ਅਪਰਾਧਸਿਆਸਤਖਬਰਾਂਦੁਨੀਆ

ਪਾਕਿ ਚ ਯੂਟਿਊਬਰ ਮਹਿਲਾ ਨਾਲ ਛੇੜਛਾੜ ਦੇ ਮਾਮਲੇ ਚ 126 ਗ੍ਰਿਫਤਾਰ

ਪਾਕਿ ਔਰਤਾਂ ਦੀ ਹਾਲਤ ਮੰਦੀ, ਸਿੰਧ ਸੂਬੇ ਚ ਦਸ ਹਜ਼ਾਰ ਸ਼ਿਕਾਇਤਾਂ ਔਰਤਾਂ ਖਿਲਾਫ ਅਪਰਾਧਾਂ ਦੀਆਂ

ਲਾਹੌਰ-ਪਾਕਿਸਤਾਨ ਦੀ ਇਮਰਾਨ ਸਰਕਾਰ ਘੱਟਗਿਣਤੀਆਂ ਤੇ ਔਰਤਾਂ ਦੇ ਹਕੂਕਾਂ ਦੀ ਰਾਖੀ ਕਰਨ ਵਿੱਚ ਪੂਰੀ ਤਰਾਂ ਅਸਫਲ ਹੈ, ਜੇ ਅਜਿਹਾ ਕਿਹਾ ਜਾ ਰਿਹਾ ਹੈ ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਹਿਊਮਨ ਰਾਈਟਸ ਕਮਿਸ਼ਨ ਆਫ਼ ਪਾਕਿਸਤਾਨ ਦੁਆਰਾ ਸਾਲ 2020 ਲਈ ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਦੀ ਸਾਲਾਨਾ ਰਿਪੋਰਟ ਦੇਸ਼ ਵਿੱਚ ਔਰਤਾਂ ਦੀ ਦੁਰਦਸ਼ਾ ਦਾ ਵਿਸਥਾਰ ਨਾਲ ਵਰਣਨ ਕਰਦੀ ਹੋਈ ਔਰਤਾਂ ਦੇ ਅਧਿਕਾਰਾਂ ਦੀ ਸਥਿਤੀ ਦੀ ਚਿੰਤਾਜਨਕ ਤਸਵੀਰ ਪੇਸ਼ ਕਰਦੀ ਹੈ। ਇਸ ਰਿਪੋਰਟ ਵਿੱਚ ਔਰਤਾਂ ਖ਼ਿਲਾਫ਼ ਹਿੰਸਾ ਦੇ ਰੂਪਾਂ ਨੂੰ ਉਜਾਗਰ ਕੀਤਾ ਹੈ, ਜਿਸ ਵਿੱਚ ਜਿਨਸੀ ਸ਼ੋਸ਼ਣ ਅਤੇ ਦੇਸ਼ ਭਰ ਵਿੱਚ ਪ੍ਰਚਲਤ ਘਰੇਲੂ ਹਿੰਸਾ ਸ਼ਾਮਲ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਰੋਜ਼ਾਨਾ ਬਲਾਤਕਾਰ, ਜਿਨਸੀ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।ਹਾਲਤ ਕਿੰਨੀ ਭਿਆਨਕ ਹੈ , ਇਸ ਦਾ ਅੰਦਾਜ਼ਾ ਇਹ ਜਾਣਕਾਰੀ ਹੀ ਦੇ ਰਹੀ ਹੈ ਕਿ ਪਾਕਿਸਤਾਨ ਵਿਚ ਇਸ ਸਾਲ ਹੁਣ ਤੱਕ ਇਕੱਲੇ ਸਿੰਧ ਸੂਬੇ ਤੋਂ ਔਰਤਾਂ ਵਿਰੁੱਧ ਹਿੰਸਾ ਜਾਂ ਦੁਰਵਿਵਹਾਰ ਦੇ ਸਬੰਧ ਵਿਚ ਤਕਰੀਬਨ 10,000 