ਜਲੰਧਰ-ਪੰਜਾਬ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਕਿਸੇ ਵੀ ਪਾਰਟੀ ਨੇ ਆਪਣੇ ਸੀ. ਐੱਮ. ਚਿਹਰੇ ਦਾ ਐਲਾਨ ਨਹੀਂ ਕੀਤਾ ਹੈ। ਉਨ੍ਹਾਂ ਮੁਤਾਬਕ ਜਦੋਂ ਸੀ. ਐੱਮ. ਉਮੀਦਵਾਰ ਦਾ ਐਲਾਨ ਹੋ ਜਾਂਦਾ ਹੈ ਤਾਂ ਪਾਰਟੀ ਦੀ ਲਹਿਰ ਹਮੇਸ਼ਾ ਉੱਪਰ ਵੱਲ ਜਾਣੀ ਚਾਹੀਦੀ ਹੈ। ਇਸ ਲਈ ਅਸੀਂ ਛੇਤੀ ਸੀ. ਐੱਮ. ਚਿਹਰੇ ਦਾ ਐਲਾਨ ਕਰਾਂਗੇ, ਜੋ ਪੰਜਾਬ ਤੋਂ ਹੀ ਹੋਵੇਗਾ। ਕੇਜਰੀਵਾਲ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਕੋਈ ਇਰਾਦਾ ਨਹੀਂ ਹੈ, ਕਿਉਂਕਿ ਉਨ੍ਹਾਂ ’ਤੇ ਦਿੱਲੀ ਦੇ ਲੋਕਾਂ ਨੇ ਭਰੋਸਾ ਕੀਤਾ ਹੈ। ਇਸ ਲਈ ਉਹ ਦਿੱਲੀ ਸੰਭਾਲਣਗੇ ਅਤੇ ਪੰਜਾਬ ’ਚ ਉਨ੍ਹਾਂ ਦੀ ਲੀਡਰਸ਼ਿਪ ਸਰਕਾਰ ਨੂੰ ਸੰਭਾਲੇਗੀ। ਗਾਰੰਟੀਆਂ ’ਤੇ ਸਿਰਫ਼ ਆਪਣੇ ਨਾਂ ਦਾ ਦਾਅਵਾ ਠੋਕਣ ਦੇ ਸਵਾਲ ’ਤੇ ਕੇਜਰੀਵਾਲ ਨੇ ਜਵਾਬ ਦਿੱਤਾ ਕਿ ਮੈਂ ਲੋਕਾਂ ਨੂੰ ਆਪਣੇ ਵਾਅਦੇ ਪੂਰੇ ਕਰ ਕੇ ਦਿਖਾਏ ਹਨ। ਇਸ ਲਈ ਲੋਕ ਮੇਰੇ ’ਤੇ ਯਕੀਨ ਕਰਦੇ ਹਨ। ਇਹੀ ਕਾਰਨ ਹੈ ਕਿ ਸਾਡੇ ਐਲਾਨ ’ਤੇ ਕੇਜਰੀਵਾਲ ਦੀ ਗਾਰੰਟੀ ਲਿਖਿਆ ਗਿਆ ਹੈ।
ਕਾਂਗਰਸ ਦੇ 25 ਵਿਧਾਇਕ ਅਤੇ 3 ਸੰਸਦ ਮੈਂਬਰ ਮੇਰੇ ਸੰਪਰਕ ’ਚ
ਪਾਰਟੀ ਛੱਡਣ ਵਾਲੇ ਵਿਧਾਇਕਾਂ ’ਤੇ ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਨੂੰ ਟਿਕਟ ਨਹੀਂ ਮਿਲਦੀ, ਉਹ ਅਕਸਰ ਪਾਰਟੀ ਛੱਡ ਦਿੰਦੇ ਹਨ। ਮੈਨੂੰ ਹਾਸਾ ਆਉਂਦਾ ਹੈ, ਜਦੋਂ ਸੀ.ਐੱਮ. ਚੰਨੀ ਬੋਲਦੇ ਹਨ ਕਿ ‘ਆਪ’ ਦੇ ਕਈ ਵਿਧਾਇਕ ਕਾਂਗਰਸ ’ਚ ਆ ਗਏ ਹਨ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਾਂਗਰਸ ਦੇ 25 ਵਿਧਾਇਕ ਅਤੇ 3 ਸੰਸਦ ਮੈਂਬਰ ਮੇਰੇ ਸੰਪਰਕ ’ਚ ਹਨ ਪਰ ਮੈਂ ਕਾਂਗਰਸ ਦਾ ਕੂੜਾ ਨਹੀਂ ਚੁੱਕਣਾ ਹੈ। ਕੇਜਰੀਵਾਲ ਦਾ ਮੰਨਣਾ ਹੈ ਕਿ ਇਹ ਗੰਦੀ ਸਿਆਸਤ ਹੈ, ਜੋ ਨਹੀਂ ਹੋਣੀ ਚਾਹੀਦੀ।
ਸਾਡਾ ਮੁਕਾਬਲਾ ਕਿਸੇ ਨਾਲ ਨਹੀਂ, ਲੋਕ ਮਨ ਬਣਾ ਚੁੱਕੇ ਹਨ
2022 ਦੀਆਂ ਵਿਧਾਨ ਸਭਾ ਚੋਣਾਂ ’ਤੇ ਬੋਲਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁਕਾਬਲਾ ਪੰਜਾਬ ’ਚ ਕਿਸੇ ਵੀ ਪਾਰਟੀ ਨਾਲ ਨਹੀਂ ਹੈ। ਫਿਰ ਭਾਵੇਂ ਉਹ ਕਾਂਗਰਸ, ਅਕਾਲੀ ਦਲ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਬਣਨ ਜਾ ਰਹੀ ਪਾਰਟੀ ਨਾਲ ਹੋਵੇ। ਆਮ ਆਦਮੀ ਪਾਰਟੀ ਲਈ ਪੰਜਾਬ ਦੇ ਲੋਕ ਪਹਿਲਾਂ ਤੋਂ ਹੀ ਮਨ ਬਣਾ ਚੁੱਕੇ ਹਨ। ਅਸੀਂ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਨ ਲਈ ਕੰਮ ਕਰ ਰਹੇ ਹਾਂ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਲੋਕ ਇਸ ਵਾਰ ‘ਆਪ’ ਨੂੰ ਬਹੁਮਤ ਨਾਲ ਸੱਤਾ ’ਚ ਲਿਆਉਣਗੇ।
Comment here