ਸਿਆਸਤਖਬਰਾਂਚਲੰਤ ਮਾਮਲੇ

ਛੇਤੀ ਹੀ ਹਰਿਆਣਾ ਗੁਰੂ ਘਰਾਂ ਦੀ ਸੇਵਾ ਸੰਭਾਲ ਲਈ ਜਾਵੇਗੀ : ਦਾਦੂਵਾਲ

ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਕਾਂ ਦਰਮਿਆਨ ਕੱਲ੍ਹ ਗੁਰੂ ਘਰਾਂ ਦੀ ਸੇਵਾ ਸੰਭਾਲ ਨੂੰ ਲੈ ਕੇ ਹੱਥੋਪਾਈ ਹੋ ਗਈ। ਵਿਵਾਦ ਵਧਣ ਤੋਂ ਬਾਅਦ ਪੁਲਿਸ ਨੇ ਇਕ ਧਿਰ ਦੇ ਸਮਰਥਕਾਂ ਨੂੰ ਬਾਹਰ ਕੱਢਿਆ ਜਿਸ ਤੋਂ ਬਾਅਦ ਮਾਹੌਲ ਸ਼ਾਂਤ ਹੋਇਆ। ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਸਣੇ 14 ਜਣਿਆਂ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਹੈ।
ਉਧਰ, ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦਾ ਦਾਅਵਾ ਹੈ ਕਿ ਹਰਿਆਣਾ ਵਿੱਚ 48 ਵਿੱਚੋਂ 8 ਮੁੱਖ ਗੁਰਦੁਆਰੇ ਹਨ, ਹਰਿਆਣਾ ਕਮੇਟੀ ਜਲਦੀ ਹੀ ਇਨ੍ਹਾਂ ਗੁਰੂ ਘਰਾਂ ਦੀ ਸੇਵਾ ਸੰਭਾਲ ਲਵੇਗੀ।
ਉਨ੍ਹਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਥੇ ਪਹੁੰਚ ਨਾ ਕਰੇ, ਇਸ ਨਾਲ ਮਾਹੌਲ ਖਰਾਬ ਹੋਵੇਗਾ। ਉਨ੍ਹਾਂ ਆਖਿਆ ਕਿ ਐਸਜੀਪੀਸੀ ਵੱਲੋਂ ਇਥੇ ਕਿਸ ਬਾਰੇ ਮੀਟਿੰਗ ਕਰਨੀ ਹੈ। ਜੇਕਰ ਸੰਗਤ ਨਾਲ ਕਰਨੀ ਹੈ ਤਾਂ ਬਾਹਰ ਕਰੇ ਅਤੇ ਜੇਕਰ ਸਾਡੇ ਨਾਲ ਮੀਟਿੰਗ ਕਰਨੀ ਹੈ ਤਾਂ ਫਿਰ ਸੰਪਰਕ ਕਰੇ।
ਉਨ੍ਹਾਂ ਆਖਿਆ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਨਿਰਪੱਖਤਾ ਨਾਲ ਬੋਲਣਾ ਚਾਹੀਦਾ ਹੈ, ਇੱਕ ਪਾਸੇ ਨਹੀਂ ਚੱਲਣਾ ਚਾਹੀਦਾ ਹੈ। ਦਾਦੂਵਾਲ ਨੇ ਸੁਖਬੀਰ ਬਾਦਲ ‘ਤੇ ਵਰ੍ਹਦਿਆਂ ਕਿਹਾ ਕਿ ਜਿਸ ਦਿਨ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠੇ ਸਨ, ਉਹ ਦਿਨ ਪੰਜਾਬ ਲਈ ਕਾਲਾ ਦਿਨ ਸੀ, ਜਦੋਂ ਡੇਰਾ ਸਾਧ ਨੂੰ ਮੁਆਫ਼ੀ ਦੇ ਦਿੱਤੀ ਗਈ ਅਤੇ ਫਿਰ ਗੁਰੂ ਦੀ ਗੋਲਕ ਵਿਚੋਂ ਇਸ਼ਤਿਹਾਰ ਦਿੱਤੇ ਗਏ, ਜਦੋਂ ਬੇਅਦਬੀ ਹੋਈ, ਸੁਮੇਧ ਸੈਣੀ ਡੀਜੀਪੀ ਬਣੇ, ਉਹ ਕਾਲੇ ਦਿਨ ਸਨ।
ਉਧਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਪੰਜ ਮੈਂਬਰੀ ਕਮੇਟੀ ਗੁਰਦੁਆਰੇ ਵਿਚ ਵਾਪਰੀ ਘਟਨਾ ਦਾ ਜਾਇਜ਼ਾ ਲਵੇਗੀ। ਕਮੇਟੀ ਦੀ ਰਿਪੋਰਟ ਮਗਰੋਂ ਸ੍ਰੀ ਅਕਾਲ ਤਖ਼ਤ ਨੂੰ ਅਗਲੇਰੀ ਕਾਰਵਾਈ ਲਈ ਅਪੀਲ ਕੀਤੀ ਜਾਵੇਗੀ।
ਅੰਤ੍ਰਿੰਗ ਕਮੇਟੀ ਨੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਚ ਕਬਜ਼ੇ ਲਈ ਕੀਤੀ ਗਈ ਧੱਕੇਸ਼ਾਹੀ ਅਤੇ ਸਿੱਖ ਮਰਿਆਦਾ ਦੀ ਉਲੰਘਣਾ ਦਾ ਸਖ਼ਤ ਨੋਟਿਸ ਲੈਂਦਿਆਂ ਹਰਿਆਣਾ ਸਰਕਾਰ ਨੂੰ ਗੁਰਦੁਆਰਾ ਪ੍ਰਬੰਧਾਂ ’ਚ ਦਖ਼ਲ ਬੰਦ ਕਰਨ ਦੀ ਤਾੜਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਰਵਾਈ ਪ੍ਰਤੀ ਰੋਸ ਪ੍ਰਗਟਾਉਣ ਲਈ ਹਰਿਆਣਾ ਦੀ ਸੰਗਤ ਜਦੋਂ ਗੁਰਦੁਆਰੇ ਪੁੱਜੀ ਤਾਂ ਲਾਠੀਚਾਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਕਰਮੀਆਂ ਨੇ ਜੁੱਤੀਆਂ ਸਮੇਤ ਗੁਰਦੁਆਰੇ ਦੀ ਪਰਿਕਰਮਾ ’ਚ ਦਾਖ਼ਲ ਹੋ ਕੇ ਮਰਿਆਦਾ ਦਾ ਘੋਰ ਉਲੰਘਣ ਕੀਤਾ ਹੈ। ਸ੍ਰੀ ਧਾਮੀ ਨੇ ਕਿਹਾ ਕਿ ਐਡਹਾਕ ਕਮੇਟੀ ਦੀ ਗੈਰਕਾਨੂੰਨੀ ਨਾਮਜ਼ਦਗੀ ਵਿਰੁੱਧ ਕਾਨੂੰਨੀ ਮਾਹਿਰਾਂ ਦੀ ਰਾਇ ਲਈ ਜਾਵੇਗੀ।

Comment here