ਇਕ ਪੰਛੀ ਹੁੰਦਾ ਸੀ। ਨਿਰਾ ਉਜੱਡ। ਗੀਤ ਤਾਂ ਬੜੇ ਗਾਉਂਦਾ, ਪਰ ਧਰਮ ਪੋਥੀਆਂ ਉੱਕਾ ਕੋਈ ਨਹੀਂ ਸੀ ਪੜ੍ਹਿਆ। ਉੱਡਦੇ ਫਿਰਨਾ, ਟੱਪਦੇ ਫਿਰਨਾ, ਪਰ ਤਮੀਜ਼ ਦਾ ਨਾਂ ਨਿਸ਼ਾਨ ਨਹੀਂ।
ਰਾਜਾ ਕਹਿੰਦਾ,” ਇਹ ਵੀ ਕਿਹੋ ਜਿਹਾ ਪੰਛੀ ਐ! ਇਹੋ ਜਿਹਿਆਂ ਬਿਨਾ ਕੀ ਥੁੜਿਆ ਸੀ? ਬਾਗਾਂ ਦੇ ਫਲ ਵੱਖ ਚਟਮ ਕਰ ਜਾਂਦੇ ਨੇ ਤੇ ਸ਼ਾਹੀ ਫਲ-ਮੰਡੀ ਨੂੰ ਘਾਟਾ ਵੱਖਰਾ ਪੈ ਜਾਂਦੈ।”
ਉਸਨੇ ਮੰਤਰੀ ਨੂੰ ਸੱਦਿਆ, ਤੇ ਹੁਕਮ ਚਾੜ੍ਹਿਆ, “ਇਸਨੂੰ ਪੜ੍ਹਾਓ।”
ਪੰਛੀ ਦੀ ਪੜ੍ਹਾਈ ਕਰਾਉਣ ਦੀ ਜਿੰਮੇਵਾਰੀ ਰਾਜੇ ਦੇ ਭਤੀਜੇ ਦੀ ਲਾਈ ਗਈ।
ਵਿਦਵਾਨਾਂ ਲੰਮੀਆਂ ਲੰਮੀਆਂ ਚਰਚਾਵਾਂ ਕੀਤੀਆਂ, ਜਿਨ੍ਹਾਂ ਦਾ ਵਿਸ਼ਾ ਇਹ ਸੀ- “ਭਲਾ ਇਸ ਪ੍ਰਾਣੀ ਦੇ ਏਨੇ ਉਜੱਡ ਹੋਣ ਦੀ ਵਜ੍ਹਾ ਕੀ ਹੋਵੇਗੀ?
ਨਿਚੋੜ ਇਹ ਕੱਢਿਆ ਗਿਆ ਕਿ : “ਤੀਲ੍ਹੇ ਡੰਡੀਆਂ ਦੇ ਬਣੇ ਇਹਦੇ ਨਿੱਕੇ ਆਲ੍ਹਣੇ ਵਿਚ ਥਾਂ ਹੀ ਕੀ ਹੋਣੀ ਬਹੁਤੀ ਪੜ੍ਹਾਈ ਰੱਖਣ ਦੀ, ਤੇ ਸਭ ਤੋਂ ਪਹਿਲਾਂ ਤਾਂ ਇਹ ਜਰੂਰੀ ਹੈ ਕਿ ਇਸਦੇ ਵਾਸਤੇ ਇਕ ਚੰਗਾ ਜਿਹਾ ਪਿੰਜਰਾ ਬਣਾਇਆ ਜਾਵੇ।”
ਵਿਦਵਾਨਾਂ ਨੂੰ ਵਾਹਵਾ ਇਨਾਮ ਮਿਲੇ ਤੇ ਉਹ ਖੁਸ਼ੀ ਖੁਸ਼ੀ ਘਰਾਂ ਨੂੰ ਚਲੇ ਗਏ।
ਸੁਨਿਆਰ ਨੇ ਪਿੰਜਰਾ ਬਨਾਉਣ ਦਾ ਕੰਮ ਚਾਲੂ ਕਰ ਦਿੱਤਾ। ਪਿੰਜਰਾ ਇਹੋ ਜਿਹਾ ਕਮਾਲ ਦਾ ਬਣਿਆ ਕਿ ਜਿਹੜਾ ਵੇਖੋ ਉਹੋ ਉਸਨੂੰ ਹੀ ਦੇਖਣ ਭੱਜਿਆ ਜਾ ਰਿਹਾ ਸੀ। ਕੁਝ ਕੁ ਕਹਿ ਰਹੇ ਸੀ, “ਕਰਾਅ ਲਓ ਪੜ੍ਹਾਈ!” ਹੋਰਾਂ ਕਿਹਾ, “ਪੜ੍ਹਾਈ ਦਾ ਤਾਂ ਪਤਾ ਨਹੀਂ, ਘੱਟੋ ਘੱਟ ਇਸ ਪੰਛੀ ਨੂੰ ਇਹ ਪਿੰਜਰਾ ਤਾਂ ਮਿਲ ਗਿਆ! ਬੜਾ ਕਿਸਮਤਵਾਲਾ ਪੰਛੀ ਹੈ!”
