ਖਬਰਾਂਚਲੰਤ ਮਾਮਲੇਦੁਨੀਆ

ਬਰੈਂਪਟਨ ‘ਚ ਬਠਿੰਡਾ ਦੇ ਜਲਾਲ ਤੋਂ ਲੜਕੀ ਦੀ ਸੜਕ ਹਾਦਸੇ ‘ਚ ਮੌਤ

ਬਠਿੰਡਾ-ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੀ ਆਏ ਦਿਨ ਕਿਸੇ ਨਾ ਕਿਸੇ ਹਾਦਸੇ ਕਾਰਨ ਮੌਤ ਹੋ ਰਹੀ ਹੈ। ਬਠਿੰਡਾ ਦੇ ਨੇੜਲੇ ਪਿੰਡ ਜਲਾਲ ਤੋਂ ਸੰਬੰਧਿਤ ਲੜਕੀ ਜਸਮੀਨ ਕੌਰ ਪੁੱਤਰੀ ਸੁਖਮੰਦਰ ਸਿੰਘ ਕਾਲਾ ਦੀ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਸੜਕ ਹਾਦਸੇ ਦੌਰਾਨ ਦੁਖਦ ਮੌਤ ਹੋਣ ਦੀ ਖ਼ਬਰ ਸਾਹਮਣੇ ਆਇਆ ਹੈ। ਲੜਕੀ ਜਸਮੀਨ ਕੌਰ ਦੀ ਮੌਤ ਦੀ ਖ਼ਬਰ ਜਿਵੇਂ ਹੀ ਪਿੰਡ ਜਲਾਲ ਪੁੱਜੀ ਤਾਂ ਪੂਰੇ ਪਿੰਡ ਵਿੱਚ ਮਾਤਮ ਪਸਰ ਗਿਆ। ਇਸ ਮੌਕੇ ਉਕਤ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਜਸਮੀਨ ਕੌਰ ਦੇ ਪਿਤਾ ਨੇ ਭਰੇ ਮਨ ਨਾਲ ਦੱਸਿਆ ਕਿ ਓਹਨਾਂ ਦੀ ਬੇਟੀ ਸ਼ਾਦੀਸ਼ੁਦਾ ਸੀ ਅਤੇ ਕੈਨੇਡਾ ਗਈ ਨੂੰ ਹਾਲੇ ਇਕ ਸਾਲ ਦੇ ਕਰੀਬ ਹੀ ਸਮਾਂ ਹੋਇਆ ਸੀ। ਸਾਨੂੰ ਓਥੋਂ ਦੀ ਪੁਲਿਸ ਤੇ ਸਾਡੇ ਨਜ਼ਦੀਕੀਆਂ ਤੋਂ ਪਤਾ ਲੱਗਾ ਕਿ ਜਸਮੀਨ ਕੌਰ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਚੁੱਕੀ ਹੈ। ਇਸ ਦੌਰਾਨ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਲੜਕੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਚ ਸਾਡੀ ਮਦਦ ਕੀਤੀ ਜਾਵੇ ਤਾਂ ਜੋ ਓਹ ਆਪਣੀ ਲੜਕੀ ਦਾ ਅੰਤਿਮ ਸੰਸਕਾਰ ਪਿੰਡ ਜਲਾਲ ਵਿਖੇ ਕਰ ਸਕਣ।
ਜਾਣਕਾਰੀ ਦਿੰਦੇ ਹੋਏ ਲੜਕੀ ਦੇ ਤਾਏ ਨੇ ਦੱਸਿਆ ਕਿ ਜਸਮੀਨ ਕੌਰ ਨੂੰ ਹਾਲੇ ਪਿਛਲੇ ਸਾਲ ਹੀ ਵਿਆਹ ਕਰਕੇ ਕੈਨੇਡਾ ਨੂੰ ਭੇਜਿਆ ਗਿਆ ਸੀ ਤੇ ਓਥੇ ਆਪਣੀ ਰਿਹਾਇਸ਼ ਬਦਲਣ ਕਰਕੇ ਓਹ ਆਪਣੇ ਪੁਰਾਣੇ ਕਿਰਾਏਦਾਰਾਂ ਦਾ ਹਿਸਾਬ ਕਿਤਾਬ ਕਰਕੇ ਵਾਪਸ ਪਰਤ ਰਹੀ ਸੀ ਤਾਂ ਅਚਾਨਕ ਗੱਡੀ ਦੀ ਫੇਟ ਵੱਜਣ ਕਰਕੇ ਸੜਕ ਹਾਦਸੇ ਦੌਰਾਨ ਉਸਦੀ ਮੌਤ ਹੋ ਗਈ। ਉਥੇ ਹੀ ਇਹ ਵੀ ਇਕ ਚਿੰਤਾ ਦਾ ਵਿਸ਼ਾ ਹੈ ਕਿ ਮਾਪੇ ਆਪਣੇ ਬੱਚਿਆਂ ਉੱਪਰ ਜ਼ਿੰਦਗੀ ਦੀ ਪੂਰੀ ਕਮਾਈ ਉਹਨਾਂ ਦੇ ਸੁਨਹਿਰੇ ਭਵਿੱਖ ਖ਼ਾਤਰ ਲਾ ਦਿੰਦੇ ਹਨ ਪਰ ਅਜਿਹੀਆਂ ਘਟਨਾਵਾਂ ਵਾਪਰਨ ਨਾਲ ਮਾਪਿਆ ਉੱਪਰ ਕੀ ਬੀਤਦੀ ਹੈ ਇਸਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।

Comment here