ਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਫੌਜੀ ਦੇ ਸਰੀਰ ’ਚ ਟਰਾਂਸਪਲਾਂਟ ਕੀਤਾ ਸਬਜ਼ੀ ਵਾਲੇ ਦਾ ਦਿਲ

ਇੰਦੌਰ-‘ਇੰਦੌਰ ਸੁਸਾਇਟੀ ਫਾਰ ਓਰਗਨ ਡੋਨੇਸ਼ਨ’ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਇਕ ਸਬਜ਼ੀ ਕਾਰੋਬਾਰੀ ਦੀ ਮੌਤ ਤੋਂ ਬਾਅਦ ਉਸ ਦੇ ਅੰਗਦਾਨ ਤੋਂ ਹਾਸਲ ਦਿਲ ਨੂੰ ਫ਼ੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਸੋਮਵਾਰ ਨੂੰ ਇੰਦੌਰ ਤੋਂ ਪੁਣੇ ਭੇਜਿਆ ਗਿਆ। ਇਹ ਅੰਗ ਦਿਲ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਇਕ ਫੌਜੀ ਦੇ ਸਰੀਰ ’ਚ ਟਰਾਂਸਪਲਾਂਟ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਸਬਜ਼ੀ ਕਾਰੋਬਾਰੀ ਪ੍ਰਦੀਪ ਆਸਵਾਨੀ (34) ਨੂੰ ਸੜਕ ਹਾਦਸੇ ’ਚ ਸਿਰ ’ਤੇ ਗੰਭੀਰ ਸੱਟ ਲੱਗ ਗਈ, ਜਿਸ ਤੋਂ ਬਾਅਦ ਹਸਪਤਾਲ ’ਚ ਡਾਕਟਰਾਂ ਨੇ ਉਨ੍ਹਾਂ ਨੂੰ ਦਿਮਾਗੀ ਤੌਰ ’ਤੇ ਮ੍ਰਿਤਕ ਐਲਾਨ ਦਿੱਤਾ। ਆਸਵਾਨੀ ਦੇ ਪਰਿਵਾਰ ਵਾਲੇ ਉਨ੍ਹਾਂ ਦੇ ਅੰਗਦਾਨ ਲਈ ਰਾਜ਼ੀ ਹੋ ਗਏ।
ਡਾਕਟਰਾਂ ਨੇ ਕਾਰੋਬਾਰੀ ਦੇ ਮ੍ਰਿਤਕ ਸਰੀਰ ’ਚੋਂ ਦਿਲ, ਲਿਵਰ, ਗੁਰਦੇ ਤੇ ਅੱਖਾਂ ਕੱਢ ਲਈਆਂ। ਉਨ੍ਹਾਂ ਦਾ ਦਿਲ ਸਮੁੰਦਰੀ ਫੌਜ ਦੇ ਡਾਕਟਰਾਂ ਦੀ ਪਾਰਟੀ ਵਿਸ਼ੇਸ਼ ਜਹਾਜ਼ ਰਾਹੀਂ ਪੁਣੇ ਲੈ ਕੇ ਗਈ ਜਿੱਥੇ ਉਸ ਨੂੰ ਇਕ ਫੌਜੀ ਦੇ ਸਰੀਰ ’ਚ ਟਰਾਂਸਪਲਾਂਟ ਕੀਤਾ ਜਾਵੇਗਾ। ਉਨ੍ਹਾਂ ਦੇ ਗੁਰਦਿਆਂ, ਲਿਵਰ ਤੇ ਅੱਖਾਂ ਨੂੰ ਸਥਾਨਕ ਹਸਪਤਾਲਾਂ ’ਚ ਲੋੜਵੰਦ ਮਰੀਜ਼ਾਂ ਦੇ ਸਰੀਰ ’ਚ ਟਰਾਂਸਪਲਾਂਟ ਕੀਤਾ ਜਾਵੇਗਾ। ਆਪਣੀ ਮੌਤ ਤੋਂ ਬਾਅਦ ਅੰਗਦਾਨ ਰਾਹੀਂ 5 ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਆਸਵਾਨੀ ਦੀ ਦੇਹ ਸ਼ਹਿਰ ਦੇ ਵਿਸ਼ੇਸ਼ ਜੂਪਿਟਰ ਹਸਪਤਾਲ ਤੋਂ ਪੂਰੇ ਸਨਮਾਨ ਨਾਲ ਅੰਤਿਮ ਯਾਤਰਾ ਲਈ ਰਵਾਨਾ ਕੀਤੀ ਗਈ।

Comment here