦਵਾਈ ਦਿਵਾੳੇੁਣ ਲਈ ਤਿਆਰ ਨਹੀਂ ਸੀ। ਕਿਸੇ ਨੇ ਵੀ ਉਸ ਦੀ ਮੱਦਦ ਨਹੀਂ ਕੀਤੀ। ਕੋਲ ਬੈਠੀ ਘੁੱਗੀ ਇਹ ਸਭ ਕੁੱਝ ਦੇਖ ਰਹੀ ਸੀ। ਕਾਂ ਦੀ ਹਾਲਤ ਦਿਨੋ-ਦਿਨ ਬਦਤਰ ਹੁੰਦੀ ਜਾ ਰਹੀ ਸੀ ਪਰੰਤੂ ਕੋਈ ਵੀ ਉਸ ਦਾ ਸਾਥ ਨਹੀਂ ਸੀ ਦੇ ਰਿਹਾ।
ਕੁੱਝ ਦਿਨਾਂ ਬਾਅਦ ਕਾਂ ਆਪਣੇ ਆਲ੍ਹਣੇ ਵਿੱਚੋਂ ਬੇਹੋਸ਼ ਹੋ ਕੇ ਉਸੇ ਰੋੜਿਆਂ ਦੇ ਢੇਰ ਉੱਪਰ ਡਿੱਗ ਪਿਆ ਜੋ ਕਿ ਘੁੱਗੀ ਨੇ ਦਰੱਖਤ ਦੇ ਆਲੇ-ਦੁਆਲੇ ਲਾਇਆ ਸੀ। ਅਚਾਨਕ ਉਹ ਘੁੱਗੀ ਉਸ ਕਾਂ ਕੋਲ ਆਈ ਤੇ ਕਾਂ ਨੂੰ ਕਹਿਣ ਲੱਗੀ ਕਿ ਜੋ ਇਹ ਢੇਰ ਤੂੰ ਰੋੜਿਆਂ ਦਾ ਦੇਖ ਰਿਹਾ ਹੈਂ ਇਹ ਸਭ ਤੇਰੇ ਪਾਪ ਹਨ, ਜੋ ਤੂੰ ਦੂਸਰਿਆਂ ’ਤੇ ਕੀਤੇ ਹਨ। ਕਾਂ ਨੂੰ ਸਮਝ ਨਾ ਲੱਗੀ ਤੇ ਕਾਂ ਕਹਿਣ ਲੱਗਾ, ‘‘ਉਹ ਕਿਵੇਂ?’’ ਘੁੱਗੀ, ‘‘ਇਹ ਸਭ ਉਹ ਰੋੜੇ ਇਕੱਠੇ ਕੀਤੇ ਹਨ ਜੋ ਤੂੰ ਦੂਸਰਿਆਂ ’ਤੇੇ ਜੁਲਮ ਕੀਤੇ ਹਨ। ਜਦੋਂ ਵੀ ਤੂੰ ਕੋਈ ਕਿਸੇ ਪੰਛੀ ਜਾਂ ਜਾਨਵਰ ’ਤੇ ਜੁਲਮ ਕਰਦਾ ਸੀ ਤਾਂ ਮੈਂ ਉਸ ਸਮੇਂ ਇੱਕ ਰੋੜਾ ਚੁੱਕ ਕੇ ਇਸ ਦਰੱਖਤ ਕੋਲ ਲਿਆ ਕੇ ਸੁੱਟ ਦਿੰਦੀ ਸੀ। ਜਿਸ ਦਾ ਕਿ ਅੱਜ ਇਨ੍ਹਾਂ ਵੱਡਾ ਢੇਰ ਲੱਗ ਗਿਆ।’’
ਕਾਂ ਇਹ ਸੁਣ ਕੇ ਬਹੁਤ ਹੈਰਾਨ ਹੋਇਆ ਅਤੇ ਆਪਣੇ ਕੀਤੇ ਹੋਏ ਜੁਲਮਾਂ ’ਤੇ ਬਹੁਤ ਪਛਤਾ ਰਿਹਾ ਸੀ ਕਿ ਉਸ ਨੇ ਅਣਜਾਣੇ ਵਿੱਚ ਦੂਸਰਿਆਂ ’ਤੇ ਇੰਨੇ ਜ਼ੁਲਮ ਕਰ ਦਿੱਤੇ। ਇਸੇ ਕਾਰਨ ਅੱਜ ਉਸ ਨੂੰ ਕੋਈ ਦਵਾਈ ਵੀ ਨਹੀਂ ਦਿਵਾ ਰਿਹਾ। ਉਸ ਕਾਂ ਨੇ ਪਛਤਾਵੇ ਕਾਰਨ ਉਨ੍ਹਾਂ ਰੋੜਿਆਂ ’ਤੇ ਹੀ ਆਪਣੀ ਜਾਨ ਦੇ ਦਿੱਤੀ। ਉਸੇ ਰਾਤ ਹੀ ਅਚਾਨਕ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਮੀਂਹ ਇੰਨਾ ਜ਼ਿਆਦਾ ਪਿਆ ਕਿ ਜੰਗਲ ਦੇ ਕਾਫੀ ਸਾਰੇ ਪੰਛੀ ਅਤੇ ਜਾਨਵਰ ਉਸ ਵਿੱਚ ਮਾਰੇ ਗਏ। ਉਹ ਘੁੱਗੀ ਵੀ ਉਸੇ ਮੀਂਹ ਵਿੱਚ ਮਰ ਗਈ ਸੀ। ਜਿਸ ਨੇ ਕਾਂ ਦੇ ਜ਼ੁਲਮਾਂ ਦਾ ਹਿਸਾਬ ਰੱਖਿਆ ਸੀ।
ਮਰਨ ਤੋਂ ਬਾਅਦ ਜਦੋਂ ਉਹ ਘੁੱਗੀ ਨਰਕ ਵਿੱਚ ਗਈ ਤਾਂ ਕਾਫੀ ਹੈਰਾਨ ਸੀ ਕਿ ਉਸ ਨੇ ਕਦੇ ਕੋਈ ਮਾੜਾ ਕਰਮ ਨਹੀਂ ਕੀਤਾ ਫਿਰ ਵੀ ਉਹ ਨਰਕ ਵਿੱਚ ਕਿਵੇਂ ਪਹੁੰਚ ਗਈ। ਅਜੇ ਘੁੱਗੀ ਸੋਚ ਹੀ ਰਹੀ ਸੀ ਕਿ ਅਚਾਨਕ ਉਸ ਨਿਗ੍ਹਾ ਉਸ ਘੁਮੰਡੀ ਕਾਂ ’ਤੇ ਪਈ ਜੋ ਉਸ ਦੇ ਨਾਲ ਉਸੇ ਦਰੱਖਤ ’ਤੇ ਰਹਿੰਦਾ ਸੀ। ਪਰੰਤੂ ਉਹ ਸਵਰਗ ਵਿੱਚ ਸੀ। ਇਹ ਦੇਖ ਕੇ ਘੁੱਗੀ ਦੀ ਹੈਰਾਨੀ ਹੋਰ ਵੀ ਵਧ ਗਈ, ਕਿ ਉਸ ਨੇ ਸਾਰੀ ਉਮਰ ਜੁਲਮ ਕੀਤੇ ਫਿਰ ਵੀ ਸਰਵਗ ਵਿੱਚ, ਇਹ ਕਿੱਦਾਂ ਹੋ ਸਕਦਾ ਹੈ!
ਘੁੱਗੀ ਤੋਂ ਰਿਹਾ ਨਾ ਗਿਆ ਤੇ ਅੰਤ ਉਹ ਯਮਰਾਜ ਕੋਲ ਚਲੀ ਗਈ ਤੇ ਕਹਿਣ ਲੱਗੀ, ‘‘ਮੈਂ ਕਿਸੇ ਉਪਰ ਕੋਈ ਜੁਲਮ ਵੀ ਨਹੀਂ ਕੀਤਾ ਫਿਰ ਵੀ ਮੈਨੂੰ ਨਰਕ ਵਿੱਚ ਭੇਜ ਦਿੱਤਾ ਅਤੇ ਉਹ ਕਾਂ, ਜਿਸ ਨੇ ਆਪਣੀ ਜਿੰਦਗੀ ਵਿੱਚ ਕੋਈ ਚੰਗਾ ਕੰਮ ਤਾਂ ਕਰਨਾ ਦੂਰ ਦੀ ਗੱਲ ਸਗੋਂ ਦੂਸਰਿਆਂ ’ਤੇ ਹਮੇਸ਼ਾ ਜੁਲਮ ਹੀ ਕੀਤੇ ਹਨ, ਉਸ ਨੂੰ ਸਵਰਗ ਵਿੱਚ ਭੇਜ ਦਿੱਤਾ, ਇਹ ਕਿਹੋ-ਜਿਹਾ ਇਨਸਾਫ ਹੈ? ਇਹ ਸਾਰੀ ਵਿਥਿਆ ਸੁਣ ਕੇ ਯਮਰਾਜ ਨੇ ਕਿਹਾ ਕਿ ਕਾਂ ਨੂੰ ਮਰਨ ਤੋਂ ਪਹਿਲਾਂ ਆਪਣੇ ਕੀਤੇ ਜੁਲਮਾਂ ’ਤੇ ਬਹੁਤ ਪਛਤਾਵਾ ਸੀ, ਤੇ ਇਸੇ ਪਛਤਾਵੇ ਕਾਰਨ ਹੀ ਕਾਂ ਨੇ ਆਪਣੀ ਜਾਨ ਦੇ ਦਿੱਤੀ ਕਿ ਉਸ ਨੇ ਅਣਜਾਛੇ ਵਿੱਚ ਇੰਨੇ ਜ਼ੁਲਮ ਕਰ ਦਿੱਤੇ।
ਜਿਸ ਕਾਰਨ ਉਹ ਸਵਰਗ ਵਿੱਚ ਪਹੁੰਚ ਗਿਆ ਤੇ ਤੂੰ ਸਾਰੀ ਉਮਰ ਉਸੇ ਕਾਂ ਦੀਆਂ ਗਲਤੀਆਂ ਤੇ ਜ਼ੁਲਮਾਂ ਨੂੰ ਦੇਖਦੀ ਰਹੀ ਤੇ ਆਪਣੇ ਵੱਲ ਦੇਖਿਆ ਹੀ ਨਹੀਂ?ਕਿ ਮੈਂ ਕੀ ਕਰ ਰਹੀ ਹਾਂ। ਯਮਰਾਜ ਨੇ ਕਿਹਾ ਕਿ ਸਿਆਣਿਆਂ ਨੇ ਵੀ ਕਿਹਾ ਹੈ ਕਿ ਆਪਣੀ ਸੰਭਾਲ ਤੈਨੂੰ ਹੋਰ ਨਾਲ, ਗੱਠੜੀ ਸੰਭਾਲ ਤੈਨੂੰ ਚੋਰ ਨਾਲ ਕੀ। ਇਹ ਸੁੱਣ ਕੇ ਘੁੱਗੀ ਨੂੰ ਆਪਣੇ-ਆਪ ’ਤੇ ਬਹੁਤ ਪਛਤਾਵਾ ਹੋ ਰਿਹਾ ਸੀ।

-ਸੰਦੀਪ ਰਾਣਾ

Comment here