ਖਬਰਾਂਚਲੰਤ ਮਾਮਲੇਦੁਨੀਆ

ਤਾਈਵਾਨ ਦੇ ਸੁਰੱਖਿਆ ਖੇਤਰ ‘ਚ ਦਾਖ਼ਲ ਹੋਏ ਚੀਨ ਦੇ 103 ਲੜਾਕੂ ਜਹਾਜ਼

ਬੀਜਿੰਗ-ਚੀਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ 24 ਘੰਟਿਆਂ ‘ਚ ਚੀਨ ਦੇ 103 ਲੜਾਕੂ ਜਹਾਜ਼ਾਂ ਨੇ ਉਨ੍ਹਾਂ ਵੱਲ ਉਡਾਣ ਭਰੀ ਹੈ। ਇਹ ਪਿਛਲੇ ਕੁਝ ਸਾਲਾਂ ‘ਚ ਇਕ ਦਿਨ ‘ਚ ਚੀਨ ਵੱਲੋਂ ਤਾਈਵਾਨ ਵੱਲ ਭੇਜੇ ਗਏ ਲੜਾਕੂ ਜਹਾਜ਼ਾਂ ਦੀ ਸਭ ਤੋਂ ਵੱਧ ਗਿਣਤੀ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਸੋਮਵਾਰ ਸਵੇਰੇ ਖਤਮ ਹੋਏ 24 ਘੰਟਿਆਂ ਦੀ ਮਿਆਦ ਵਿੱਚ ਟਾਪੂ ਵੱਲ 103 ਚੀਨੀ ਲੜਾਕੂ ਜਹਾਜ਼ਾਂ ਦਾ ਪਤਾ ਲਗਾਇਆ। ਮੰਤਰਾਲੇ ਦੇ ਅਨੁਸਾਰ ਚੀਨੀ ਜਹਾਜ਼ ਹਮੇਸ਼ਾ ਦੀ ਤਰ੍ਹਾਂ ਤਾਈਵਾਨ ਪਹੁੰਚਣ ਤੋਂ ਪਹਿਲਾਂ ਹੀ ਵਾਪਸ ਚਲੇ ਗਏ। ਤਾਈਵਾਨ ਇਕ ਸਵੈ-ਸ਼ਾਸਤ ਟਾਪੂ ਹੈ ਜਿਸ ‘ਤੇ ਚੀਨ ਆਪਣਾ ਦਾਅਵਾ ਜਤਾਉਂਦਾ ਹੈ।
ਚੀਨ ਨੇ ਤਾਈਵਾਨ ਅਤੇ ਅਮਰੀਕਾ ਨਾਲ ਵਧਦੇ ਹੋਏ ਤਣਾਅ ਵਿਚਾਲੇ ਟਾਪੂ ਦੇ ਨੇੜੇ ਹਵਾ ਅਤੇ ਪਾਣੀ ‘ਚ ਵੱਡੇ ਪੱਧਰ ‘ਤੇ ਸੈਨਾ ਅਭਿਆਸ ਕੀਤਾ ਹੈ, ਜਿਸ ਨੂੰ ਕੁਝ ਦੇਸ਼ ਉਕਸਾਉਣ ਵਾਲੀ ਕਾਰਵਾਈ ਦੇ ਰੂਪ ‘ਚ ਦੇਖਦੇ ਹਨ। ਅਮਰੀਕਾ ਤਾਈਵਾਨ ਦਾ ਮੁੱਖ ਹਥਿਆਰ ਸਪਲਾਈ ਕਰਨ ਵਾਲਾ ਦੇਸ਼ ਹੈ ਅਤੇ ਉਹ ਤਾਈਵਾਨ ਦੀ ਸਥਿਤੀ ਨੂੰ ਜ਼ਬਰਦਸਤੀ ਬਦਲਣ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕਰਦਾ ਹੈ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਐਤਵਾਰ ਸਵੇਰ ਤੋਂ ਸੋਮਵਾਰ ਤੜਕੇ ਦੌਰਾਨ ਟਾਪੂ ਵੱਲ ਉਡਾਣ ਭਰਨ ਵਾਲੇ 40 ਚੀਨੀ ਲੜਾਕੂ ਜਹਾਜ਼ਾਂ ਨੇ ਤਾਈਵਾਨ ਅਤੇ ਮੁੱਖ ਭੂਮੀ ਚੀਨ ਵਿਚਾਲੇ ਦੀ ਮੱਧ ਰੇਖਾ ਨੂੰ ਪਾਰ ਕਰ ਲਿਆ।
