ਲਾਹੌਰ-ਪਾਕਿਸਤਾਨ ਦੀ ਆਰਥਿਕ ਸਥਿਤੀ ਡਾਂਵਾਡੋਲ ਹੋ ਰਹੀ ਹੈ। ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਰਾਜ ਪੰਜਾਬ ਦੇ ਵਿਚ ਕਣਕ ਦਾ ਰੇਟ ਜੋ 40 ਕਿੱਲੋ ਦਾ 3500 ਰੁਪਏ ਸੀ, ਅਚਾਨਕ ਕਣਕ ਦੀ ਤੰਗੀ ਕਾਰਨ 4400-4500 ਰੁਪਏ ਹੋ ਜਾਣ ਦੇ ਕਾਰਨ ਲਾਹੌਰ ਅਤੇ ਆਸਪਾਸ ਦੇ ਸ਼ਹਿਰਾਂ ਵਿਚ ਕਣਕ ਦਾ ਆਟਾ 130 ਤੋਂ 140 ਰੁਪਏ ਪ੍ਰਤੀ ਕਿਲੋਂ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਦੇ ਵਿਚ ਹਾਹਾਕਾਰ ਮਚੀ ਹੋਈ ਹੈ, ਉੱਥੇ ਹੀ ਲੋਕਾਂ ਨੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਸਸਤੇ ਰੇਟ ’ਚ ਆਟਾ ਸਪਲਾਈ ਕਰਨ ਦੀ ਮੰਗ ਕੀਤੀ ਹੈ।
ਸੂਤਰਾਂ ਅਨੁਸਾਰ ਚੱਕੀ ਮਾਲਿਕ ਅਚਾਨਕ ਆਟੇ ਦੇ ਰੇਟ ਵਧਾਉਣ ਦੇ ਬਾਰੇ ਵਿਚ ਦਲੀਲ ਦੇ ਰਹੇ ਹਨ ਕਿ ਮਾਰਕੀਟ ਵਿਚ ਉਨਾਂ ਨੂੰ ਕਣਕ ਮਹਿੰਗੇ ਰੇਟ ਨਾਲ ਮਿਲਣ ਕਾਰਨ ਇਹ ਰੇਟ ਵਧਾਉਣਾ ਜ਼ਰੂਰੀ ਹੋ ਗਿਆ ਹੈ। ਚੱਕੀ ਮਾਲਿਕ ਐਸੋਸੀਏਸ਼ਨ ਲਾਹੌਰ ਦੇ ਪ੍ਰਧਾਨ ਰਹੀਮ ਖਾਨ ਦੇ ਅਨੁਸਾਰ ਅਸੀ ਵੀ ਉਲਝਣ ’ਚ ਹੈ ਅਤੇ ਲੱਗਦਾ ਹੈ ਕਿ ਹਾਲਾਤ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੁੰਦੇ ਜਾ ਰਹੇ ਹਨ। ਇਸ ਤਰ੍ਹਾਂ ਲਾਹੌਰ ਮੁਤਾਹਿਤਾ ਨਾਨ ਰੋਟੀ ਐਸੋਸੀਏਸ਼ਨ ਦੇ ਪ੍ਰਧਾਨ ਆਫ਼ਤਾਬ ਗਿੱਲ ਨੇ ਵੀ ਕਿਹਾ ਕਿ ਸਾਦੇ ਅਤੇ ਬਾਰਿਕ ਆਟੇ ਦੀਆਂ ਕੀਮਤਾਂ ਵਿਚ ਅਥਾਂਹ ਵਾਧੇ ਨੂੰ ਵੇਖਦੇ ਹੋਏ ਰੋਟੀ ਨਾਨ ਸਸਤੇ ਰੇਟ ਤੇ ਲੋਕਾਂ ਨੂੰ ਮੁਹੱਈਆਂ ਕਰਵਾਉਣ ਨਾਲ ਇਨਕਾਰ ਕਰਦੇ ਹੋਏ ਆਪਣੇ ਕਾਰੋਬਾਰ ਬੰਦ ਕਰ ਦਿੱਤੇ ਅਤੇ ਕਿਹਾ ਕਿ ਜਲਦੀ ਹੀ ਰੇਟ ਵਧਾਉਣ ਦੀ ਪ੍ਰਸ਼ਾਸਨ ਤੋਂ ਮਨਜ਼ੂਰੀ ਮਿਲਣ ਦੇ ਬਾਅਦ ਹੀ ਕੰਮ ਸ਼ੁਰੂ ਕਰਾਂਗੇ।
Comment here