ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਅਕਾਲੀ ਦਲ ਨੂੰ ਛੱਡ ਕੇ ਉਨ੍ਹਾਂ ਲਈ ਸਾਰੇ ਸਿਆਸੀ ਬਦਲ ਹਨ। ਇਸ ਮਾਮਲੇ ਤੇ ਉਠ ਰਹੇ ਸਵਾਲਾਂ ਦੇ ਜੁਆਬ ਦਿੰਦਿਆਂ ਪੰਜਾਬ ਭਾਜਪਾ ਦੇ ਮੁਖੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣਾ ਰਸਤਾ ਚੁਣਨ ਦਾ ਅਧਿਕਾਰ ਹੈ, ਅਸੀਂ ਹੋਰ ਕੁਝ ਨਹੀਂ ਕਹਿ ਸਕਦੇ, ਪਰ ਅਸ਼ਵਨੀ ਸ਼ਰਮਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਵੱਡੇ ਕੱਦ ਦੇ ਨੇਤਾ ਹਨ, ਅਤੇ ਉਨ੍ਹਾਂ ਨੇ ਰਾਜਨੀਤੀ ਵਿੱਚ ਇੱਕ ਲੰਬੀ ਪਾਰੀ ਖੇਡੀ ਹੈ। ਸਾਡੀ ਪਾਰਟੀ ਨੇ ਹਮੇਸ਼ਾ ਹੀ ਅਮਰਿੰਦਰ ਸਿੰਘ ਦੇ ਰਾਸ਼ਟਰਵਾਦੀ ਬਿਆਨਾਂ ਦਾ ਪੰਜਾਬ ਦੇ ਹਿੱਤ ਵਿੱਚ ਸਵਾਗਤ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਅਜੇ ਸਪੱਸ਼ਟ ਤੌਰ ’ਤੇ ਇਹ ਨਹੀਂ ਦੱਸ ਰਹੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਜਾਂ ਨਹੀਂ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਚੰਨੀ ਨੂੰ ਮੁੱਖ ਮੰਤਰੀ ਵਜੋਂ ਰਾਤ ਦਾ ਚੌਕੀਦਾਰ ਬਣਾਇਆ ਗਿਆ ਹੈ, ਤਾਂ ਜੋ ਪੰਜਾਬ ਦੇ ਐਸਸੀ ਵੋਟਰਾਂ ਨੂੰ ਗੁੰਮਰਾਹ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਇਸ ਨੂੰ ਚੰਗੀ ਤਰ੍ਹਾਂ ਸਮਝਦੇ ਹਨ।
Comment here