ਚੀਨ ਨੇ ਤਾਈਵਾਨ ਨੇੜੇ ਆਪਣੇ ਫੁਜੀਆਨ ਪ੍ਰਾਂਤ ‘ਚ ਇਕ ਇੰਟੀਗ੍ਰੇਟਿਡ ਵਿਕਾਸ ਪ੍ਰਦਰਸ਼ਨ ਖੇਤਰ ਦੀ ਸਥਾਪਨਾ ਸੰਬੰਧੀ ਯੋਜਨਾ ਦਾ ਵੀ ਐਲਾਨ ਕੀਤਾ ਸੀ, ਜਿਸ ਨੂੰ ਮਾਹਿਰਾਂ ਵੱਲੋਂ ਟਾਪੂ ਨੂੰ ਲੁਭਾਉਣ ਅਤੇ ਉਸ ਨੂੰ ਚਿਤਾਵਨੀ ਦੀ ਕੋਸ਼ਿਸ਼ ਦੱਸਿਆ ਗਿਆ ਸੀ। ਚੀਨ ਦੀ ਹਾਲੀਆ ਕਾਰਵਾਈ ਤਾਈਵਾਨ ‘ਚ ਅਗਲੇ ਸਾਲ ਜਨਵਰੀ ‘ਚ ਪ੍ਰਸਤਾਵਿਤ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਸੱਤਾਧਾਰੀ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ, ਜੋ ਟਾਪੂ ਦੀ ਰਸਮੀ ਆਜ਼ਾਦੀ ਦੇ ਸਮਰਥਕ ਹੈ, ਚੀਨ ਸਰਕਾਰ ਵਿਰੁੱਧ ਸਪੱਸ਼ਟ ਰਹੀ ਹੈ। ਇਸ ਦੇ ਕਾਰਨ ਚੀਨ ਵਿਰੋਧੀ ਧਿਰ ਦੇ ਉਮੀਦਵਾਰਾਂ ਦਾ ਸਮਰਥਨ ਕਰਦਾ ਹੈ ਜੋ ਉਸ ਨਾਲ ਕੰਮ ਕਰਨ ਦੀ ਵਕਾਲਤ ਕਰਦੇ ਹਨ।
ਮੰਤਰਾਲੇ ਮੁਤਾਬਕ, ਚੀਨ ਨੇ 24 ਘੰਟਿਆਂ ਦੌਰਾਨ ਟਾਪੂ ਵਲੋਂ 9 ਲੜਾਕੂ ਸਮੁੰਦਰੀ ਜਹਾਜ਼ ਵੀ ਭੇਜੇ। ਮੰਤਰਾਲੇ ਨੇ ਚੀਨ ਦੀ ਸੈਨਿਕ ਕਾਰਵਾਈ ਨੂੰ ਪਰੇਸ਼ਾਨ ਕਰਨ ਵਾਲੀ ਦੱਸਿਆ। ਉਸ ਨੇ ਦੱਸਿਆ ਕਿ ਇਸ ਨਾਲ ਖੇਤਰ ‘ਚ ਪਹਿਲਾਂ ਤੋਂ ਬਣੇ ਤਣਾਅ ‘ਚ ਵਾਧਾ ਹੋ ਸਕਦਾ ਹੈ। ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ, ‘ਅਸੀਂ ਬੀਜਿੰਗ ਦੇ ਅਧਿਕਾਰੀਆਂ ਤੋਂ ਜ਼ਿੰਮੇਦਾਰੀ ਲੈਣ ਅਤੇ ਇਸ ਤਰਾਂ ਵਿਨਾਸ਼ਕਾਰੀ ਸੈਨਿਕ ਗਤੀਵਿਧੀਆਂ ਨੂੰ ਤੁਰੰਤ ਰੋਕਣ ਦੀ ਬੇਨਤੀ ਕਰਦੇ ਹਾਂ।’ ਚੀਨ ਨੇ ਪਿਛਲੇ ਹਫ਼ਤੇ ਤਾਈਵਾਨ ਨੇੜੇ ਜਲ ਖੇਤਰ ‘ਚ ਏਅਰਕ੍ਰਾਫਟ ਕੈਰੀਅਰ ‘ਸ਼ੇਦਾਂਗ’ ਸਮੇਤ ਜਹਾਜ਼ਾਂ ਦਾ ਇਕ ਬੇੜਾ ਭੇਜਿਆ ਸੀ। ਇਹ ਕਦਮ ਅਮਰੀਕਾ ਅਤੇ ਕੈਨੇਡਾ ਦੇ ਤਾਈਵਾਨ ਸਟਰੇਟ ਰਾਹੀਂ ਜੰਗੀ ਬੇੜੇ ਰਵਾਨਾ ਕਰਨ ਦੇ ਤੁਰੰਤ ਬਾਅਦ ਚੁੱਕਿਆ ਗਿਆ ਸੀ। ਤਾਈਵਾਨ ਸਟਰੇਟ ਤਾਈਵਾਨ ਨੂੰ ਮੁੱਖ ਭੂਮੀ ਚੀਨ ਤੋਂ ਵੱਖ ਕਰਦੀ ਹੈ।

Comment here