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਇਕ ਸਥਾਨਕ ਮੀਡੀਆ ਰਿਪੋਰਟ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਵਿਚ ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ਵਿਚ 2018 ਤੋਂ ਹੁਣ ਤੱਕ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਦੇ 6,325 ਮਾਮਲੇ ਦਰਜ ਕੀਤੇ ਗਏ ਹਨ। ਜਿਓ ਨਿਊਜ਼ ਦੀ ਰਿਪੋਰਟ ਮੁਤਾਬਕ ਇਸੇ ਤਰ੍ਹਾਂ, ਪੰਜਾਬ ਮਹਿਲਾ ਹੈਲਪਲਾਈਨ ਨੂੰ ਇਸ ਸਾਲ ਹੁਣ ਤੱਕ 4,649 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਅੰਕੜਿਆਂ ਦੇ ਅਨੁਸਾਰ, ਰਾਸ਼ਟਰੀ ਟੋਲ-ਫਰੀ ਹੈਲਪਲਾਈਨ ‘ਤੇ ਔਰਤਾਂ ਵੱਲੋਂ ਕੀਤੀਆਂ ਗਈਆਂ ਜ਼ਿਆਦਾਤਰ ਸ਼ਿਕਾਇਤਾਂ ਪਰਿਵਾਰਕ ਝਗੜਿਆਂ ਤੋਂ ਬਾਅਦ ਲਿੰਗ ਅਧਾਰਤ ਹਿੰਸਾ ਅਤੇ ਕੰਮ ਵਾਲੀ ਥਾਂ ‘ਤੇ ਪਰੇਸ਼ਾਨੀ ਨਾਲ ਸਬੰਧਤ ਸਨ।  ਸਿੰਧ ਅਤੇ ਪੰਜਾਬ ਵਿਚ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰ ਰਹੇ ਅਧਿਕਾਰੀਆਂ ਨੇ ਦੇਸ਼ ਨੂੰ ਔਰਤਾਂ ਅਤੇ ਉਨ੍ਹਾਂ ਦੇ ਅਧਿਕਾਰਾਂ ਲਈ ਨਰਕ ਦੱਸਿਆ ਹੈ। ਮੰਤਰਾਲਾ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਸੂਬੇ ਨੇ ਪਾਕਿਸਤਾਨ ਵਿਚ ਸਭ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਹਨ। ਇਹ ਦੇਸ਼ ਵਿਚ ਔਰਤਾਂ ਵਿਰੁੱਧ ਹਿੰਸਾ ਦੇ ਕੁੱਲ ਮਾਮਲਿਆਂ ਦਾ 73 ਪ੍ਰਤੀਸ਼ਤ ਸ਼ਾਮਲ ਹੈ। ਪਾਕਿਸਤਾਨ ਵਿਚ ਔਰਤਾਂ ਹਰ ਰੋਜ਼ ਬਦਤਰ ਸਥਿਤੀ ਦਾ ਸਾਹਮਣਾ ਕਰ ਰਹੀਆਂ ਹਨ।

