ਅਪਰਾਧਸਿਆਸਤਖਬਰਾਂ

ਤਾਲਿਬਾਨ ਨੇ ਜੇਹਾਦੀ ਕਮਾਂਡਰ ਏਜਾਜ਼ ਨੂੰ ਉਤਾਰਿਆ ਮੌਤ ਦੇ ਘਾਟ

ਕਾਬੁਲ-ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਹਾਲ ਹੀ ਦੇ ਮਹੀਨਿਆਂ ‘ਚ ਤਾਲਿਬਾਨ ਦੇ ਕਈ ਮੈਂਬਰਾਂ ਨੂੰ ਮਾਰ ਦਿੱਤਾ ਸੀ। ਇਸ ਨਾਲ ਤਾਲਿਬਾਨ ਤੇ ਆਈਐੱਸ ਵਿਚਾਲੇ ਜੰਗ ਸ਼ੁਰੂ ਹੋ ਗਈ ਹੈ। ਅਫਗਾਨਿਸਤਾਨ ‘ਚ ਤਾਲਿਬਾਨ ਨੇ ਭਾਰਤੀਆਂ ‘ਤੇ ਆਤਮਘਾਤੀ ਹਮਲੇ ਕਰਨ ਵਾਲੇ ਅੱਤਵਾਦੀ ਜੇਹਾਦੀ ਕਮਾਂਡਰ ਏਜਾਜ਼ ਅਹਿਮਦ ਨੂੰ ਮਾਰ ਦਿੱਤਾ ਹੈ। ਕਸ਼ਮੀਰ ਵਿੱਚ ਪੈਦਾ ਹੋਇਆ ਏਜਾਜ਼ ਅਹਿਮਦ ਇਸਲਾਮਿਕ ਸਟੇਟ ਲਈ ਕੰਮ ਕਰਦਾ ਸੀ। ਉਹ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਅਤੇ ਜਲਾਲਾਬਾਦ ‘ਚ ਭਾਰਤੀ ਲੋਕਾਂ ‘ਤੇ ਆਤਮਘਾਤੀ ਹਮਲੇ ਕਰਦਾ ਸੀ। ਭਾਰਤੀ ਖੁਫੀਆ ਏਜੰਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਏਜਾਜ਼ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਏਜਾਜ਼ ਸ਼੍ਰੀਨਗਰ ਦਾ ਵਸਨੀਕ ਸੀ ਅਤੇ ਜਨਵਰੀ ਵਿੱਚ ਗ੍ਰਹਿ ਮੰਤਰਾਲੇ ਵੱਲੋਂ ਉਸ ਨੂੰ ਅੱਤਵਾਦੀ ਐਲਾਨਿਆ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਦੀ ਕਾਰਵਾਈ ‘ਚ ਇਸ ਅੱਤਵਾਦੀ ਦੀ ਮੌਤ ਹੋ ਗਈ ਹੈ। ਭਾਰਤ ਨੇ ਇਹ ਸਾਰਾ ਮਾਮਲਾ ਤਾਲਿਬਾਨ ਕੋਲ ਉਠਾਇਆ ਸੀ। ਏਜਾਜ਼ ਆਪਣੀ ਪਤਨੀ ਨਾਲ ਅਫਗਾਨਿਸਤਾਨ ਵਿੱਚ ਕੈਦ ਸੀ ਪਰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ। ਪਾਕਿਸਤਾਨੀ ਸੂਤਰਾਂ ਨੇ ਦੱਸਿਆ ਕਿ ਏਜਾਜ਼ ਅਫਗਾਨਿਸਤਾਨ ‘ਚ ਜਿਸ ਘਰ ‘ਤੇ ਕਬਜ਼ਾ ਕਰਨ ਤੋਂ ਬਾਅਦ ਰਹਿੰਦਾ ਸੀ, ਉਹ ਅਜੇ ਤੱਕ ਬੰਦ ਹੈ। ਏਜਾਜ਼ ਬਚਪਨ ਵਿੱਚ ਪੀਓਕੇ ਚਲਾ ਗਿਆ ਸੀ ਅਤੇ ਹਰਕਤ-ਉਲ-ਮੁਜਾਹਿਦੀਨ ਵਿੱਚ ਸ਼ਾਮਲ ਹੋ ਗਿਆ ਸੀ। ਉਸ ਨੇ ਪਾਕਿਸਤਾਨ ‘ਚ ਅੱਤਵਾਦੀ ਸਿਖਲਾਈ ਲਈ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਏਜਾਜ਼ ਦੀ ਭੈਣ ਫਹਿਮੀਦਾ ਸ਼ਫੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਅਧਿਕਾਰੀਆਂ ਨੇ ਅੱਤਵਾਦੀ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ ਹੈ। ਫਹਿਮੀਦਾ ਨੇ ਕਿਹਾ, ‘ਪੁਲਸ ਨੇ ਕੁਝ ਦਿਨ ਪਹਿਲਾਂ ਉਸ ਦੇ ਛੋਟੇ ਭਰਾ ਨੂੰ ਬੁਲਾ ਕੇ ਇਹ ਜਾਣਕਾਰੀ ਦਿੱਤੀ ਸੀ। ਮੈਨੂੰ ਨਹੀਂ ਪਤਾ ਕਿ ਇਹ ਸੱਚ ਹੈ ਜਾਂ ਨਹੀਂ ਪਰ ਮੈਂ ਉਦੋਂ ਤੋਂ ਹੀ ਰੋ ਰਹੀ ਹਾਂ।’ ਜੰਮੂ-ਕਸ਼ਮੀਰ ਪੁਲਸ ਨੇ ਇਸ ਮੌਤ ‘ਤੇ ਕੋਈ ਬਿਆਨ ਨਹੀਂ ਦਿੱਤਾ। ਖੁਫੀਆ ਸੂਤਰਾਂ ਨੇ ਕਿਹਾ ਕਿ ਏਜਾਜ਼ ਨੂੰ ਸ਼ਾਇਦ ਤਾਲਿਬਾਨ ਨੇ ਆਈਐੱਸਆਈਐੱਸ ਦੇ ਖ਼ਿਲਾਫ਼ ਇਕ ਆਪ੍ਰੇਸ਼ਨ ਵਿੱਚ ਮਾਰਿਆ ਸੀ। ਤਾਲਿਬਾਨ ਨੇ ਹਾਲ ਹੀ ‘ਚ ਦੱਖਣੀ ਅਫਗਾਨਿਸਤਾਨ ਵਿੱਚ ਸਥਿਤ ਕੁਨਾਰ ਇਲਾਕੇ ‘ਚ ਆਈ.ਐਸ.ਆਈ.ਐਸ. ਖ਼ਿਲਾਫ਼ ਜ਼ੋਰਦਾਰ ਕਾਰਵਾਈ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਤਾਲਿਬਾਨ ਨਾਲ ਹੋਈ ਬੈਠਕ ‘ਚ ਭਾਰਤੀ ਅਧਿਕਾਰੀਆਂ ਨੇ ਕਸ਼ਮੀਰੀ ਅੱਤਵਾਦੀ ਏਜਾਜ਼ ਦੀ ਅਫਗਾਨਿਸਤਾਨ ‘ਚ ਸਰਗਰਮੀ ਦਾ ਮੁੱਦਾ ਤਾਲਿਬਾਨ ਕੋਲ ਉਠਾਇਆ ਸੀ।

Comment here