ਚੰਡੀਗੜ੍ਹ-ਅੱਜ ਅੰਮ੍ਰਿਤਸਰ, ਪਟਿਆਲਾ, ਫਿਰੋਜ਼ਪੁਰ, ਮੋਗਾ, ਮੁਕਤਸਰ, ਜਲੰਧਰ ਅਤੇ ਬਠਿੰਡਾ ’ਚ ਹਲਕਾ ਮੀਂਹ ਪਿਆ ਹੈ। ਉਧਰ ਸੀਤ ਲਹਿਰ ਕਰਕੇ ਤਾਪਮਾਨ ਆਮ ਨਾਲੋਂ ਹੇਠਾਂ ਡਿੱਗ ਗਿਆ ਹੈ। ਪੰਜਾਬ ਦਾ ਤਾਪਮਾਨ ਵੀ ਸ਼ਿਮਲਾ ਦੇ ਬਰਾਬਰ ਦਰਜ ਕੀਤਾ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦੋ ਦਿਨ ਸੰਘਣੀ ਧੁੰਦ ਅਤੇ 22 ਤੇ 23 ਜਨਵਰੀ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਅਚਾਨਕ ਹੋਈ ਕਿਣ-ਮਿਣ ਨੇ ਲੋਕਾਂ ਨੂੰ ਠਾਰ ਕੇ ਰੱਖ ਦਿੱਤਾ ਹੈ। ਸੀਤ ਲਹਿਰ ਕਰਕੇ ਲੋਕ ਘਰਾਂ ਤੋਂ ਬਾਹਰ ਘੱਟ ਗਿਣਤੀ ਵਿੱਚ ਹੀ ਨਿਕਲ ਰਹੇ ਹਨ ਜਦੋਂ ਕਿ ਮੌਸਮ ਵਿਭਾਗ ਨੇ ਅਗਲੇ ਹਫ਼ਤੇ ਤਾਪਮਾਨ ਆਮ ਨਾਲੋਂ ਘੱਟ ਰਹਿਣ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 14.6 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 13.7, ਲੁਧਿਆਣਾ ’ਚ 14.4, ਪਟਿਆਲਾ ’ਚ 15.2, ਬਠਿੰਡਾ ’ਚ 12.8, ਗੁਰਦਾਸਪੁਰ ’ਚ 11.8, ਬਰਨਾਲਾ ’ਚ 13, ਫਿਰੋਜ਼ਪੁਰ ’ਚ 13.1, ਹੁਸ਼ਿਆਰਪੁਰ ’ਚ 12.2, ਰੋਪੜ ’ਚ 12.7 ਅਤੇ ਸੰਗਰੂਰ ’ਤ 13.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਕਸ਼ਮੀਰ ਦੀਆਂ ਉੱਚੀ ਚੋਟੀਆਂ ’ਤੇ ਹਲਕਾ ਮੀਂਹ ਅਤੇ ਬਰਫ਼ਬਾਰੀ
ਕਸ਼ਮੀਰ ਦੀਆਂ ਉੱਚੀਆਂ ਚੋਟੀਆਂ ’ਤੇ ਅੱਜ ਤਾਜ਼ਾ ਬਰਫ਼ਬਾਰੀ ਹੋਈ ਹੈ ਜਦਕਿ ਮੈਦਾਨੀ ਇਲਾਕਿਆਂ ’ਚ ਹਲਕਾ ਮੀਂਹ ਪਿਆ ਹੈ। ਉਂਜ ਵਾਦੀ ਦੇ ਜ਼ਿਆਦਾਤਰ ਹਿੱਸਿਆਂ ’ਚ ਘੱਟੋ ਘੱਟ ਤਾਪਮਾਨ ਚੜ੍ਹ ਗਿਆ। ਗੁਲਮਰਗ ’ਚ ਕਰੀਬ 1.2 ਸੈਂਟੀਮੀਟਰ ਬਰਫ਼ ਪਈ। ਅਧਿਕਾਰੀਆਂ ਨੇ ਕਿਹਾ ਕਿ ਵਾਦੀ ਦੀਆਂ ਉੱਚੀਆਂ ਚੋਟੀਆਂ ’ਤੇ ਵੀ ਬਰਫ਼ਬਾਰੀ ਪੈਣ ਦੀਆਂ ਰਿਪੋਰਟਾਂ ਹਨ। ਜ਼ਿਆਦਾਤਰ ਮੈਦਾਨੀ ਇਲਾਕਿਆਂ ’ਚ ਮੀਂਹ ਵੀ ਪਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 24 ਘੰਟਿਆਂ ਦੌਰਾਨ ਜੰਮੂ ਕਸ਼ਮੀਰ ’ਚ ਬੱਦਲਵਾਈ ਬਣੀ ਰਹੇਗੀ ਅਤੇ ਕੁਝ ਥਾਵਾਂ ’ਤੇ ਹਲਕਾ ਮੀਂਹ ਤੇ ਬਰਫ਼ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ 22 ਅਤੇ 23 ਜਨਵਰੀ ਨੂੰ ਮੁੜ ਹਲਕਾ ਮੀਂਹ ਅਤੇ ਬਰਫ਼ਬਾਰੀ ਪੈਣ ਦੀ ਸੰਭਾਵਨਾ ਹੈ। ਉਂਜ ਜਨਵਰੀ ਦੇ ਅਖੀਰ ਤੱਕ ਮੌਸਮ ਖੁਸ਼ਕ ਰਹਿਣ ਦੀ ਪੇਸ਼ੀਨਗੋਈ ਹੈ। ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ’ਚ ਘੱਟੋ ਘੱਟ ਤਾਪਮਾਨ 2.7 ਡਿਗਰੀ ਸੈਲਸੀਅਸ ਦਰਜ ਹੋਇਆ ਜੋ ਬੀਤੀ ਰਾਤ ਦੇ 1.1 ਡਿਗਰੀ ਨਾਲੋਂ ਜ਼ਿਆਦਾ ਰਿਹਾ।
Comment here