ਸੁਨਿਆਰ ਨੂੰ ਝੋਲੀਆਂ ਭਰ ਭਰ ਇਨਾਮ ਮਿਲੇ। ਉਹ ਖੁਸ਼ੀ ਖੁਸ਼ੀ ਘਰ ਨੂੰ ਚਲਦਾ ਬਣਿਆ।
ਪੰਛੀ ਨੂੰ ਪੜ੍ਹਾਉਣ ਲਈ ਹੁਣ ਪੰਡਿਤ ਆਇਆ। ਉਸਨੇ ਨਸਵਾਰ ਦੀ ਇਕ ਚੂੰਢੀ ਲਈ ਤੇ ਕਿਹਾ, “ਥੋੜ੍ਹੀਆਂ ਕਿਤਾਬਾਂ ਨਾਲ ਨਹੀਂ ਸਰਨਾ।”
ਭਤੀਜੇ ਨੇ ਕਿਤਾਬਾਂ ਲਿਖਣ ਵਾਲਿਆ ਨੂੰ ਸੱਦਿਆ। ਉਨ੍ਹਾਂ ਕਿਤਾਬਾਂ ਤੋਂ ਨਕਲ ਕੀਤੀ ਤੇ ਉਨ੍ਹਾਂ ਨਕਲਾਂ ਤੋਂ ਹੋਰ ਨਕਲਾਂ ਬਣਾਈਆਂ ਤੇ ਇਹੋ ਜਿਹੀਆਂ ਚੀਜ਼ਾਂ ਦਾ ਇਕ ਬਹੁਤ ਬਹੁਤ ਵੱਡਾ ਢੇਰ ਲਾ ਲਿਆ। ਜਿਸ ਵੀ ਇਹ ਤੱਕਿਆ, ਆਖਿਆ,” ਬੱਲੇ ਬੱਲੇ! ਇੱਥੇ ਤਾਂ ਪੜ੍ਹਾਈ ਦੇ ਹੱਦਾਂ ਬੰਨੇ ਨਹੀਂ ਰਹਿਣੇ!”
