ਚੰਡੀਗੜ੍ਹ-ਨਵੇਂ ਸਾਲ ਅਤੇ ਗਣਤੰਤਰ ਦਿਹਾੜੇ ਤੋਂ ਪਹਿਲਾਂ ਦੇਸ਼ ਦੀਆ ਕੇਂਦਰੀ ਖੁਫ਼ੀਆ ਏਜੰਸੀਆਂ ਨੇ ਸੁਰੱਖਿਆ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।ਕੇਂਦਰੀ ਖੁਫ਼ੀਆ ਏਜੰਸੀਆਂ ਨੇ ਪੰਜਾਬ ਦੇ ਵਿੱਚ ਅੱਤਵਾਦੀ ਹਮਲੇ ਦੀ ਸੂਚਨਾ ਦਿੱਤੀ ਹੈ। ਜਿਸ ਦੇ ਮੁਤਾਬਕ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਨਾਲ ਸਬੰਧਤ ਅੱਤਵਾਦੀ ਜਥੇਬੰਦੀਆਂ ਨਵੇਂ ਸਾਲ ਅਤੇ ਗਣਤੰਤਰ ਦਿਹਾੜੇ ਦੀ ਪੂਰਬਲੀ ਸ਼ਾਮ ਪੰਜਾਬ ਦੇ ਪੁਲਿਸ ਥਾਣਿਆਂ ਅਤੇ ਸਰਕਾਰੀ ਇਮਾਰਤਾਂ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਇਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਾਰੇ ਜ਼ਿਲ੍ਹਿਆਂ ਨੂੰ ਪੱਤਰ ਲਿਖ ਕੇ ਚੌਕਸੀ ਵਧਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ’ਚ ਖ਼ਾਸ ਧਿਆਨ ਦੇਣ ਲਈ ਕਿਹਾ ਗਿਆ ਹੈ। ਦਰਅਸਲ ਕੁਝ ਸਿਆਸਤਦਾਨਾਂ ਅਤੇ ਕੱਟੜਪੰਥੀਆਂ ਨੂੰ ਵੀ ਨਿਸ਼ਾਨਾ ਬਣਾਏ ਜਾਣ ਦਾ ਖ਼ਦਸ਼ਾ ਹੈ।
ਪੰਜਾਬ ਪੁਲਿਸ ਦੀ ਖੁਫ਼ੀਆ ਬ੍ਰਾਂਚ ਦੇ ਮੁਤਾਬਕ ਕੁਝ ਅੱਤਵਾਦੀ ਮਾਡਿਊਲ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਹਨ ਦੀ ਸਾਜ਼ਿਸ਼ ਰਚ ਰਹੇ ਹਨ। ਆਈਜੀ ਪੁਲਿਸ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਕਿਹੈ ਕਿ ਸਾਰੀਆਂ ਥਾਵਾਂ ’ਤੇ ਚੌਕਸੀ ਰੱਖੀ ਜਾ ਰਹੀ ਹੈ। ਜ਼ਿਲ੍ਹਾ ਪੱਧਰ ’ਤੇ ਖ਼ਾਸ ਨਾਕਾਬੰਦੀ ਕੀਤੀ ਜਾ ਰਹੀ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਵੀ ਜਾਗਰੂਕ ਰਹਿਣ ਲਈ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ 9 ਦਸੰਬਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਸਰਹਾਲੀ ਥਾਣੇ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਤੋਂ ਪੁੱਛਗਿੱਛ ਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਪੰਜਾਬ ’ਚ ਸਰਹੱਦ ਪਾਰ ਤੋਂ ਤਿੰਨ ਰਾਕੇਟ ਪ੍ਰੋਪਲਡ ਗ੍ਰਨੇਡ ਆਰਪੀਜੀ ਭੇਜੇ ਗਏ ਸਨ। ਇਨ੍ਹਾਂ ’ਚੋਂ ਇਕ ਦੀ ਵਰਤੋਂ ਸਰਹਾਲੀ ਥਾਣੇ ’ਤੇ ਕੀਤੀ ਗਈ ਸੀ। ਇਕ ਆਰਪੀਜੀ ਤਰਨਤਾਰਨ ਦੇ ਕਿੜੀਆ ਪਿੰਡ ’ਚ ਜ਼ਮੀਨ ’ਚ ਦੱਬਿਆ ਮਿਲਿਆ ਸੀ। ਹਾਲੇ ਇੱਕ ਆਰਪੀਜੀ ਦੀ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਖਬਰ ਹੈ ਕਿ ਸਰਹੱਦ ਪਾਰ ਤੋਂ ਪੰਜਾਬ ਵਿੱਚ ਆਰਡੀਐਕਸ ਵੀ ਭੇਜਿਆ ਗਿਆ ਹੈ। ਹਾਲਾਂਕਿ ਇਸ ਦੀ ਮਾਤਰਾ ਅਤੇ ਥਾਂ ਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਪੰਜਾਬ ਭਰ ਦੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ।
ਪੰਜਾਬ ’ਚ ਅੱਤਵਾਦੀ ਹਮਲੇ ਨੂੰ ਲੈ ਕੇ ਨਾਕਾਬੰਦੀ ਵਧਾਈ


Comment here