ਮੀਨਾਰ ਏ ਪਾਕਿਸਤਾਨ ਵਾਲੇ ਮਾਮਲੇ ਚ 126 ਗ੍ਰਿਫਤਾਰ

ਪਾਕਿਸਤਾਨ ਦੇ ਸੁਤੰਤਰਤਾ ਦਿਵਸ ਮੌਕੇ ਇਤਿਹਾਸਕ ਮੀਨਾਰ-ਏ-ਪਾਕਿਸਤਾਨ ’ਤੇ ਯੂਟਿਊਬਰ ਮਹਿਲਾ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਪੁਲਸ ਨੇ ਹੁਣ ਤੱਕ 126 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਦੇ ਬਾਅਦ ਪੂਰੇ ਦੇਸ਼ ’ਚ ਰੋਸ ਪਾਇਆ ਗਿਆ ਸੀ ਅਤੇ ਕੌਮਾਂਤਰੀ ਪੱਧਰ ’ਤੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਗਈ।ਇਹ ਘਟਨਾ 14 ਅਗਸਤ ਦੀ ਹੈ ਜਦੋਂ ਲਾਹੌਰ ’ਚ ਮੀਨਾਰ-ਏ-ਪਾਕਿਸਤਾਨ ਦੇ ਕੋਲ ਆਜ਼ਾਦੀ ਚੌਕ ’ਤੇ ਸੈਂਕੜੇ ਨੌਜਵਾਨ ਸੁਤੰਤਰਤਾ ਦਿਵਸ ਮਨਾ ਰਹੇ ਸਨ। ਵੀਡੀਓ ’ਚ ਸੈਂਕੜੇ ਨੌਜਵਾਨਾਂ ਨੂੰ ਪੀੜਤਾ ਨੂੰ ਹਵਾ ’ਚ ਉਛਾਲਦੇ ਹੋਏ, ਘਸੀਟਦੇ ਹੋਏ, ਉਸ ਦੇ ਕੱਪੜੇ ਫਾੜੇ ਅਤੇ ਉਸ ਦੇ ਨਾਲ ਛੇੜਛਾੜ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਪੁਲਸ ਨੇ ਬੀਤੀ ਮੰਗਲਵਾਰ ਨੂੰ 400 ਅਣਜਾਣ ਲੋਕਾਂ ਦੇ ਖ਼ਿਲਾਫ਼ 14 ਅਗਸਤ ਨੂੰ ਜਨਾਨੀ ਅਤੇ ਉਸ ਦੇ ਸਾਥੀਆਂ ਦੇ ਨਾਲ ਮਾਰਕੁੱਟ ਕਰਨ ਦਾ ਮਾਮਲਾ ਦਰਜ ਕੀਤਾ ਸੀ।ਪੰਜਾਬ ਦੇ ਪੁਲਸ ਮਹਾ ਨਿਰੱਖਕ ਇਨਾਮ ਗਨੀ ਨੇ ਸੋਮਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ ਕਿ ਪੁਲਸ ਨੇ ਵੀਡੀਓ ਫੁਟੇਜ ਦੇ ਜ਼ਰੀਏ ਪਛਾਣ ਕਰਕੇ ਹੁਣ ਤੱਕ ਇਸ ਮਾਮਲੇ ’ਚ 126 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਸ਼ਨਾਖ਼ਤ ਪਰੇਡ ਲਈ ਜੇਲ੍ਹ ਭੇਜਿਆ ਗਿਆ ਹੈ, ਜਿੱਥੇ ਪੀੜਤਾਂ ਇਨ੍ਹਾਂ ਸ਼ੱਕੀਆਂ ਦੀ ਪਛਾਣ ਕਰੇਗੀ। ਪੀੜਤਾ ਨੇ ਕਿਹਾ ਹੈ ਕਿ ਉਹ ਅਤੇ ਉਸ ਦੇ ਯੂ-ਟਿਊਬ ਚੈਨਲ ਦੇ ਛੇ ਹੋਰ ਮੈਂਬਰ ਸੁਤੰਤਰਤਾ ਦਿਵਸ ਸਮਾਰੋਹ ਦਾ ਵੀਡੀਓ ਬਣਾਉਣ ਲਈ ਮੀਨਾਰ-ਏ-ਪਾਕਿਸਤਾਨ ਲਾਹੌਰ ਦੇ ਕੋਲ ਆਜ਼ਾਦੀ ਚੌਕ ’ਤੇ ਗਏ ਸਨ। ਜਦੋਂ ਅਸੀਂ ਵੀਡੀਓ ਸ਼ੂਟ ਕਰ ਰਹੇ ਸਨ ਤਾਂ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਮੈਨੂੰ ਛੇੜਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਗਿਣਤੀ ਵੱਧਦੀ ਗਈ।ਉਨ੍ਹਾਂ ਨੇ ਮੇਰੇ ਕੱਪੜੇ ਫਾੜ ਦਿੱਤੇ ਅਤੇ ਮੇਰੇ ਨਾਲ ਛੇੜਛਾੜ ਕੀਤੀ।ਉਨ੍ਹਾਂ ਨੇ ਮੈਨੂੰ ਘਸੀਟਿਆ ਅਤੇ ਹਵਾ ’ਚ ਸੁੱਟਿਆ।ਇਹ ਕਰੀਬ ਡੇਢ ਘੰਟੇ ਤੱਕ ਚੱਲਿਆ। ਬਾਅਦ ’ਚ ਇਕ ਸੁਰੱਖਿਆ ਕਰਮਚਾਰੀ ਨੇ ਮੈਨੂੰ ਬਚਾਇਆ। ਵਿਸ਼ਵ ਭਰ ਵਿੱਚ ਇਸ ਘਟਨਾ ਨੂੰ ਲੈ ਕੇ ਇਮਰਾਨ ਸਰਕਾਰ ਦੀ ਜੰਮ ਕੇ ਅਲੋਚਨਾ ਹੋ ਰਹੀ ਹੈ।

Comment here