ਸਿਆਸਤਖਬਰਾਂਦੁਨੀਆ

ਜੋਅ ਬਾਇਡੇਨ ਤੇ ਭੜਕਿਆ ਪਾਕਿਸਤਾਨ, ਅਖੇ – ਗੱਲ ਕਰੋ ਨਹੀਂ ਤਾਂ ….

ਇਸਲਾਮਾਬਾਦ – ਅੱਤਵਾਦ ਨੂੰ ਸ਼ਹਿ ਦੇਣ, ਘਟਗਿਣਤੀਆਂ ਦੀ ਸੁਰੱਖਿਆ ਚ ਅਸਫਲ ਰਹਿਣ ਜਿਹੇ ਗੰਭੀਰ ਦੋਸ਼ ਝਲ ਰਹੇ ਪਾਕਿਸਤਾਨ ਦੇ ਤੇਵਰ ਮਾਸ਼ਾ ਅੱਲਾ…। ਅਮਰੀਕਾ ਨੂੰ ਲਲਕਾਰਿਆ ਹੈ ਪਾਕਿਸਤਾਨ ਨੇ। ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਈਦ ਯੂਸੁਫ ਨੇ ਕਿਹਾ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਬਣਨ ਮਗਰੋਂ ਜੋਅ ਬਾਇਡੇਨ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਗੱਲ ਨਹੀਂ ਕੀਤੀ ਹੈ। ਜਦਕਿ ਬਾਇਡੇਨ ਨੇ ਭਾਰਤ ਸਮੇਤ ਕਈ ਹੋਰ ਦੇਸ਼ਾਂ ਦੇ ਰਾਸ਼ਟਰ ਪ੍ਰਧਾਨਾਂ ਨਾਲ ਗੱਲਬਾਤ ਕੀਤੀ ਹੈ। ਯੂਸੁਫ ਨੇ ਕਿਹਾ ਹੈ ਕਿ ਬਾਇਡੇਨ ਨੇ ਇਮਰਾਨ ਨਾਲ ਗੱਲ ਕਿਉਂ ਨਹੀਂ ਕੀਤੀ, ਇਹ ਗੱਲ ਸਮਝ ਤੋਂ ਬਾਹਰ ਹੈ। ਯੂਸੁਫ ਨੇ ਇਹ ਗੱਲ ਇਕ ਇੰਟਰਵਿਊ ਵਿਚ ਕਹੀ ਤੇ ਅਮਰੀਕਾ ਨੂੰ ਧਮਕੀ ਦਿੱਤੀ ਕਿ ਜੇਕਰ ਅਮਰੀਕਾ ਗੱਲਬਾਤ ਨਹੀਂ ਕਰੇਗਾ ਤਾਂ ਪਾਕਿਸਤਾਨ ਕੋਲ ਹੋਰ ਵੀ ਰਸਤੇ ਹਨ। ਸੂਤਰਾਂ ਮੁਤਾਬਕ ਪਾਕਿਸਤਾਨ ਦੀ ਅਸਲੀ ਸਮੱਸਿਆ ਉਸ ਦੇ ਬਦਤਰ ਹੁੰਦੇ ਆਰਥਿਕ ਹਾਲਾਤ ਹਨ। ਬੀਤੇ 19 ਸਾਲਾਂ ਵਿਚ ਪਾਕਿਸਤਾਨ ਨੂੰ ਅੱਤਵਾਦ ਨਾਲ ਲੜਨ ਵਿਚ ਮਦਦ ਦੇ ਨਾਮ ‘ਤੇ ਕਰੀਬ 3 ਲੱਖ ਕਰੋੜ ਰੁਪਏ ਦੀ ਅਮਰੀਕੀ ਮਦਦ ਮਿਲੀ ਪਰ ਹੁਣ ਅਫਗਾਨਿਸਤਾਨ ਤੋਂ ਅਮਰੀਕੀ ਸੈਨਾ ਦੇ ਹਟਣ ਦੇ ਬਾਅਦ ਤੋਂ ਉਸ ਨੂੰ ਇਹ ਮਦਦ ਮਿਲਣ ਦੀ ਸੰਭਾਵਨਾ ਖ਼ਤਮ ਹੋ ਚੁੱਕੀ ਹੈ। ਉੱਥੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ ਮਿਲਣ ਵਾਲੀ 19.8 ਹਜ਼ਾਰ ਕਰੋੜ ਰੁਪਏ ਦੀ ਮਦਦ ਵੀ ਅਟਕੀ ਹੋਈ ਹੈ।ਇਸ ਤੋੰ ਇਲਾਵਾ ਐੱਫ.ਏ.ਟੀ.ਐੱਫ. ਦੀ ਸੂਚੀ ਵਿਚ ਨਾਮ ਹੋਣ ਨਾਲ ਉਸ ‘ਤੇ ਪਹਿਲਾਂ ਤੋਂ ਪਾਬੰਦੀਆਂ ਹਨ, ਇਸ ਲਈ ਹੁਣ ਉਸ ਲਈ ਕਿਤੋਂ ਹੋਰ ਮਦਦ ਮਿਲਣੀ ਮੁਸ਼ਕਲ ਹੈ। ਈਰਾਨ, ਰੂਸ ਅਤੇ ਤੁਰਕੀ ਖੁਦ ਨਾਜ਼ੁਕ ਆਰਥਿਕ ਸਥਿਤੀ ਵਿਚ ਹਨ। ਚੀਨ ਮਦਦ ਨਹੀਂ ਕਰ ਰਿਹਾ, ਬਾਜ਼ਾਰ ਕੀਮਤ ‘ਤੇ ਉਧਾਰ ਦੇ ਰਿਹਾ ਹੈ। ਫਿਲਹਾਲ ਚੀਨ ਆਪਣੇ ਦੋਸਤ ਪਾਕਿਸਤਾਨ ਨੂੰ ਉਧਾਰ ਦੇਣ ਤੋਂ ਝਿਜ਼ਕ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਫਸੇ ਪਾਕਿਸਤਾਨ ਵਲੋਂ ਅਮਰੀਕਾ ਨੂੰ ਧਮਕੀ ਦੇਣਾ ਉਸ ਦੀ ਮਜ਼ਾਹੀਆ ਹਾਲਤ ਬਿਆਨ ਰਿਹਾ ਹੈ।

Comment here