ਕਾਬੁਲ- ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਕਾਬੁਲ ਸਥਿਤ ਸਪੈਸ਼ਲ ਆਪਰੇਸ਼ਨ ਕਮਾਂਡ ਸੈਂਟਰ ਦਾ ਦੌਰਾ ਕਰਨ ਮੌਕੇ ਕਿਹਾ ਕਿ ਤਾਲਿਬਾਨ ਦੇ ਅੱਤਵਾਦੀ ਸੰਗਠਨ ਅਲ ਕਾਇਦਾ ਅਤੇ ਜੈਸ਼-ਏ-ਮੁਹੰਮਦ ਵਿਚਾਲੇ ਡੂੰਘੇ ਰਿਸ਼ਤੇ ਹਨ। ਇਹ ਸੰਗਠਨ ਚਾਹੁੰਦੇ ਹਨ ਕਿ ਅਫ਼ਗਾਨਿਸਤਾਨ ਵਿਦਰੋਹੀਆਂ ਦਾ ਸਵਰਗ ਬਣ ਜਾਵੇ। ਪਰ ਸਾਡੀ ਸਰਕਾਰ ਅਜਿਹਾ ਕਦੇ ਨਹੀਂ ਹੋਣ ਦੇਵੇਗੀ। ਅਸ਼ਰਫ਼ ਨੇ ਅਫ਼ਗਾਨ ਸਪੈਸ਼ਲ ਆਪਰੇਸ਼ਨਜ਼ ਫੋਰਸਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦੀ ਗੱਲ ਕਹੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਸੁਰੱਖਿਆ ਫ਼ੋਰਸ ਦੇ ਜਵਾਨਾਂ ਨੂੰ ਭਰੋਸਾ ਦਿਵਾਇਆ ਕਿ ਇਸ ਲੜਾਈ ‘ਚ ਜਾਨ ਗੁਆਉਣ ਵਾਲੇ ਜਵਾਨਾਂ ਦੇ ਪਰਿਵਾਰ ਵਾਲਿਆਂ ਦਾ ਖਿਆਲ ਵੀ ਸਰਕਾਰ ਰੱਖੇਗੀ। ਰਾਸ਼ਟਰਪਤੀ ਨੇ ਤਾਲਿਬਾਨ ਦੇ ਖੂੰਖਾਰ ਲੜਾਕੂਆਂ ਨਾਲ ਲੋਹਾ ਲੈ ਰਹੇ ਅਫ਼ਗਾਨੀ ਫ਼ੌਜੀਆਂ ਦਾ ਹੌਂਸਲਾ ਵਧਾਇਆ। ਅਸ਼ਰਫ਼ ਗਨੀ ਨੇ ਕਿਹਾ ਕਿ ਸਾਡਾ ਟੀਚਾ ਹੈ ਅਫ਼ਗਾਨਿਸਤਾਨ ਦੀ ਰੱਖਿਆ ਕਰਨਾ, ਦੇਸ਼ ਦੀ ਆਜ਼ਾਦੀ, ਸਮਾਨਤਾ ਅਤੇ 20 ਸਾਲਾਂ ਦੀ ਉਪਲੱਬਧੀ ਨੂੰ ਬਚਾਏ ਰੱਖਣਾ ਪਰ ਦੁਸ਼ਮਣਾਂ ਦੀ ਮਾਨਸਿਕਤਾ ਕਾਲੀ ਹੈ ਅਤੇ ਤੁਸੀਂ ਦੁਸ਼ਮਣਾਂ ਨੂੰ ਇਹ ਸਿੱਧ ਕਰ ਦਿਖਾਓ ਕਿ ਉਨ੍ਹਾਂ ਦੇ ਸੁਫ਼ਨੇ ਨੂੰ ਤੁਸੀਂ ਹਮੇਸ਼ਾ-ਹਮੇਸ਼ਾ ਲਈ ਦਫ਼ਨ ਕਰ ਦੇਵੋਗੇ।” ਗਨੀ ਨੇ ਕਿਹਾ ਸਾਡੇ ਕੋਲ ਇੱਛਾ ਸ਼ਕਤੀ ਹੈ, ਦੇਸ਼ ‘ਚ ਸ਼ਾਂਤੀ ਸਥਾਪਤ ਕਰਨ ਦੀ ਪਰ ਦੁਸ਼ਮਣ ਜਾਣਦੇ ਹਨ ਕਿ ਅਸੀਂ ਕਦੇ ਸਰੰਡਰ ਨਹੀਂ ਕਰਾਂਗੇ। ਅਫ਼ਗਾਨਿਸਤਾਨ ਸਾਰੇ ਅਫ਼ਗਾਨੀਆਂ ਦਾ ਆਮ ਘਰ ਹੈ ਅਤੇ ਇਹ ਸਾਡੀ ਡਿਊਟੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹ ਤੱਕ ਇਸ ਦੀ ਰੱਖਿਆ ਕਰੀਏ।” ਯਾਦ ਰਹੇ ਗਨੀ ਨੇ ਬਕਰੀਦ ਮੌਕੇ ਕਿਹਾ ਕਿ ਇਸ ਵਾਰ ਦੀ ਈਦ ਉਨ੍ਹਾਂ ਅਫ਼ਗਾਨੀ ਫ਼ੌਜੀਆਂ ਨੂੰ ਸਮਰਪਿਤ ਕਰਨ ਨੂੰ ਕਿਹਾ ਸੀ, ਜੋ ਪਿਛਲੇ 3 ਮਹੀਨਿਆਂ ਤੋਂ ਤਾਲਿਬਾਨਾਂ ਨਾਲ ਲੋਹਾ ਲੈ ਰਹੇ ਹਨ।
Comment here