ਪੋਥੀ ਲਿਖਾਰੀਆਂ ਨੂੰ ਗੱਡੇ ਭਰ ਭਰ ਇਨਾਮ ਮਿਲੇ। ਉਹ ਭੱਜੇ ਭੱਜੇ ਘਰਾਂ ਨੂੰ ਗਏ। ਓਦੋਂ ਤੋਂ ਬਾਅਦ ਉਨ੍ਹਾਂ ਦੇ ਕਿਸੇ ਵਾਰਿਸ ਨੇ ਗਰੀਬੀ ਨਾ ਵੇਖੀ।
ਭਤੀਜਾ, ਉਸ ਅਨਮੋਲ ਪਿੰਜਰੇ ਦੀ ਦੇਖ ਰੇਖ ਦੇ ਵਾਸਤੇ ਅਣਗਿਣਤ ਇੰਤਜ਼ਾਮ ਕਰਦਾ ਫਿਰਦਾ, ਹਰ ਵੇਲੇ ਰੁੱਝਾ ਰਹਿੰਦਾ। ਮੁਰੰਮਤਾਂ ਦੀ ਵੀ ਕਾਫ਼ੀ ਲੋੜ ਪਈ ਰਹਿੰਦੀ। ਪਿੰਜਰੇ ਦੀ ਧੋਆ ਧੁਆਈ ਅਤੇ ਸਾਫ਼ ਸਫ਼ਾਈ ਅਤੇ ਚਮਕਾਈ ਲਿਸ਼ਕਾਈ ਵੱਖ ਹੋਣੀ ਹੁੰਦੀ। ਏਨਾ ਤਾਂ ਸਾਰੇ ਮੰਨਦੇ ਸੀ ਪਈ, “ਫ਼ਰਕ ਤਾਂ ਸੱਚੀਂ ਬੜਾ ਪੈ ਰਿਹਾ ਹੈ।”
ਬਹੁਤ ਸਾਰੇ ਜਣਿਆਂ ਨੂੰ ਕੰਮ ‘ਤੇ ਲਾਇਆ ਗਿਆ ਤੇ ਉਨ੍ਹਾਂ ਦੇ ਕੰਮ ਉਤੇ ਅੱਖ ਰੱਖਣ ਨੂੰ ਹੋਰ ਬੜੇ ਸਾਰੇ ਜਣਿਆਂ ਨੂੰ ਕੰਮ ‘ਤੇ ਲਾਇਆ ਗਿਆ। ਹਰੇਕ ਜਣੇ ਨੂੰ ਹਰ ਮਹੀਨੇ ਮੁੱਠੀ ਭਰ ਸਿੱਕੇ ਮਿਲ ਜਾਂਦੇ ਤੇ ਉਹ ਆਪਣੀਆਂ ਤਿਜੋਰੀਆਂ ਭਰਨ ਲੱਗੇ। ਉਹ ਆਪ, ਉਨ੍ਹਾਂ ਦੇ ਭੈਣ=ਭਾਈ ਤੇ ਚਚੇਰੇ, ਫੁਫੇਰੇ, ਮਮੇਰੇ, ਮਸੇਰੇ ਭੈਣ-ਭਾਈ ਬੜੀਆਂ ਸ਼ਾਨਾਂ ਅਤੇ ਖੁਸ਼ੀਆਂ ਭਰੀ ਜ਼ਿੰਦਗੀ ਜਿਊਣ ਲੱਗੇ।
ਹੁਣ ਗੱਲ ਇਹ ਹੈ ਪਈ ਸਾਡੀ ਇਸ ਦੁਨੀਆ ਵਿਚ ਘਾਟਾਂ ਤਾਂ ਬੜੀਆਂ ਹਨ, ਪਰ ਮੀਣ ਮੇਖ ਕੱਢਣ ਵਾਲਿਆਂ ਦੀ ਵੀ ਤਾਂ ਭਰਮਾਰ ਹੈ। ਉਨ੍ਹਾਂ ਆਖਿਆ, “ਪਿੰਜਰੇ ਨੂੰ ਤਾਂ ਬਈ ਬੜਾ ਫਰਕ ਪੈ ਰਿਹਾ ਹੈ, ਪਰ ਪੰਛੀ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ।”
ਲਓ ਜੀ ਇਹ ਗੱਲ ਰਾਜੇ ਦੇ ਕੰਨਾਂ ਤੱਕ ਵੀ ਪੁੱਜ ਗਈ। ਉਸਨੇ ਭਤੀਜੇ ਨੂੰ ਸੱਦਿਆ ਤੇ ਕਿਹਾ, “ਇਹ ਮੈਂ ਕੀ ਸੁਣ ਰਿਹਾ ਹਾਂ, ਪਿਆਰੇ ਭਤੀਜੇ?” ਭਤੀਜੇ ਨੇ ਕਿਹਾ,” ਮਹਾਰਾਜ! ਜੇ ਤੁਸੀਂ ਸੱਚਾਈ ਜਾਨਣੀ ਚਾਹੁੰਦੇ ਹੋ ਤਾਂ ਸੁਨਿਆਰ ਨੂੰ ਬੁਲਾਓ, ਪੰਡਿਤਾਂ ਅਤੇ ਪੋਥੀ ਲਿਖਾਰੀਆਂ ਨੂੰ ਸੱਦ ਭੇਜੋ, ਮੁਰੰਮਤ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਕੰਮ ਉੱਤੇ ਅੱਖ ਰੱਖਣ ਵਾਲਿਆਂ ਨੂੰ ਪੇਸ਼ ਕਰਾਓ। ਇਨ੍ਹਾਂ ਮੀਣ ਮੇਖ ਕੱਢਣ ਵਾਲਿਆਂ ਦਾ ਤਾਂ ਤੋਰੀ ਫੁਲਕਾ ਨਹੀਂ ਚੱਲਦਾ ਆਪਣਾ ਤੇ ਬਕਵਾਸ ਕਰਦੇ ਰਹਿੰਦੇ ਹਨ।”
ਲਓ ਜੀ ਰਾਜੇ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਯਾਨੀ ਸਾਰੀ ਗੱਲ ਦੀ ਸਾਫ਼ ਸਾਫ਼ ਸਮਝ ਆ ਗਈ, ਤੇ ਭਤੀਜੇ ਦੇ ਗਲ ਵਿਚ ਇਕ ਸੋਨੇ ਦਾ ਹਾਰ ਸਜ ਗਿਆ।
ਫੇਰ ਰਾਜੇ ਆਪ ਖੁਦ ਅਸਮਾਨੀ ਬਿਜਲੀ ਦੀ ਤੇਜ਼ੀ ਨਾਲ ਚੱਲਦੀ ਇਹ ਪੜ੍ਹਾਈ ਦੇਖਣੀ ਚਾਹੀ। ਤਾਂ ਇਕ ਦਿਨ ਉਹ ਆਪਣੇ ਸਾਰੇ ਮਿੱਤਰਾਂ, ਸਾਥੀਆਂ ਤੇ ਦਰਬਾਰੀਆਂ ਨੂੰ ਨਾਲ ਲੈ ਪੜ੍ਹਨ-ਥਾਂ ਆਇਆ।
ਉਹ ਅਜੇ ਮੁੱਖ ਦੁਆਰ ਤੱਕ ਪੁੱਜਿਆ ਹੀ ਸੀ, ਕਿ ਮਾਰ ਘੰਟੀਆਂ ਤੇ ਢੋਲ ਤੇ ਸਿਤਾਰਾਂ ਤੇ ਬੰਸਰੀਆਂ ਤੇ ਅਲਗੋਜ਼ੇ ਤੇ ਤਾਨਪੁਰੇ ਤੇ ਤੰਬੂਰੇ ਤੇ ਵੀਣਾਂ ਤੇ ਛੈਣੇ ਤੇ ਰਬਾਬਾਂ ਤੇ ਵੱਡੇ ਬਿਗਲ ਤੇ ਬੀਨਾਂ ਤੇ ਹਰਮੋਨੀਅਮ ਤੇ ਪਿਆਨੋ ਤੇ ਜਲਤਰੰਗ ਇਕ ਆਵਾਜ਼ ਉਚੀ ਉਚੀ ਵੱਜਣ ਲੱਗ ਪਏ। ਪੰਡਿਤ ਆਪਣੀਆਂ ਬੋਦੀਆਂ ਹਿਲਾਅ ਹਿਲਾਅ ਸੰਘ ਪਾੜ ਪਾੜ ਮੰਤਰ ਉਚਾਰਨ ਲੱਗੇ। ਮੁਰੰਮਤੀਏ ਤੇ ਮਜ਼ਦੂਰ ਤੇ ਉਹ ਸੁਨਿਆਰ ਤੇ ਉਹ ਪੋਥੀ ਲਿਖਾਰੀ ਤੇ ਉਹ ਜਿਹੜੇ ਉਨ੍ਹਾਂ ਸਭ ਦੇ ਕੰਮਕਾਰ ਉਤੇ ਅੱਖ ਰੱਖਦੇ ਸਨ ਤੇ ਅੱਗੋਂ ਉਨ੍ਹਾਂ ਦੇ ਆਪਣੇ ਤੇ ਚਚੇਰੇ, ਤੇ ਫੁਫੇਰੇ, ਤੇ ਮਸੇਰੇ, ਤੇ ਮਮੇਰੇ ਭੈਣਾਂ ਭਾਈਆਂ ਵੀ ਅਸਮਾਨ ਸਿਰ ‘ਤੇ ਚੁੱਕਣ ਵਾਲੀ ਜੈ ਜੈ ਕਾਰ ਨਾਲ ਰਾਜੇ ਨੂੰ ਜੀ ਆਇਆਂ ਆਖਿਆ।
ਭਤੀਜੇ ਕਿਹਾ,”ਮਹਾਰਾਜ! ਆਪ ਜੀ ਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ?”
