ਸਿਆਸਤਖਬਰਾਂ

ਤੌਬਾ, ਪੰਜਾਬ ਦੇ ਕਾਂਗਰਸੀਆਂ ਨੂੰ ਮੈਂ ਨੀ ਸਾਂਭ ਸਕਦਾ-ਰਾਵਤ

ਚੰਡੀਗੜ- ਪੰਜਾਬ ਕਾਂਗਰਸ ਦੇ ਕਲੇਸ਼ ਦਾ ਹਾਲੇ ਵੀ ਹੱਲ ਹੁੰਦਾ ਨਹੀਂ ਦਿਸ ਰਿਹਾ। ਨਵਜੋਤ ਸਿੱਧੂ ਕੁਝ ਸਰਗਰਮੀ ਜ਼ਰੂਰ ਦਿਖਾ ਰਹੇ ਹਨ ਪਰ ਸਾਫ ਨਹੀਂ ਹੋ ਸਕਿਆ ਕਿ ਉਹ ਪਾਰਟੀ ਚ ਖੁਲ ਕੇ ਪਹਿਲਾੰ ਵਾਂਗ ਵਿਚਰਨਗੇ ਜਾਂ ਨਹੀਂ, ਅਜਿਹੇ ਮਹੌਲ ਤੋਂ ਅੱਕੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਹੁਣ ਹੱਥ ਖੜ੍ਹੇ ਕਰ ਦਿੱਤੇ ਹਨ ਅਤੇ ਇੰਚਾਰਜ ਦਾ ਅਹੁਦਾ ਛੱਡਣ ਲਈ ਹਾਈਕਮਾਨ ਨੂੰ ਵੀ ਬੇਨਤੀ ਕੀਤੀ ਹੈ।ਇਸੇ ਦਰਮਿਆਨ ਹਰੀਸ਼ ਰਾਵਤ ਨੇ ਆਪਣੀ ਇੱਛਾ ਜ਼ਾਹਿਰ ਕਰਦਿਆਂ ਕਿਹਾ ਕਿ ਹਾਈਕਮਾਨ ਨੂੰ ਨਵਜੋਤ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕਰ ਲੈਣਾ ਚਾਹੀਦਾ ਸੀ।ਬੇਸ਼ੱਕ ਹਰੀਸ਼ ਰਾਵਤ ਨੇ ਉੱਤਰਾਖੰਡ ‘ਚ ਆ ਰਹੀਆਂ ਚੋਣਾਂ ਦੇ ਬਹਾਨੇ ਪੰਜਾਬ ਕਾਂਗਰਸ ਇੰਚਾਰਜ ਦੇ ਅਹੁਦੇ ‘ਤੋਂ ਛੁੱਟੀ ਦੀ ਮੰਗ ਕੀਤੀ ਹੈ ਪਰ ਇਹ ਗੱਲ ਸਪਸ਼ਟ ਹੈ ਕਿ ਰਾਵਤ ਕਾਂਗਰਸ ਦਾ ਕਲੇਸ਼ ਸੁਲਝਾਉਣ ‘ਚ ਅਸਫ਼ਲ ਰਹੇ ਹਨ । ਦਿਨੋਂ-ਦਿਨ ਗਹਿਰੇ ਹੋ ਰਹੇ ਕਾਂਗਰਸ ਦੇ ਕਾਟੋ-ਕਲੇਸ਼ ਨੇ ਪੰਜਾਬ ਵਿੱਚ ਵੱਡੇ ਪੱਧਰ ‘ਤੇ ਸਿਆਸੀ ਆਗੂਆਂ ਦੇ ਅਹੁਦਿਆਂ ਦੀਆਂ ਤਬਦੀਲੀਆਂ ਕਰ ਦਿੱਤੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਜਗ੍ਹਾ ਵੀ ਹਰੀਸ਼ ਚੌਧਰੀ ਲੈ ਸਕਦੇ ਹਨ। ਹਰੀਸ਼ ਰਾਵਤ ਦੇ ਪੰਜਾਬ ਕਾਂਗਰਸ ਇੰਚਾਰਜ ਬਣਦਿਆਂ ਹੀ ਸਿੱਧੂ ਨੇ ਰਾਵਤ ਨਾਲ ਨੇੜਤਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਜਿਸਦਾ ਸਿੱਟਾ ਇਹ ਨਿਕਲਿਆ ਕਿ ਸਾਢੇ ਚਾਰ ਸਾਲਾਂ ਤੋਂ ਕੈਪਟਨ ਖ਼ਿਲਾਫ਼ ਅੰਦਰਖਾਤੇ ਸੁਲਗ ਰਹੀ ਅੱਗ ਭਾਂਬੜ ਬਣ ਬਾਹਰ ਆਈ ਅਤੇ ਕੈਪਟਨ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ।ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਅਤੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ‘ਤੇ ਵੀ ਇਹ ਕਲੇਸ਼ ਸੁਲਝਣ ਦਾ ਨਾਂ ਨਹੀਂ ਲੈ ਰਿਹਾ ਅਤੇ ਨਵਜੋਤ ਸਿੱਧੂ ਨੇ ਪ੍ਰਧਾਨਗੀ ਪਦ ਤੋਂ ਅਸਤੀਫ਼ਾ ਦੇ ਦਿੱਤਾ। ਸਿੱਧੂ ਦੇ ਅਸਤੀਫ਼ੇ ‘ਤੇ ਅਜੇ ਤੱਕ ਸ਼ਸ਼ੋਪੰਜ ਬਰਕਰਾਰ ਹੈ ਕਿ ਅਸਤੀਫ਼ਾ ਮਨਜ਼ੂਰ ਹੋਇਆ ਹੈ ਜਾਂ ਨਹੀਂ। ਇਸੇ ਦਰਮਿਆਨ ਹਰੀਸ਼ ਰਾਵਤ ਵੱਲੋਂ ਸਿੱਧੂ ਦੇ ਅਸਤੀਫ਼ੇ ਨੂੰ ਪ੍ਰਵਾਨ ਕਰਨ ਦੀ ਗੱਲ ਸਾਫ਼ ਦਰਸਾਉਂਦੀ ਹੈ ਕਿ ਉਹ ਵੀ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਹੱਲ ਕਰਨ ‘ਚ ਕਾਮਯਾਬ ਨਹੀਂ ਹੋ ਸਕੇ।

Comment here