ਸਿਆਸਤਖਬਰਾਂਚਲੰਤ ਮਾਮਲੇ

ਪ੍ਰਿਯੰਕਾ ਗਾਂਧੀ ਨੂੰ ਭੇਜਿਆ ਜਾ ਸਕਦਾ ਹੈ ਰਾਜ ਸਭਾ!

ਨਵੀਂ ਦਿੱਲੀ– ਪ੍ਰਿਯੰਕਾ ਗਾਂਧੀ ਵਾਡਰਾ ਦੇ ਰਾਜ ਸਭਾ ’ਚ ਜਾਣ ਦੀ ਮਜ਼ਬੂਤ ਸੰਭਾਵਨਾ ਦਿਖਾਈ ਦੇ ਰਹੀ ਹੈ ਕਿਉਂਕਿ ਕਾਂਗਰਸ ਦੀ ਛਾਇਆ ਵਰਮਾ (ਛੱਤੀਸਗੜ੍ਹ) ਛੇਤੀ ਹੀ ਸੇਵਾ-ਮੁਕਤ ਹੋ ਰਹੀ ਹੈ, ਇਸ ਲਈ ਸੁਝਾਅ ਦਿੱਤਾ ਜਾ ਰਿਹਾ ਹੈ ਕਿ ਪ੍ਰਿਯੰਕਾ ਨੂੰ ਉੱਚ ਸਦਨ ’ਚ ਲਿਆਂਦਾ ਜਾਵੇ। ਇਥੇ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਜੀ-23 ਦੇ ਘੱਟ ਤੋਂ ਘੱਟ 2 ਨੇਤਾਵਾਂ ਨੂੰ ਰਾਜ ਸਭਾ ਦੀ ਟਿਕਟ ਦਿੱਤੀ ਜਾ ਸਕਦੀ ਹੈ। ਹਾਈਕਮਾਨ ਨੇ ਪਾਰਟੀ ਮਾਮਲਿਆਂ ਨੂੰ ਸੰਭਾਲਣ ’ਚ ਆਪਣੀ ਗਲਤੀ ਨੂੰ ਸਵੀਕਾਰ ਕਰ ਕੇ ਸੀ. ਡਬਲਯੂ. ਸੀ. ’ਚ ਬਗ਼ਾਵਤ ਨੂੰ ਫਿਲਹਾਲ ਲਈ ਲਗਭਗ ਦਬਾ ਦਿੱਤਾ ਹੈ। ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੂੰ ਵੀ ਸ਼ਾਂਤੀ ਸਮਝੌਤੇ ’ਚ ਸ਼ਾਮਲ ਕਰਨ ਦੀ ਸੰਭਾਵਨਾ ਹੈ। ਪ੍ਰਿਯੰਕਾ ਗਾਂਧੀ ਵਡੇਰਾ ਦੇ ਨਾਂ ਦਾ ਪ੍ਰਸਤਾਵ ਹੋਣ ’ਤੇ ਗਾਂਧੀ ਪਰਿਵਾਰ ਕੋਈ ਵਿਵਾਦ ਨਹੀਂ ਚਾਹੁੰਦਾ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਪ੍ਰਿਯੰਕਾ ਲਈ ਪੁਰਜ਼ੋਰ ਵਕਾਲਤ ਕਰ ਰਹੇ ਹਨ। ਪ੍ਰਿਯੰਕਾ ਦੇ ਕੋਲ ਇਕ ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਲੋਧੀ ਅਸਟੇਟ ਬੰਗਲੇ ਤੋਂ ਬੇਦਖ਼ਲ ਕੀਤੇ ਜਾਣ ਤੋਂ ਬਾਅਦ ਦਿੱਲੀ ’ਚ ਰਹਿਣ ਲਈ ਆਪਣਾ ਕੋਈ ਘਰ ਨਹੀਂ ਹੈ। ਉੱਥੇ ਹੀ, ਉਹ 2024 ’ਚ ਲੋਕ ਸਭਾ ਚੋਣ ਨਹੀਂ ਲੜਣਾ ਚਾਹੁੰਦੀ ਹੈ ਅਤੇ ਵੱਡੇ ਪੱਧਰ ’ਤੇ ਪ੍ਰਚਾਰ ਕਰ ਕੇ ਸੂਬਿਆਂ ’ਚ ਪਾਰਟੀ ਨੂੰ ਮਜ਼ਬੂਤ ਕਰਨ ’ਤੇ ਧਿਆਨ ਦੇਣਾ ਪਸੰਦ ਕਰਦੀ ਹੈ। ਇਸ ਮਾਮਲੇ ’ਚ ਗਾਂਧੀ ਪਰਿਵਾਰ ਛੇਤੀ ਹੀ ਆਖਰੀ ਫੈਸਲਾ ਲਵੇਗਾ।

Comment here