ਰਾਜੇ ਕਿਹਾ, “ਕਮਾਲ ਹੈ! ਏਨੀ ਆਵਾਜ਼ ਤਾਂ ਕੋਈ ਆਮ ਜਿਹੀ ਗੱਲ ਨਹੀਂ।”
ਭਤੀਜੇ ਕਿਹਾ,”ਨਿਰੀ ਆਵਾਜ਼ ਦੀ ਗੱਲ ਨਹੀਂ ਮਹਾਰਾਜ, ਇਸ ‘ਤੇ ਲੱਗਾ ਪੈਸਾ ਵੀ ਕੋਈ ਆਮ ਜਿਹੀ ਗੱਲ ਨਹੀਂ।”
ਰਾਜਾ ਹੱਦੋਂ ਵੱਧ ਖੁਸ਼ ਹੋ ਗਿਆ। ਉਹ ਓਥੋਂ ਵਾਪਿਸ ਚੱਲ ਪਿਆ।
ਉਹ ਮੁੱਖ ਦਰਵਾਜ਼ੇ ਵਿਚੋਂ ਬਾਹਰ ਨਿਕਲ ਆਪਣੇ ਹਾਥੀ ਉੱਤੇ ਸਵਾਰ ਹੋਣ ਹੀ ਲੱਗਾ ਸੀ, ਕਿ ਇਕ ਮੀਣ ਮੇਖ ਕੱਢਣ ਵਾਲੇ ਨੇ, ਜਿਹੜਾ ਕਿਸੇ ਝਾੜੀ ਝੂੜੀ ਵਿਚ ਲੁਕਿਆ ਬੈਠਾ ਸੀ, ਚੀਖ ਕੇ ਆਖਿਆ,”ਮਹਾਰਾਜ! ਤੁਸੀਂ ਪੰਛੀ ਨੂੰ ਇਕ ਨਜ਼ਰ ਵੇਖ ਤਾਂ ਲਿਆ ਹੈ ਨਾ?”
