ਸਿਆਸਤਖਬਰਾਂ

ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਆਪਸ ’ਚ ਭਿੜੇ ਪੰਥਕ ਆਗੂ

ਪਟਨਾ-ਬੀਤੇ ਦਿਨੀਂ ਸਿੱਖਾਂ ਦੇ ਦੂਜੇ ਵੱਡੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਗੁਰਦੁਆਰਾ ਸੰਵਿਧਾਨ ਵਿਰੁੱਧ ਮੁੱਖ ਗ੍ਰੰਥੀ, ਸੁਪਰਡੈਂਟ ਸਮੇਤ ਹੋਰ ਦੇ ਸੇਵਾਮੁਕਤੀ ਕਰਨ ਦੇ ਐਲਾਨ ’ਤੇ ਧੱਕਾ-ਮੁੱਕੀ ਹੋ ਗਈ। ਪ੍ਰਧਾਨ ਅਵਤਾਰ ਸਿੰਘ ਹਿਤ 63 ਸਾਲ ਦੀ ਉਮਰ ਪੂਰੀ ਕਰ ਚੁਕੇ ਸੇਵਾਦਾਰਾਂ ਨੂੰ ਸੇਵਾਮੁਕਤ ਕਰ ਦਿੱਤੇ ਜਾਣ ਅਤੇ ਉਨ੍ਹਾਂ ਤੋਂ ਕਮਰਾ ਖਾਲੀ ਕਰਵਾ ਕੇ ਸਵਾ ਲੱਖ ਰੁਪਏ ਦਾ ਚੈੱਕ ਲਏ ਜਾਣ ਦਾ ਐਲਾਨ ਕਰਦੇ ਸਮੇਂ ਪ੍ਰਬੰਧਕ ਕਮੇਟੀ ਦੇ ਮੈਂਬਰ ਰਾਜਾ ਸਿੰਘ ਉਨ੍ਹਾਂ ਨਾਲ ਉਲਝ ਪਏ। ਇਸ ਦੌਰਾਨ ਰਾਜਾ ਸਿੰਘ ਨੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਹੱਥੋਪਾਈ ਕਰ ਕੇ ਉਨ੍ਹਾਂ ਨੂੰ ਧੱਕਾ ਦੇ ਦਿੱਤਾ। ਜਿਸ ਕਾਰਨ ਉਹ ਫਰਸ਼ ’ਤੇ ਡਿੱਗ ਕੇ ਜ਼ਖਮੀ ਹੋ ਗਏ। ਇਸ ਦੌਰਾਨ ਸੇਵਾਦਾਰਾਂ ਨੇ ਪ੍ਰਧਾਨ ਅਤੇ ਜਨਰਲ ਸਕੱਤਰ ਨਾਲ ਕੁੱਟਮਾਰ ਵੀ ਕੀਤੀ। ਘਟਨਾ ਦੀ ਪੂਰੀ ਵਾਰਦਾਤ ਤਖ਼ਤ ਸ੍ਰੀ ਹਰਿਮੰਦਿਰ ਪਟਨਾ ਸਾਹਿਬ ’ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ ਹੈ। ਇਨ੍ਹਾਂ ਤਸਵੀਰਾਂ ’ਚ ਸਪੱਸ਼ਟ ਰੂਪ ਨਾਲ ਦੇਖਿਆ ਜਾ ਸਕਦਾ ਹੈ ਕਿ ਰਾਜਾ ਸਿੰਘ ਵਲੋਂ ਅਵਤਾਰ ਸਿੰਘ ਨੂੰ ਧੱਕਾ ਦਿੱਤਾ ਗਿਆ, ਜਿਸ ਕਾਰਨ ਉਹ ਡਿੱਗ ਕੇ ਜ਼ਖਮੀ ਹੋ ਗਏ। ਬਾਅਦ ’ਚ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਸੀ। ਪ੍ਰਬੰਧਕ ਕਮੇਟੀ ਦੇ ਮੈਂਬਰ ਰਾਜਾ ਸਿੰਘ ਦੀ ਅਗਵਾਈ ’ਚ ਸੇਵਾਦਾਰਾਂ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਨਾਲ ਕੀਤੇ ਗਏ ਗਲਤ ਰਵੱਈਏ ਅਤੇ ਕੁੱਟਮਾਰ ਨੂੰ ਲੈ ਕੇ ਸ੍ਰੀ ਪਟਨਾ ਸਾਹਿਬ ’ਚ ਤਣਾਅ ਦੀ ਸਥਿਤੀ ਹੈ। ਕੁੱਟਮਾਰ ਦੀ ਘਟਨਾ ਤੋਂ ਪੈਦਾ ਤਣਾਅ ਤੋਂ ਬਾਅਦ ਭਾਰੀ ਗਿਣਤੀ ’ਚ ਪੁਲਸ ਫ਼ੋਰਸ ਦੀ ਤਾਇਨਾਤੀ ਕੀਤੀ ਗਈ ਹੈ।

Comment here