ਸਿਆਸਤਖਬਰਾਂ

ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਵਿਰੋਧੀਆਂ ਦੇ ਨਿਸ਼ਾਨੇ ’ਤੇ…

ਚੰਡੀਗੜ੍ਹ-ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾ ਲਈ ਹੈ। ਉਨ੍ਹਾਂ ਕਾਂਗਰਸ ਹਾਈਕਮਾਨ ਮੁਖੀ ਸੋਨੀਆ ਗਾਂਧੀ ਨੂੰ ਆਪਣਾ 7 ਪੰਨਿਆ ਦਾ ਲਿਖਤੀ ਅਸਤੀਫਾ ਭੇਜਿਆ ਹੈ। ਕਾਂਗਰਸ ਤੋਂ ਅਸਤੀਫਾ ਦੇ ਕੇ ਨਵੀਂ ਪਾਰਟੀ ਦੇ ਐਲਾਨ ’ਤੇ ਸਿਆਸਤ ਗਰਮਾ ਗਈ ਹੈ। ਇਸ ’ਤੇ ਵਿਰੋਧੀਆਂ ਪਾਰਟੀਆਂ ਨੇ ਵੱਖ-ਵੱਖ ਬਿਆਨਾਂ ਰਾਹੀਂ ਕੈਪਟਨ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ।
ਉਧਰ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਤਿੱਖਾ ਹਮਲਾ ਬੋਲਿਆ ਹੈ। ਅਕਾਲੀ ਦਲ ਅਤੇ ਆਪ ਆਗੂਆਂ ਨੇ ਕਿਹਾ ਕਿ ਹੁਣ ਉਹ ਲੋਕਾਂ ਦੇ ਨਾਂਅ ’ਤੇ ਪਾਰਟੀ ਬਣਾ ਰਹੇ ਹਨ, ਜਿਹੜੇ ਪੌਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਮਿਲੇ ਹੀ ਨਹੀਂ। ਆਪ ਆਗੂਆਂ ਨਾਲ ਨਾਲ ਹੀ ਇਹ ਵੀ ਕਿਹਾ ਕਿ ਇਹ ਮਹਿਜ਼ ਇੱਕ ਕੁਰਸੀ ਦੀ ਲੜਾਈ ਹੈ, ਹੋਰ ਕੁੱਝ ਨਹੀਂ।
ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਹ ਕੁਰਸੀ ਦੀ ਲੜਾਈ ਹੈ। ਇਸੇ ਕੁਰਸੀ ਦੀ ਲੜਾਈ ਨੇ ਪਹਿਲਾਂ ਦੇਸ਼ ਦੀ ਵੰਡ ਕਰਵਾਈ ਸੀ ਅਤੇ ਹੁਣ ਪੰਜਾਬ ਦਾ ਨੁਕਸਾਨ ਕੀਤਾ ਹੈ।
ਸੰਧਵਾਂ ਨੇ ਕੈਪਟਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜੇਕਰ ਤੁਸੀ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਤੋਂ ਅਸਤੀਫਾ ਦਿੱਤਾ ਹੁੰਦਾ ਤਾਂ ਲੋਕ ਤੁਹਾਡਾ ਜ਼ਰੂਰ ਸਾਥ ਦਿੰਦੇ, ਪਰੰਤੂ ਇਹ ਤਾਂ ਮਹਿਜ਼ ਕੁਰਸੀ ਦੀ ਲੜਾਈ ਹੈ, ਇਸ ਲਈ ਲੋਕ ਤੁਹਾਡਾ ਕਦੇ ਸਾਥ ਨਹੀਂ ਦੇਣਗੇ।
