ਵਾਰਾਣਸੀ-ਐੱਮ.ਵੀ. ਗੰਗਾ ਵਿਲਾਸ ਲਗਜ਼ਰੀ ਕਰੂਜ਼ ਨੂੰ ਲੈਕੇ ਖਬਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਐੱਮ.ਵੀ. ਗੰਗਾ ਵਿਲਾਸ ਲਗਜ਼ਰੀ ਕਰੂਜ਼ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਗੰਗਾ ਵਿਲਾਸ ਕਰੂਜ਼ ਦੇ ਉਦਘਾਟਨ ਦੇ ਨਾਲ ਹੀ ਭਾਰਤ ਨੂੰ ਸਭ ਤੋਂ ਲੰਬੇ ਰਿਵਰ ਕਰੂਜ਼ ਦੀ ਸੌਗਾਤ ਮਿਲ ਗਈ ਹੈ। ਉੱਤਰ ਪ੍ਰਦੇਸ਼ ਦੇ ਕਾਸ਼ੀ ਤੋਂ ਆਸਾਮ ਦੇ ਬੋਗੀਬੀਲ ਤੱਕ ਇਹ ਕਰੂਜ਼ 3200 ਕਿਲੋਮੀਟਰ ਦਾ ਸਫ਼ਰ ਤੈਅ ਕਰੇਗਾ। ਗੰਗਾ ਵਿਲਾਸ ਕਰੂਜ਼ ਯੂਰਪੀ ਦੇਸ਼ਾਂ ਦੇ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਕਾਸ਼ੀ ਤੋਂ ਡਿਬਰੂਗੜ੍ਹ ਵਿਚਾਲੇ ਦੁਨੀਆ ਦੀ ਸਭ ਤੋਂ ਲੰਬੀ ਨਦੀ ਜਲ ਯਾਤਰਾ ਗੰਗਾ ਵਿਲਾਸ ਕਰੂਜ਼ ਦਾ ਸ਼ੁੱਭ ਆਰੰਭ ਹੋਇਆ ਹੈ। ਇਸ ਨਾਲ ਪੂਰਬੀ ਭਾਰਤ ਦੇ ਕਈ ਸੈਰ-ਸਪਾਟਾ ਸਥਾਨ ਵਿਸ਼ਵ ਸੈਰ-ਸਪਾਟਾ ਨਕਸ਼ੇ ‘ਚ ਹੋਰ ਪ੍ਰਮੁੱਖਤਾ ਨਾਲ ਆਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਗੰਗਾ ਨਦੀ ਸਾਡੇ ਲਈ ਸਿਰਫ਼ ਜਲਧਾਰਾ ਨਹੀਂ ਸਗੋਂ ਪ੍ਰਾਚੀਨ ਕਾਲ ਤੋਂ ਤੱਪਸੀਆਂ ਦੀ ਗਵਾਹ ਹੈ। ਮਾਂ ਗੰਗਾ ਨੇ ਭਾਰਤੀਆਂ ਨੂੰ ਹਮੇਸ਼ਾ ਪੋਸ਼ਿਤ ਕੀਤਾ ਹੈ, ਪ੍ਰੇਰਿਤ ਕੀਤਾ ਹੈ। ਗੰਗਾ ਪੱਟੀ ਆਜ਼ਾਦੀ ਤੋਂ ਬਾਅਦ ਪਿਛੜਦੀ ਚਲੀ ਗਈ। ਲੱਖਾਂ ਲੋਕਾਂ ਦਾ ਪਲਾਇਨ ਹੋਇਆ, ਸਥਿਤੀ ਨੂੰ ਬਦਲਣਾ ਜ਼ਰੂਰੀ ਸੀ ਅਤੇ ਅਸੀਂ ਨਵੀਂ ਸੋਚ ਨਾਲ ਕੰਮ ਕਰਨ ਸ਼ੁਰੂ ਕੀਤਾ। ਇਕ ਪਾਸੇ ਨਮਾਮੀ ਗੰਗਾ ਦੇ ਮਾਧਿਅਮ ਨਾਲ ਗੰਗਾ ਦੀ ਸਫ਼ਾਈ ਲਈ ਕੰਮ ਕੀਤਾ, ਦੂਜੇ ਪਾਸੇ ਅਰਥ ਗੰਗਾ ‘ਤੇ ਵੀ ਕੰਮ ਕੀਤਾ। ਆਰਥਿਕ ਗਤੀਵਿਧੀਆਂ ਦਾ ਨਵਾਂ ਵਾਤਾਵਰਣ ਬਣਾਇਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼, ਬਿਹਾਰ, ਆਸਾਮ, ਬੰਗਾਲ ਅਤੇ ਬੰਗਲਾਦੇਸ਼ ਦੀ ਯਾਤਰਾ ਦੌਰਾਨ ਇਹ ਕਰੂਜ਼ ਹਰ ਤਰ੍ਹਾਂ ਦੀ ਸਹੂਲਤ ਮਹੱਈਆ ਕਰਵਾਏਗਾ। ਮੈਂ ਸਾਰੇ ਵਿਦੇਸ਼ੀ ਸੈਲਾਨੀਆਂ ਦਾ ਵਿਸ਼ੇਸ਼ ਸੁਆਗਤ ਕਰਦਾ ਹਾਂ, ਜੋ ਪਹਿਲੇ ਸਫ਼ਰ ‘ਤੇ ਨਿਕਲਣ ਵਾਲੇ ਹਨ। ਮੈਂ ਕਹਾਂਗਾ ਕਿ ਭਾਰਤ ਕੋਲ ਉਹ ਸਭ ਕੁਝ ਹੈ, ਜਿਸ ਦੀ ਤੁਸੀਂ ਕਲਪਣਾ ਕਰ ਸਕਦੇ ਹੋ। ਭਾਰਤ ਦੀ ਵਿਆਖਿਆ ਸਿਰਫ਼ ਸ਼ਬਦਾਂ ‘ਚ ਨਹੀਂ ਕੀਤੀ ਜਾ ਸਕਦੀ, ਸਾਨੂੰ ਦਿਲ ਨਾਲ ਸਮਝਿਆ ਸਕਦਾ ਹੈ। ਉੱਥੇ ਹੀ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਅੱਜ ਦਾ ਦਿਨ ਦੁਨੀਆ ਦੀ ਰਿਵਰ ਕਰੂਜ਼ ਦੇ ਇਤਿਹਾਸ ‘ਚ ਲਿਖਿਆ ਜਾਵੇਗਾ, ਕਿਉਂਕਿ ਇਹ ਦੁਨੀਆ ਦਾ ਸਭ ਤੋਂ ਲੰਬਾ ਸਫ਼ਰ ਹੋਵੇਗਾ। ਇਹ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਬੰਗਲਾਦੇਸ਼ ਤੋਂ ਹੋ ਕੇ ਡਿਬਰੂਗੜ੍ਹ ਤੱਕ ਜਾਵੇਗਾ। ਇਸ ਸਫ਼ਰ ਰਾਹੀਂ ਸਿਰਫ਼ ਸੈਰ-ਸਪਾਟੇ ਦਾ ਹੀ ਨਹੀਂ ਸਗੋਂ ਵਪਾਰ ਦਾ ਵੀ ਰਸਤਾ ਖੁੱਲ੍ਹੇਗਾ।
ਦੱਸ ਦੇਈਏ ਕਿ ਇਹ 51 ਦਿਨਾਂ ‘ਚ ਕਰੀਬ 3200 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਡਿਬਰੂਗੜ੍ਹ ਪਹੁੰਚੇਗਾ। ਇਸ ਦੌਰਾਨ ਇਹ ਭਾਰਤ ਅਤੇ ਬੰਗਲਾਦੇਸ਼ ‘ਚ 27 ਨਦੀ ਪ੍ਰਣਾਲੀਆਂ ਨੂੰ ਪਾਰ ਕਰਦੇ ਹੋਏ ਬੰਗਲਾਦੇਸ਼ ਦੇ ਰਸਤੇ ਆਸਾਮ ਦੇ ਡਿਬਰੂਗੜ੍ਹ ਤੱਕ ਜਾਵੇਗਾ। ਇਸ ਕਰੂਜ਼ ‘ਚ ਸਾਰੀਆਂ ਲਗਜ਼ਰੀ ਸਹੂਲਤਾਂ ਨਾਲ ਯੁਕਤ ਤਿੰਨ ਡੈੱਕ, 36 ਸੈਲਾਨੀਆਂ ਦੀ ਸਮਰੱਥਾ ਵਾਲੇ 18 ਸੁਈਟ ਹਨ। ਗੰਗਾ ਵਿਲਾਸ ਕਰੂਜ਼ ਯੂਰਪੀ ਦੇਸ਼ਾਂ ਦੇ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ, ਜਿਸ ਦਾ ਨਤੀਜਾ ਹੈ ਕਿ ਆਉਣ ਵਾਲੇ 5 ਸਾਲਾਂ ਲਈ ਲਗਭਗ 60 ਫੀਸਦੀ ਯੂਰਪੀ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨੇ ਇਸ ਦੀ ਬੁਕਿੰਗ ਕਰਵਾ ਲਈ ਹੈ। ਇਸ ‘ਚ 36 ਸੈਲਾਨੀ ਇਕੱਠੇ ਯਾਤਰਾ ਕਰ ਸਕਦੇ ਹਨ। ਪਹਿਲੇ ਸਫ਼ਰ ‘ਚ ਵਾਰਾਣਸੀ ਤੋਂ ਸਵਿਟਜ਼ਰਲੈਂਡ ਦੇ ਕੁੱਲ 32 ਸੈਲਾਨੀ ਯਾਤਰਾ ਕਰਨਗੇ। ਗੰਗਾ ਵਿਲਾਸ ਕਰੂਜ਼ ਯੂਰਪੀ ਦੇਸ਼ਾਂ ਦੇ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।
Comment here