ਅਪਰਾਧਸਿਆਸਤਖਬਰਾਂ

ਘਾਟੀ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਅੱਤਵਾਦ ਫੈਲਾਉਣਾ ਚਾਹੁੰਦਾ ਪਾਕਿ

ਸ੍ਰੀਨਗਰ-ਸੀਨੀਅਰ ਸੁਰੱਖਿਆ ਅਧਿਕਾਰੀਆਂ ਅਨੁਸਾਰ ਜੰਮੂ ਕਸ਼ਮੀਰ ਵਿਚ ਸਰਗਰਮ ਪਾਕਿਸਤਾਨੀ ਦਹਿਸ਼ਤਗਰਦ ਇੱਥੋਂ ਦੇ ਨੌਜਵਾਨਾਂ ਨੂੰ ਅਤਿਵਾਦ ਵੱਲ ਖਿੱਚ ਰਹੇ ਹਨ ਅਤੇ ਉਨ੍ਹਾਂ ਨੂੰ ਅਤਿਵਾਦ ਫੈਲਾਉਣ ਲਈ ਹਥਿਆਰ ਵਜੋਂ ਇਸਤੇਮਾਲ ਕਰ ਰਹੇ ਹਨ। ਜੇਕਰ ਇਹ ਨੌਜਵਾਨ ਹਿੰਸਾ ਦਾ ਰਾਹ ਛੱਡਣ ਬਾਰੇ ਸੋਚਦੇ ਵੀ ਹਨ ਤਾਂ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ।
ਅਧਿਕਾਰੀਆਂ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਬਡਗਾਮ ’ਚ ਹੋਏ ਇਕ ਮੁਕਾਬਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ਼ਾਹਜ਼ਾਦਪੋਰਾ ਦੇ ਵਸਨੀਕ ਇਕ 24 ਸਾਲਾ ਨੌਜਵਾਨ ਵਸੀਮ ਕਾਦਿਰ ਮੀਰ ਦੇ ਫੋਨ ਕਾਲ ਵੇਰਵੇ ਇਸ ਦਾ ਪ੍ਰਤੱਖ ਉਦਹਾਰਨ ਹਨ। ਉਹ ਪਾਕਿਸਤਾਨੀ ਅਤਿਵਾਦੀਆਂ ਦੇ ਤਾਨਾਸ਼ਾਹੀ ਰਵੱਈਆ ਦਾ ਨਵਾਂ ਪੀੜਤ ਹੈ। ਉਸ ਨੂੰ ਕੇਂਦਰੀ ਕਸ਼ਮੀਰ ਜ਼ਿਲ੍ਹੇ ਵਿਚ 6 ਜਨਵਰੀ ਨੂੰ ਪਿੰਡ ਜ਼ੋਇਓ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਖ਼ਤਮ ਕਰ ਦਿੱਤਾ ਗਿਆ।
ਇਕ ਤਲਾਸ਼ੀ ਮੁਹਿੰਮ ਦੌਰਾਨ ਮੀਰ ਆਪਣੇ ਦੋ ਪਾਕਿਸਤਾਨੀ ਸਾਥੀਆਂ ਦੇ ਨਾਲ ਸੁਰੱਖਿਆ ਬਲਾਂ ਦੇ ਘੇਰੇ ਵਿਚ ਫਸ ਗਿਆ ਸੀ। ਇਸ ਦੌਰਾਨ ਉਨ੍ਹਾਂ ਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ ਵੀ ਹੋਈ। ਸਵੇਰ ਤੱਕ ਇਹ ਇਕ ਆਮ ਖ਼ਬਰ ਸੀ ਕਿ ਸੁਰੱਖਿਆ ਬਲਾਂ ਨੇ ਮੁਕਾਬਲੇ ਵਿਚ ਅਤਿਵਾਦੀਆਂ ਦੇ ਇਕ ਹੋਰ ਸਮੂਹ ਨੂੰ ਖ਼ਤਮ ਕਰ ਦਿੱਤਾ ਪਰ ਮੁਕਾਬਲੇ ਦੌਰਾਨ ਜਿਸ ਤਰ੍ਹਾਂ ਨਾਲ ਘਟਨਾਕ੍ਰਮ ਵਾਪਰਿਆ ਉਹ ਅਸਾਧਾਰਨ ਸੀ।ਇਸ ਗੋਲੀਬਾਰੀ ਵਿਚ ਸ਼ਾਮਲ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਮੀਰ ਸ਼ਾਇਦ ਬਾਹਰ ਆਉਣ ਅਤੇ ਸੁਰੱਖਿਆ ਬਲਾਂ ਅੱਗੇ ਆਤਮ ਸਮਰਪਣ ਕਰਨ ਲਈ ਆਪਣੇ ਹਥਿਆਰ ਸੁੱਟਣਾ ਚਾਹੁੰਦਾ ਸੀ ਪਰ ਉਸ ਦੇ ਨਾਲ ਦੇ ਪਾਕਿਸਤਾਨੀ ਅਤਿਵਾਦੀਆਂ ਨੇ ਉਸ ਨੂੰ ਗੋਲੀਬਾਰੀ ਜਾਰੀ ਰੱਖਣ ਲਈ ਮਜਬੂਰ ਕੀਤਾ। ਬਾਅਦ ਵਿਚ ਸਾਹਮਣੇ ਆਈ ਜਾਣਕਾਰੀ ਅਤੇ ਪੋਸਟਮਾਰਟਮ ਦੀ ਰਿਪੋਰਟ ਵਿਚ ਇਹ ਪੁਸ਼ਟੀ ਹੋਈ ਕਿ ਮੀਰ ਨੂੰ ਅਸਲ ਵਿਚ ਉਸ ਦੇ ਆਪਣੇ ਹੀ ਸਮੂਹ ਦੇ ਮੈਂਬਰਾਂ ਨੇ ਮਾਰਿਆ ਸੀ। ਉਹ ਉਸ ਨੂੰ ਆਤਮਸਮਰਪਣ ਨਾ ਕਰਨ ਦੇਣ ਦੀਆਂ ਕੋਸ਼ਿਸ਼ਾਂ ਵਿਚ ਨਾਕਾਮ ਰਹੇ ਜਿਸ ਕਾਰਨ ਉਨ੍ਹਾਂ ਉਸ ਨੂੰ ਕਤਲ ਕਰ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਦੀ ਰਣਨੀਤੀ ਦੁਨੀਆਂ ਭਰ ਦੇ ਲੋਕਾਂ ਨੂੰ ਗੁਮਰਾਹ ਕਰਨ ਅਤੇ ਜੰਮੂ ਕਸ਼ਮੀਰ ਵਿਚ ਅਤਿਵਾਦ ਫੈਲਾਉਣ ਦੀ ਹੈ, ਜਿਸ ਦੇ ਨਤੀਜੇ ਵਜੋਂ ਸਥਾਨਕ ਨੌਜਵਾਨਾਂ ਵਿਚ ਬਗਾਵਤ ਦੀ ਲਹਿਰ ਫੈਲ ਰਹੀ ਹੈ।

Comment here