ਸਿਆਸਤਖਬਰਾਂਚਲੰਤ ਮਾਮਲੇ

ਪੀਐੱਮ ਮੋਦੀ ਨੇ ਨਾਮਧਾਰੀ ਡੇਰਾ ਮੁਖੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ : ਕੱਲ੍ਹ ਸਿੱਖ ਭਾਈਚਾਰੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੀਐੱਮ ਮੋਦੀ ਨਾਮਧਾਰੀ ਡੇਰਾ ਭੈਣੀ ਸਾਹਿਬ ਦੇ ਮੁੱਖੀ ਸਤਿਗੁਰੂ ਉਦੈ ਸਿੰਘ ਨਾਲ ਮੁਲਾਕਾਤ ਕਰਦੇ ਨਜ਼ਰ ਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਇਸ ਮੁਲਾਕਾਤ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਅਤੇ ਲਿਖਿਆ ਅੱਜ ਉਨ੍ਹਾਂ ਦੀ ਮੁਲਾਕਾਤ ਭੈਣੀ ਸਾਹਿਬ ਲੁਧਿਆਣਾ ਦੇ ਮੁਖੀ ਉਦੈ ਸਿੰਘ ਨਾਲ ਹੋਈ। ਬੇਸ਼ੱਕ ਇਸ ਮੀਟਿੰਗ ਦੇ ਵੇਰਵੇ ਨਹੀਂ ਮਿਲ ਸਕੇ ਪਰ ਇਸ ਮੀਟਿੰਗ ਨੂੰ ਮੌਜੂਦਾ ਚੋਣ ਸਥਿਤੀ ਨਾਲ ਜੋੜਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਪੀਐਮ ਮੋਦੀ ਨੇ ਆਪਣੀ ਰਿਹਾਇਸ਼ ‘ਤੇ ਸਿੱਖ ਭਾਈਚਾਰੇ ਦੇ ਪ੍ਰਮੁੱਖ ਲੋਕਾਂ ਦੀ ਵੀ ਆਪਣੇ ਘਰ ’ਚ ਮੁਲਾਕਾਤ ਕੀਤੀ ਸੀ। ਇਹ ਮੀਟਿੰਗ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਦੋ ਦਿਨ ਪਹਿਲਾਂ ਹੋਈ ਹੈ। ਭਾਜਪਾ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਧੜੇ ਨਾਲ ਗਠਜੋੜ ਕਰਕੇ ਸਿੱਖ ਭਾਈਚਾਰੇ ਨੂੰ ਲੁਭਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੋਦੀ ਨਾਲ ਮੁਲਾਕਾਤ ਕਰਨ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਪਦਮ ਸ਼੍ਰੀ ਐਵਾਰਡੀ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ, ਸੇਵਾਪੰਥੀ ਯਮੁਨਾ ਨਗਰ ਦੇ ਮਹੰਤ ਕਰਮਜੀਤ ਸਿੰਘ, ਕਰਨਾਲ ਦੇ ਡੇਰਾ ਬਾਬਾ ਜੰਗ ਸਿੰਘ, ਬਾਬਾ ਜੋਗਾ ਸਿੰਘ ਸ਼ਾਮਲ ਹਨ ਅਤੇ ਅੰਮ੍ਰਿਤਸਰ ਦੇ ਮੁਖੀ ਡੇਰਾ ਬਾਬਾ ਤਾਰ ਸਿੰਘ ਵਾਲੇ ਸੰਤ ਬਾਬਾ ਮੇਜਰ ਸਿੰਘ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਆਨੰਦਪੁਰ ਸਾਹਿਬ ਵਿਖੇ ਕਾਰ ਸੇਵਾ ਦੇ ਜਥੇਦਾਰ ਬਾਬਾ ਸਾਹਿਬ ਸਿੰਘ, ਭੈਣੀ ਸਾਹਿਬ ਦੇ ਨਾਮਧਾਰੀ ਦਰਬਾਰ ਦੇ ਸੁਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਬੁੱਢਾ ਦਲ ਦੇ ਬਾਬਾ ਜੱਸਾ ਸਿੰਘ, ਦਮਦਮੀ ਟਕਸਾਲ ਦੇ ਹਰਭਜਨ ਸਿੰਘ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਵੀ ਮੀਟਿੰਗ ਵਿਚ ਹਾਜ਼ਰ ਸਨ।

Comment here