ਲੁਧਿਆਣਾ – ਬੇਅਦਬੀ ਮਾਮਲੇ ਵਿੱਚ ਜਿੱਥੇ ਸਿੱਖ ਭਾਈਚਾਰੇ ਚ ਕੈਪਟਨ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ, ਉੱਥੇ ਬਾਦਲ ਦਲ ਤੇ ਇਸ ਦੇ ਥਾਪੜੇ ਨਾਲ ਬਣੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਲੋਕਾਂ ਦੀ ਨਰਾਜ਼ਗੀ ਹੈ, ਇਸੇ ਕਰਕੇ ਤਾਂ ਉਹਨਾਂ ਨੂੰ ਅੱਜ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ, ਲੁਧਿਆਣਾ ਦੇ ਫੋਕਲ ਪੁਆਇੰਟ ਜਮਾਲਪੁਰ ਕਾਲੋਨੀ ਅਰਬਨ ਅਸਟੇਟ ਵਿਖੇ ਚੈਰੀਟੇਬਲ ਹਸਪਤਾਲ ਦਾ ਉਦਘਾਟਨ ਕਰਨ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਦੇ ਪਹੁੰਚਣ ’ਤੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਪੰਥਕ ਅਕਾਲੀ ਲਹਿਰ, ਧਰਮ ਪ੍ਰਚਾਰ ਲਹਿਰ ਜਥੇਬੰਦੀਆਂ ਨਾਲ ਆਏ ਸਿੱਖ ਨੌਜਵਾਨਾਂ ਅਤੇ ਬੀਬੀਆਂ ਨੇ ‘ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ’ ਅਤੇ ‘ਜਥੇਦਾਰ ਬਾਦਲ ਪਰਿਵਾਰ ਦੇ ਗੁਲਾਮ ਕਦੋਂ ਤੱਕ ਰਹਿਣਗੇ’ ਲਿਖੇ ਪੋਸਟਰ ਫੜ ਕੇ ਰੋਸ ਵਿਖਾਵਾ ਸ਼ੁਰੂ ਕਰ ਦਿੱਤਾ। ਤਣਾਅ ਦੇ ਚਲਦਿਆਂ ਭਾਰੀ ਪੁਲਸ ਫੋਰਸ ਪਹੁੰਚ ਗਈ ਤੇ ਪ੍ਰਦਰਸ਼ਨਕਾਰੀਆਂ ਨੂੰ ਸੜਕ ’ਤੇ ਹੀ ਰੋਕ ਲਿਆ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਵਿਸਾਖਾ ਸਿੰਘ ਅਤੇ ਬੋਤਾ ਸਿੰਘ ਹੋਰਾਂ ਕਿਹਾ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਕਦੋਂ ਤਲਬ ਕੀਤਾ ਜਾਵੇਗਾ, ਸਿਰਸੇ ਵਾਲੇ ਸਾਧ ਨੂੰ ਮੁਆਫ਼ੀ ਕਿਉਂ ਦਿੱਤੀ, ਬਾਦਲਾਂ ਵੱਲੋਂ ਸਿੱਖਾਂ ’ਤੇ ਚਲਵਾਈਆਂ ਗੋਲੀਆਂ ਦਾ ਹਿਸਾਬ ਕੌਣ ਲਵੇਗਾ, ਉਸ ਸਮੇਂ ਪੰਥਕ ਇਕੱਠ ਕਿਉਂ ਨਹੀਂ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਕਿਸ ਨੂੰ ਵੇਚੇ ਗਏ, ਇਸ ਦਾ ਜੁਆਬ ਜਥੇਦਾਰ ਸਾਹਿਬ ਨੂੰ ਦੇਣਾ ਪਵੇਗਾ। ਇਹ ਵੀ ਦੱਸਣਾ ਪਵੇਗਾ ਕਿ ਜਥੇਦਾਰ ਸਾਹਿਬ ਨੂੰ 6 ਸਾਲ ਮਗਰੋਂ ਬੇਅਦਬੀ ਦੀ ਯਾਦ ਕਿਵੇਂ ਆਈ, ਹੋਰ ਕਈ ਸਵਾਲ ਹਨ, ਜਿਨ੍ਹਾਂ ਦਾ ਜਵਾਬ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਕੌਮ ਦੇ ਹਨ ਜਾਂ ਬਾਦਲਾਂ ਦੇ ਹਨ। ਇਸੇ ਤਰ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਬੀਬੀ ਜਗੀਰ ਕੌਰ ’ਤੇ ਵੀ ਕਈ ਦੋਸ਼ ਲਗਾਏ ਗਏ। ਇਸ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਪ੍ਰਦਰਸ਼ਨ ਕਰ ਰਹੇ ਜਥੇਬੰਦੀਆਂ ਦੇ ਦੋ ਲੋਕਾਂ ਨੂੰ ਗੱਲਬਾਤ ਲਈ ਕਮਰੇ ’ਚ ਬੁਲਾਇਆ ਪਰ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਟਾਸਕ ਫੋਰਸ ਦੇ ਸੇਵਾਦਾਰ ਤੇ ਪੁਲਸ ਵਾਲੇ ਉਨ੍ਹਾਂ ਦੇ ਆਲੇ-ਦੁਆਲੇ ਘੇਰਾ ਬਣਾ ਕੇ ਖੜ੍ਹੇ ਰਹੇ ਤਾਂ ਕਿ ਫੋਟੋ ਨਾ ਖਿੱਚੀ ਜਾ ਸਕੇ। ਗੱਲਬਾਤ ਤਕਰੀਬਨ ਅੱਧਾ ਘੰਟਾ ਚੱਲੀ। ਜਥੇਦਾਰ ਸਾਹਿਬ ਵੱਲੋਂ ਉਨ੍ਹਾਂ ਦੇ ਸਵਾਲ ਸੁਣਨ ਮਗਰੋਂ ਸਮਾਂ ਲੈ ਕੇ ਕਿਹਾ ਕਿ ਜੋ ਕੋਈ ਵੀ ਗੱਲਬਾਤ ਹੋਵੇਗੀ, ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਅੰਮ੍ਰਿਤਸਰ ਵਿਖੇ ਹੋਵੇਗੀ। ਇਹ ਲੋਕ ਜਿਹੜਾ ਤਰੀਕਾ ਅਪਣਾ ਰਹੇ ਹਨ, ਗਲਤ ਹੈ ਜੋ ਕਿ ਸ਼ਰਾਰਤੀ ਲੋਕਾਂ ਵੱਲੋਂ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦ ਕਿ ਵਿਸਾਖਾ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਹੁਣ ਅਸੀਂ ਸ਼ਰਾਰਤੀ ਤੱਤ ਹੋ ਗਏ ਹਾਂ, ਜਦੋਂ ਅਸੀਂ ਗੋਲੀਆਂ ਖਾਧੀਆਂ, ਧਰਨੇ ਲਗਾਏ ਉਦੋਂ ਕੀ ਸੀ। ਉਹ ਲੋਕ ਅੰਮ੍ਰਿਤਸਰ ਵੀ ਕਈ ਵਾਰ ਗਏ ਪਰ ਕੁਝ ਨਹੀਂ ਹੋਇਆ। ਇਸ ਲਈ ਉਹ ਅੱਗੋਂ ਵੀ ਵਿਰੋਧ ਜਾਰੀ ਰੱਖਣਗੇ। ਜਿਉਂ ਹੀ ਪ੍ਰੋਗਰਾਮ ਖ਼ਤਮ ਹੋਣ ’ਤੇ ਜਥੇਦਾਰ ਦੀਆਂ ਗੱਡੀਆਂ ਦਾ ਕਾਫ਼ਿਲਾ ਰਵਾਨਾ ਹੋਣ ਲੱਗਾ ਤਾਂ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਗੱਡੀ ਤੇ ਹੋਰ ਗੱਡੀਆਂ ਘੇਰ ਕੇ ਪੋਸਟਰ ਲਹਿਰਾਉਂਦੇ ਹੋਏ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਗੱਡੀਆਂ ਦਾ ਕਾਫ਼ਿਲਾ ਕੁਝ ਸਮੇਂ ਲਈ ਰੁਕ ਗਿਆ ਪਰ ਪੁਲਸ ਨੇ ਥੋੜ੍ਹੀ ਸਖ਼ਤੀ ਵਰਤਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ।ਪਰ ਇੱਥੇ ਮਹੌਲ ਤਣਾਅ ਵਾਲਾ ਬਣਿਆ ਹੋਇਆ ਹੈ।
Comment here