ਸਾਹਿਤਕ ਸੱਥਖਬਰਾਂਚਲੰਤ ਮਾਮਲੇ

ਜਥੇਦਾਰ ਝੀਂਡਾ ਦੀ ਅਗਵਾਈ ਵਿਚ ਬਣੀ ਨਵੀਂ ਹਰਿਆਣਾ ਗੁਰਦੁਆਰਾ ਕਮੇਟੀ

ਸ੍ਰੀ ਅਨੰਦਪੁਰ ਸਾਹਿਬ-ਹਰਿਆਣਾ ਵਿਚ ਪਿਛਲੇ ਦਿਨੀਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਲੈ ਕੇ ਹਰਿਆਣਾ ਸਰਕਾਰ ਵਲੋਂ ਗਠਿਤ ਕੀਤੀ 38 ਮੈਂਬਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਿਲਾਫ਼ ਪੈਦਾ ਹੋਏ ਵਿਰੋਧ ਵਿਚੋਂ ਜਥੇਦਾਰ ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ’ਵਿਚ ਨਵੀਂ 41 ਮੈਂਬਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ’ਚ ਆ ਗਈ ਹੈ।ਨਵੀਂ ਕਮੇਟੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੀਟਿੰਗ ਕਰਨ ਉਪਰੰਤ ਇਸ ਕਮੇਟੀ ਨੂੰ ਥਾਪੜਾ ਵੀ ਦਿੱਤਾ। ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਕੋਈ ਵੀ ਸਿੱਖ ਇਹ ਨਹੀਂ ਚਾਹੁੰਦਾ ਕਿ ਸਿੱਖਾਂ ਦੇ ਗੁਰਧਾਮਾਂ ਦੇ ਪ੍ਰਬੰਧ ਵਿਚ ਕੋਈ ਸਰਕਾਰ ਦਖ਼ਲਅੰਦਾਜ਼ੀ ਕਰੇ। ਉਨ੍ਹਾਂ ਨੇ ਵੀ ਇਸੇ ਵਿਰੋਧ ਦੇ ਚੱਲਦਿਆਂ ਸਰਕਾਰ ਵਲੋਂ ਬਣਾਈ 38 ਮੈਂਬਰੀ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਥੇਦਾਰ ਝੀਂਡਾ ਨੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਗਠਿਤ ਕਮੇਟੀ ਵਿਚ ਬਹੁਗਿਣਤੀ ਮੈਂਬਰ ਆਰ.ਐਸ.ਐਸ. ਅਤੇ ਭਾਜਪਾ ਪੱਖੀ ਹਨ ਅਤੇ ਸਰਕਾਰ ਇਨ੍ਹਾਂ ਮੈਂਬਰਾਂ ਦੇ ਸਹਾਰੇ ਗੁਰਧਾਮਾਂ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਇਸੇ ਕਰਕੇ ਹਰਿਆਣਾ ਦੇ ਸਿੱਖਾਂ ’ਚ ਸਰਕਾਰ ਵਲੋਂ ਬਣਾਈ ਕਮੇਟੀ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦਿੱਤੀ ਸੇਧ ਅਨੁਸਾਰ ਉਨ੍ਹਾਂ ਨੇ ਹਰਿਆਣਾ ਦੇ ਸਾਰੇ ਜ਼ਿਲਿਆਂ ਵਿਚ ਸਿੱਖਾਂ ਨਾਲ ਰਾਬਤਾ ਬਣਾ ਕੇ ਅਤੇ ਸਮੂਹ ਸਿੱਖਾਂ ਦੀ ਰਾਏ ਨਾਲ ਸੰਗਤ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਕਿ ਸੰਗਤ ਵਲੋਂ ਬਣਾਈ 41 ਮੈਂਬਰੀ ਕਮੇਟੀ ਨੂੰ ਮਾਨਤਾ ਦਿੱਤੀ ਜਾਵੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਆਪਣੀ ਕਮੇਟੀ ਨੂੰ ਭੰਗ ਕਰੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਵਾਲੀ ਕਮੇਟੀ ਨੂੰ ਮਾਨਤਾ ਦੇਵੇ। ਇਸ ਸਬੰਧੀ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਯਮੁਨਾਨਗਰ ਵਾਲਿਆਂ ਦੇ ਸਥਾਨਕ ਵਾਰਡ ਨੰ: 1 ਵਿਚਲੇ ਘਰ ਮੀਡੀਆ ਵਾਲੇ ਪਹੁੰਚੇ ਤਦ ਉੱਥੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ, ਜੋ ਮੀਡੀਆ ਵਾਲਿਆਂ ਨੂੰ ਦੇਖ ਕੇ ਉੱਥੋਂ ਨਿਕਲ ਗਏ। ਉਪਰੰਤ ਮਹੰਤ ਕਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਧਾਰਮਿਕ ਸਮਾਗਮ ’ਚ ਸ਼ਾਮਲ ਹੋਣਾ ਜ਼ਰੂਰੀ ਹੈ ਬਾਕੀ ਸਭ ਬਾਅਦ ਵਿਚ ਦੇਖਣਗੇ ਅਤੇ ਉਹ ਵੀ ਸਮਾਗਮ ਵਾਲੇ ਸਥਾਨ ਲਈ ਚਲੇ ਗਏ।

Comment here