ਰਾਜਾ ਹਿੱਲ ਗਿਆ। ਉਸਨੇ ਕਿਹਾ,” ਲਓ! ਇਹ ਤਾਂ ਮੈਂ ਭੁੱਲ ਈ ਗਿਆ, ਪੰਛੀ ਤਾਂ ਮੈਂ ਵੇਖਿਆ ਈ ਨਹੀਂ।” ਉਹ ਮੁੜ ਅੰਦਰ ਗਿਆ ਤੇ ਪੰਡਿਤ ਨੂੰ ਆਖਣ ਲੱਗਾ, “ਵਿਖਾਓ ਤਾਂ ਸਹੀ ਤੁਸੀਂ ਪੜ੍ਹਾਉਂਦੇ ਕਿਸ ਤਰ੍ਹਾਂ ਹੋ ਇਸ ਪੰਛੀ ਨੂੰ।”
ਅਤੇ ਫੇਰ ਉਸ ਦੇਖਿਆ। ਸਚਮੁਚ ਬੜਾ ਚੰਗਾ ਲੱਗਾ। ਤਰੀਕਾ ਈ ਏਨਾ ਜੋਰਦਾਰ ਸੀ ਉਸ ਪੰਛੀ ਦੇ ਮੁਕਾਬਲੇ ਵਿਚ ਕਿ ਪੰਛੀ ਤਾਂ ਤੁਹਾਨੂੰ ਮਸਾਂ ਈ ਚੇਤੇ ਰਹਿੰਦਾ ਕਿ ਉਹ ਵੀ ਹੈ। ਇਓਂ ਜਾਪਦਾ ਸੀ ਜਿਵੇਂ ਪੰਛੀ ਵੱਲ ਦੇਖਣ ਦੀ ਕੋਈ ਖਾਸ ਤੁਕ ਈ ਨਹੀਂ ਸੀ। ਰਾਜਾ ਸਮਝ ਗਿਆ ਕਿ ਸਾਰੇ ਇੰਤਜ਼ਾਮ ਪੱਕੇ ਤੇ ਸਹੀ ਹਨ। ਪਿੰਜਰੇ ਵਿਚ ਕੋਈ ਦਾਣੇ ਨਹੀਂ ਸਨ, ਨਾ ਹੀ ਪਾਣੀ। ਸਿਰਫ਼ ਢੇਰਾਂ ਦੇ ਢੇਰ ਕਾਗਜ਼, ਢੇਰਾਂ ਦੀਆਂ ਢੇਰਾਂ ਪੋਥੀਆਂ ਵਿਚੋਂ ਪਾੜ ਕੇ ਰੱਖੇ ਹੋਏ, ਜੋ ਇਕ ਕਲਮ ਦੀ ਨੋਕ ਨਾਲ ਉਸ ਪੰਛੀ ਦੇ ਮੂੰਹ ਵਿਚ ਤੁੰਨੇ ਜਾ ਰਹੇ ਸਨ। ਪੰਛੀ ਦੇ ਮੂੰਹ ਵਿਚ ਥਾਂ ਹੀ ਨਹੀਂ ਸੀ ਬਚੀ ਕੁਝ ਪੁਕਾਰ ਕਰਨ ਜੋਗੀ, ਕੋਈ ਧੁਨ ਤਾਂ ਉਸ ਕੀ ਕੱਢਣੀ ਸੀ। ਇਹ ਤਾਂ ਸਚਮੁਚ ਮਨ ਨੂੰ ਇਕ ਵਾਹਵਾ ਹੀ ਭਾਉਂਦਾ ਨਜ਼ਾਰਾ ਸੀ।
ਤੇ ਏਸ ਵਾਰ, ਹਾਥੀ ‘ਤੇ ਚੜ੍ਹਨੋਂ ਪਹਿਲਾਂ, ਰਾਜੇ ਨੇ ਕੰਨ-ਪੁੱਟੂ ਮਾਹਿਰ ਨੂੰ ਹੁਕਮ ਦਿੱਤਾ ਕਿ ਉਹ ਮੀਣ-ਮੇਖ ਕੱਢੂ ਦੇ ਕਈ ਵਾਰ ਚੰਗੀ ਤਰ੍ਹਾਂ ਕੰਨ ਪੁੱਟੇ।
ਜਿਵੇਂ ਜਿਵੇਂ ਦਿਨ ਪੈਂਦੇ ਗਏ, ਪੰਛੀ ਅਧ-ਮੋਇਆ ਹੋਈ ਗਿਆ, ਤੇ ਜਿਸ ਦੀ ਹੀ ਤਾਂ ਏਥੇ ਇਕ ਸਤਿਕਾਰ ਜਿਹੇ ਨਾਲ ਆਸ ਕੀਤੀ ਜਾ ਰਹੀ ਸੀ। ਗਾਰਡਾਂ-ਰਖਵਾਲਾਂ ਦੀ ਸਮਝ ਇਹ ਸੀ ਕਿ ਅਜੇ ਕਾਰਜ ਸੰਪੂਰਨ ਨਹੀਂ ਹੋਇਆ ਸੀ ਕਿਓਂਕਿ ਅਜੇ ਵੀ- ਆਪਣੀ ਮਾੜੀ ਆਦਤ ਮੁਤਾਬਕ ਇਹ ਪੰਛੀ ਸਵੇਰ ਦਾ ਸੂਰਜ ਵੇਖਦਿਆਂ ਹੀ ਆਪਣੇ ਖੰਭ ਫੜਫੜਾਉਂਦਾ ਸੀ ਜੋ ਕਿ ਬਹੁਤ ਇਤਰਾਜ਼ ਵਾਲੀ ਗੱਲ ਸੀ। ਕਿਸੇ ਕਿਸੇ ਦਿਨ ਤਾਂ ਇਹ ਵੀ ਹੁੰਦਾ ਕਿ ਉਹ ਆਪਣੀ ਬਿਮਾਰ ਜਿਹੀ ਚੁੰਝ ਨਾਲ ਪਿੰਜਰੇ ਦੀਆਂ ਸੀਖਾਂ ਭੰਨਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ।
ਅਫ਼ਸਰ ਕਹਿੰਦਾ, “ਮਜਾਲ ਤਾਂ ਦੇਖੋ ਇਸਦੀ!” ਓਧਰ, ਝਟਪਟ, ਲੁਹਾਰ ਆਪਣੀ ਧੌਂਕਣੀ ਤੇ ਅੱਗ ਤੇ ਹਥੌੜੇ ਤੇ ਛੈਣੀ ਲੈ ਕੇ ਆ ਖਲੋਤਾ। ਤੇ ਉਸਨੇ ਇਨ੍ਹਾਂ ਨਾਲ ਉਹ ਤਾਬੜਤੋੜ ਸੱਟਾਂ ਮਾਰੀਆਂ ਕਿ ਪੁੱਛੋ ਨਾ! ਲੋਹੇ ਦਾ ਇਕ ਸੰਗਲ ਘੜਿਆ ਗਿਆ ਤੇ ਪੰਛੀ ਦੇ ਖੰਭ ਵੀ ਵੱਢ ਦਿੱਤੇ ਗਏ। ਰਾਜੇ ਦੇ ਸਕਿਆਂ ਸੰਬੰਧੀਆਂ ਗਹਿਰ ਗੰਭੀਰ ਹੋ ਆਪਣੇ ਸਿਰ ਮਾਰ ਕੇ ਕਿਹਾ,” ਇਸ ਰਾਜ ਵਿਚ, ਇਹ ਪੰਛੀ ਜਿਹੜੇ ਨੇ ਇਹ ਨਾ ਸਿਰਫ਼ ਉਜੱਡ ਨੇ, ਸਗੋਂ ਨਾਸ਼ੁਕਰੇ ਵੀ ਨੇ।”
ਫੇਰ ਪੰਡਿਤ ਆਏ ਇਕ ਹੱਥ ਵਿਚ ਕਲਮ ਤੇ ਦੂਜੇ ਵਿਚ ਭਾਲਾ ਚੁੱਕੀ ਤੇ ਜਿਨ੍ਹਾਂ ਨਾਲ ਉਨ੍ਹਾਂ ਉਹ ਕੁਝ ਕੀਤਾ ਕਿ ਜਿਸਨੂੰ ਸਚਮੁਚ ਹੀ ਸਬਕ ਸਿਖਾਓਣਾ ਕਿਹਾ ਜਾ ਸਕਦਾ ਸੀ।
ਲੁਹਾਰ ਪੈਸੇ ਧੇਲੇ ਵੱਲੋਂ ਬੜਾ ਹੀ ਸੌਖਾ ਹੋ ਗਿਆ। ਉਸਦੀ ਘਰਦੀ ਕੋਲ ਸੋਨੇ ਦੇ ਗਹਿਣੇ ਹੋ ਗਏ। ਅਫ਼ਸਰ ਨੂੰ ਆਪਣੀ ਚੁਸਤੀ ਫੁਰਤੀ ਕਰਕੇ ਰਾਜੇ ਕੋਲੋਂ ਖਿਤਾਬ ਮਿਲ ਗਿਆ।
ਪੰਛੀ ਮਰ ਗਿਆ– ਇਹ ਕਿਸੇ ਨੂੰ ਨਾ ਪਤਾ ਲੱਗਾ ਕਿ ਕਦੋਂ। ਬਦਨਾਮ ਮੀਣ-ਮੇਖ ਕੱਢੂ ਨੇ ਗੱਲ ਫੈਲਾਅ ਦਿੱਤੀ, “ਪੰਛੀ ਮਰ ਗਿਐ।”
ਰਾਜੇ ਨੇ ਭਤੀਜੇ ਨੂੰ ਸੱਦ ਪੁੱਛਿਆ, “ਪਿਆਰੇ ਭਤੀਜੇ, ਇਹ ਮੈਂ ਕੀ ਸੁਣ ਰਿਹਾਂ?”
