ਅਜਬ ਗਜਬਖਬਰਾਂ

ਡਾਕਟਰ ਨੇ ਲੇਹ ਤੋਂ ਮਨਾਲੀ ਪੈਦਲ ਤੁਰ ਕੇ ਬਣਾਇਆ ਰਿਕਾਰਡ

ਮੁੰਬਈ-ਜੇਕਰ ਮਨੁੱਖ ਵਿਚ ਦ੍ਰਿੜ੍ਹ ਵਿਸ਼ਵਾਸ ਹੋਵੇ ਤਾਂ ਉਹ ਮੰਜ਼ਲ ਨੂੰ ਤੈਅ ਕਰ ਸਕਦਾ ਹੈ। ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ਦੇ 46 ਸਾਲਾ ਦੰਦਾਂ ਦੇ ਡਾਕਟਰ ਮਹਿੰਦਰ ਮਹਾਜਨ ਨੇ ਲੱਦਾਖ ਦੇ ਲੇਹ ਤੋਂ ਹਿਮਾਚਲ ਪ੍ਰਦੇਸ਼ ਦੇ ਮਨਾਲੀ ਤੱਕ 430 ਕਿਲੋਮੀਟਰ ਦੀ ਪੈਦਲ ਯਾਤਰਾ ਮੰਗਲਵਾਰ ਨੂੰ ਪੂਰੀ ਕੀਤੀ। ਹਿਮਾਲਿਆ ਦੇ ਲੱਦਾਖ ਅਤੇ ਲਾਹੌਲ ਸਪੀਤੀ ਵਰਗੇ ਖੇਤਰਾਂ ’ਚ ਸਥਿਤ ਪਹਾੜੀ ਦਰੱਰੇ ਤੋਂ ਹੁੰਦੇ ਹੋਏ ਮਹਾਜਨ ਨੇ ਇਹ ਯਾਤਰਾ ਪੂਰੀ ਕੀਤੀ। ਮਹਿੰਦਰ ਮਹਾਜਨ ਘੱਟ ਸਮੇਂ ’ਚ ਕੀਤੀ ਗਈ ਆਪਣੀ ਯਾਤਰਾ ਦੇ ਰਿਕਾਰਡ ਦੇ ਤੌਰ ’ਤੇ ਗਿਨੀਜ਼ ਬੁੱਕ ’ਚ ਦਰਜ ਕਰਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਮੰਗਲਵਾਰ ਦੇਰ ਸ਼ਾਮ ਨੂੰ ਮਨਾਲੀ ਤੋਂ ਫੋਨ ’ਤੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਹਰ ਦਿਨ 18 ਘੰਟੇ ਤੁਰਦੇ, ਜੌਗਿੰਗ ਕਰਦੇ ਜਾਂ ਦੌੜਦੇ ਹੋਏ ਬਿਤਾਏ। ਇਸ ਤਰ੍ਹਾਂ ਰੋਜ਼ਾਨਾ 96 ਕਿਲੋਮੀਟਰ ਦੀ ਦੂਰੀ ਤੈਅ ਕੀਤੀ।
ਕਾਰ ਵਿਚ ਤਿੰਨ ਲੋਕਾਂ ਦੀ ਟੀਮ ਦੇ ਨਾਲ ਮਹਾਜਨ ਨੇ ਆਪਣੇ ਪੋਸ਼ਣ ਸਬੰਧੀ ਜ਼ਰੂਰਤ ਲਈ ਸਥਾਨਕ ਫਲ, ਨਮਕੀਨ ਸੁੱਕੇ ਮੇਵੇ, ਪੌਸ਼ਟਿਕ ਆਹਾਰ ਅਤੇ ਸਥਾਨਕ ਭੋਜਨ ਲਿਆ। ਉਨ੍ਹਾਂ ਨੇ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ 10 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਲੇਹ ਵਿਖੇ ਚਾਰ-ਪੰਜ ਦਿਨਾਂ ਤੱਕ ਆਪਣੇ ਸਰੀਰ ਨੂੰ ਅਨੁਕੂਲ ਬਣਾਇਆ ਅਤੇ ਇਸ ਤੋਂ ਬਾਅਦ ਉਹ ਲਗਭਗ 17,600 ਫੁੱਟ ਦੀ ਉਚਾਈ ‘ਤੇ ਤੰਗਲਾਂਗਲਾ ਦਰੱਰੇ ‘ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਮੈਂ ਦਰੱਰੇ ਦੇ ਬਿਲਕੁਲ ਹੇਠਾਂ ਕੈਂਪ ਲਾਉਣ ਦੀ ਰਣਨੀਤੀ ਅਪਣਾਈ ਅਤੇ ਦਿਨ ਦੀ ਸ਼ੁਰੂਆਤ ’ਚ ਚੜ੍ਹਾਈ ਕੀਤੀ।
ਮਹਾਜਨ ਨੇ ਦੱਸਿਆ ਕਿ 4 ਦਿਨ 21 ਘੰਟੇ 18 ਮਿੰਟ ਦੇ ਸੜਕੀ ਸਫਰ ਦੌਰਾਨ ਮੌਸਮ ਕਈ ਵਾਰ ਬਦਲਿਆ। ਉਨ੍ਹਾਂ ਨੇ ਕਿਹਾ ਕਿ ਲੇਹ ’ਚ ਦਿਨ ਵੇਲੇ ਬਹੁਤ ਗਰਮੀ ਹੋਣ ਕਾਰਨ ਉਸ ਨੂੰ ਗਿੱਲੇ ਤੌਲੀਏ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪਿਆ। ਮਹਾਜਨ ਆਪਣੇ ਵੱਡੇ ਭਰਾ ਹਿਤੇਂਦਰ ਨਾਲ ਮਿਲ ਕੇ ‘ਰੇਸ ਐਕਰੋਸ ਅਮਰੀਕਾ’ ਮੁਕਾਬਲੇ ‘ਚ ਆਪਣੀ ਸ਼੍ਰੇਣੀ ਦਾ ਪੁਰਸਕਾਰ ਜਿੱਤ ਚੁੱਕੇ ਹਨ। ਉਹ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਭ ਤੋਂ ਤੇਜ਼ ਰਫਤਾਰ ਸਾਈਕਲ ਚਲਾਉਣ ਦਾ ਰਿਕਾਰਡ ਬਣਾ ਚੁੱਕੇ ਹਨ ਅਤੇ ਮਾਊਂਟ ਐਵਰੈਸਟ ‘ਤੇ ਵੀ ਚੜ੍ਹਾਈ ਕਰ ਚੁੱਕੇ ਹਨ।

Comment here