ਉਧਰ, ਆਪ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਇੱਕ ਨੂੰ ਪੂਰਾ ਅਧਿਕਾਰ ਹੈ ਕਿ ਉਹ ਕੋਈ ਵੀ ਪਾਰਟੀ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਨਵੀਂ ਪਾਰਟੀ ਲਈ ਮੁਬਾਰਕਾਂ ਦਿੰਦੇ ਹਨ, ਪਰ ਇਨ੍ਹਾਂ ਦੀ ਦਾਲ ਰਾਜਨੀਤਕ ਗਰਾਊਂਡ ’ਤੇ ਗਲਣ ਵਾਲੀ ਨਹੀਂ ਕਿਉਂਕਿ ਪੰਜਾਬ ਦੇ ਲੋਕ ਕੈਪਟਨ ਤੋਂ ਭਲੀ-ਭਾਂਤ ਜਾਣੂੰ ਹਨ।
ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਮੁੱਖ ਮੰਤਰੀ ਹੁੰਦੇ ਹੋਏ ਪੌਣੇ 4 ਸਾਲਾਂ ਵਿੱਚ ਪੰਜਾਬ ਲਈ ਕੰਮ ਨਹੀਂ ਕਰ ਸਕੇ ਤਾਂ ਹੁਣ ਉਹ ਕਿਹੜਾ ਕੱਦੂ ਵਿੱਚ ਤੀਰ ਮਾਰ ਦੇਣਗੇ।
ਕੈਪਟਨ ਦੀ ਨਵੀਂ ਪਾਰਟੀ ਨੂੰ ਲੈ ਕੇ ਅਕਾਲੀ ਦਲ ਨੇ ਵੀ ਪ੍ਰਤੀਕਿਰਿਆ ਦਿੱਤੀ। ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਵਿੱਚ ਰਹਿਣਾ ਹੁਣ ਕੈਪਟਨ ਦੇ ਵੱਸ ਦੀ ਗੱਲ ਨਹੀਂ ਰਹਿ ਗਈ ਸੀ ਅਤੇ ਇਸ ਤੋਂ ਵੱਧ ਕੇ ਜ਼ਲਾਲਤ ਵਾਲੀ ਗੱਲ ਵੀ ਕੋਈ ਨਹੀਂ ਸੀ।
ਡਾ. ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਅੱਜ ਅਸਤੀਫੇ ਵਿੱਚ ਕਹਿ ਰਹੇ ਹਨ ਕਿ ਉਹ ਪੰਜਾਬ ਵਿੱਚ ਰੇਤ ਮਾਫੀਆ ਨੂੰ ਕਾਂਗਰਸੀ ਆਗੂਆਂ ਦੇ ਸ਼ਾਮਲ ਹੋਣ ਕਾਰਨ ਕੰਟਰੋਲ ਨਹੀਂ ਕਰ ਸਕੇ, ਉਹ ਅਕਾਲੀ ਦਲ ਪਹਿਲਾਂ ਹੀ ਕਹਿੰਦਾ ਰਿਹਾ ਹੈ ਅਤੇ ਹੁਣ ਕੈਪਟਨ ਵੱਲੋਂ ਇਸ ਮੁੱਦੇ ’ਤੇ ਗੱਲ ਕਰਨੀ ਹੀ ਨਹੀਂ ਬਣਦੀ।
ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ’ਤੇ ਕੱਸਿਆ ਤਨਜ਼,  ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦੇ ਨਾ ’ਤੇ ਤਨਜ਼ ਕੱਸਦਿਆਂ ਟਵੀਟ ਕੀਤਾ। ਉਨ੍ਹਾਂ ਕਿਹਾ ਕਿ ਇਹ ਕਿੰਨੀ ਵਿਅੰਗਾਤਮਕ ਗੱਲ ਹੈ ਕਿ ਕੈਪਟਨ ਅਮਰਿੰਦਰ ਦੀ ਪਾਰਟੀ ਨਾ ਤਾਂ ਪੰਜਾਬੀਆਂ ਲਈ ਹੈ, ਨਾ ਲੋਕਾਂ ਲਈ ਤੇ ਕਾਂਗਰਸ ਲਈ ਤਾਂ ਹੈ ਹੀ ਨਹੀਂ।

Comment here