ਭਤੀਜੇ ਨੇ ਕਿਹਾ,” ਮਹਾਰਾਜ, ਉਸ ਪੰਛੀ ਦੀ ਪੜ੍ਹਾਈ ਹੁਣ ਪੂਰੀ ਹੋ ਗਈ ਹੈ।”
ਰਾਜੇ ਨੇ ਪੁੱਛਿਆ,” ਕੀ ਉਹ ਅਜੇ ਵੀ ਟੱਪਦੈ?”
ਭਤੀਜੇ ਨੇ ਕਿਹਾ,”ਰੱਬ ਰੱਬ ਕਰੋ ਜੀ।
“ਕੀ ਉਹ ਅਜੇ ਵੀ ਉੱਡਦੈ?”
“ਨਹੀਂ।”
“ਕੀ ਹਾਲੇ ਵੀ ਗਾਉਂਦੈ?”
“ਨਾ।”
“ਖਾਣ ਨੂੰ ਨਾ ਮਿਲੇ ਤਾਂ ਅਜੇ ਵੀ ਚੀਖਦੈ?
“ਨਹੀਂ।”
ਰਾਜੇ ਨੇ ਕਿਹਾ,”ਇੱਥੇ ਲਿਆਓ ਮੇਰੇ ਕੋਲ ਪੰਛੀ। ਮੈਂ ਉਹਨੂੰ ਦੇਖਣਾ ਚਾਹਾਂਗਾ।”
ਪੰਛੀ ਅੰਦਰ ਲਿਆਂਦਾ ਗਿਆ। ਨਾਲ ਆਇਆ ਅਫ਼ਸਰ, ਸਾਰੇ ਗਾਰਡ, ਘੁੜਸਵਾਰ।
ਰਾਜੇ ਨੇ ਪੰਛੀ ਨੂੰ ਟੋਹਿਆ। ਉਸਨੇ ਮੂੰਹ ਨਾ ਖੋਲ੍ਹਿਆ ਤੇ ਇਕ ਸ਼ਬਦ ਨਾ ਬੋਲਿਆ। ਸਿਰਫ਼ ਪੋਥੀਆਂ ਦੇ ਪੰਨਿਆਂ, ਉਸਦੇ ਢਿੱਡ ਵਿਚੋਂ, ਇਕ ਕੜਕੜ ਜਿਹੀ ਕੀਤੀ।
ਬਾਹਰ, ਜਿੱਥੇ ਬਹਾਰ ਨੂੰ ਜੀ ਆਇਆਂ ਆਖਣ ਲਈ ਮਿੱਠੀ-ਕੋਮਲ ਦੱਖਣੀ ਹਵਾ ਅਤੇ ਨਵੇਂ ਆ ਰਹੇ ਫੁੱਲਾਂ ਵਾਲੇ ਜੰਗਲ ਹਾਜ਼ਰ ਖਲੋਤੇ ਸਨ, ਹਰੀਆਂ ਕਰੂੰਬਲਾਂ ਡੂੰਘਾ ਭਾਰਾ ਹਉਕਾ ਲੈ ਪੂਰਾ ਅਸਮਾਨ ਮੱਲ ਲਿਆ।
–ਰਾਬਿੰਦਰਨਾਥ ਟੈਗੋਰ
ਅਨੁਵਾਦ: ਪੂਨਮ ਸਿੰਘ
Comment here