ਖਬਰਾਂ

ਖੇਡ ਖੇਡ ਚ ਫਾਂਸੀ ਤੇ ਝੂਲ ਗਿਆ ਭਗਤ ਸਿੰਘ ਬਣਿਆ ਦਸ ਸਾਲਾ ਬੱਚਾ

ਬਦਾਯੂੰ– ਪਰਿਵਾਰਕ ਮੈਂਬਰਾਂ ਤੋਂ ਸੁਣੀਆਂ ਕ੍ਰਾਂਤੀਕਾਰੀਆਂ ਦੀਆਂ ਕਹਾਣੀਆਂ ਨੂੰ ਜੀਵੰਤ ਅਦਾਕਾਰੀ ’ਚ ਉਤਾਰਨ ਲਈ ਉਹ ਇਥੇ ਦਾ ਦਸ ਸਾਲਾ ਸ਼ਿਵਮ ਆਪਣੇ ਦੋਸਤਾਂ ਨਾਲ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਬਾਰੇ ਇਕ ਨਾਟਕ ਤਿਆਰ ਕਰ ਰਿਹਾ ਸੀ, ਸ਼ਿਵਮ ਨੇ ਭਗਤ ਸਿੰਘ ਦੀ ਭੂਮਿਕਾ ਚੁਣੀ ਤੇ ਖੇਡ ਖੇਡ ਚ ਨੰਨਾ ਭਗਤ ਸਿੰਘ ਫਾਹੇ ਨਾਲ ਝੂਲ ਗਿਆ, ਦਮ ਘੁਟਣ ਨਾਲ ਉਸ ਦੀ ਮੌਤ ਹੋ ਗਈ, ਕੋਲ ਖਡ਼੍ਹੇ ਸਾਥੀਆਂ ਨੂੰ ਉਸ ਨੇ ਹੱਥ ਨਾਲ ਇਸ਼ਾਰਾ ਵੀ ਕੀਤਾ ਪਰ ਉਹ ਮਾਸੂਮ ਸਮਝ ਨਹੀਂ ਸਕੇ। ਚੰਦ ਮਿੰਟਾਂ ’ਚ ਸ਼ਿਵਮ ਦੀ ਜਾਨ ਚਲੀ ਗਈ। ਬਦਾਯੂੰ ਜ਼ਿਲ੍ਹੇ ਦੇ ਪਿੰਡ ਬਾਵਟ ਨਿਵਾਸੀ ਭੂਰੇ ਲਾਲ ਤੇ ਆਰਤੀ ਖੇਤਾਂ ਵਿਚ ਮਜ਼ਦੂਰੀ ਕਰਦੇ ਹਨ। ਪਰਿਵਾਰ ਦਾ ਮਾਹੌਲ ਕਹੀਏ ਜਾਂ ਆਰਥਿਕ ਮਜਬੂਰੀ, ਉਹ ਇਕਲੌਤੇ ਬੇਟੇ ਸ਼ਿਵਮ ਨੂੰ ਸਕੂਲ ਨਹੀਂ ਭੇਜ ਸਕੇ ਸਨ। ਜ਼ਿਆਦਾਤਰ ਸਮਾਂ ਉਹ ਨਾਨੀ ਦੇ ਘਰ ’ਚ ਹੀ ਰਹਿੰਦਾ ਸੀ। ਪਿਛਲੇ ਮਹੀਨੇ ਹੀ ਉਹ ਮਾਤਾ-ਪਿਤਾ ਕੋਲ ਆਇਆ ਸੀ, ਮਾਂ-ਬਾਪ ਖੇਤਾਂ ਚ ਕੰਮ ਕਰਨ ਗਏ ਸਨ। ਦੁਪਹਿਰ ਕਰੀਬ ਦੋ ਵਜੇ ਸ਼ਿਵਮ ਦੇ ਛੇ ਦੋਸਤ ਉਸ ਦੇ ਘਰ ਪੁੱਜੇ। ਉਨ੍ਹਾਂ ਦੱਸਿਆ ਕਿ 15 ਅਗਸਤ ਨੂੰ ਨਾਟਕ ਦਾ ਮੰਚਨ ਹੁੰਦਾ ਹੈ। ਇਸ ਦੀ ਰਿਹਰਸਲ ਕਰਦੇ ਹਾਂ। ਸ਼ਿਵਮ ਵੀ ਨਾਟਕ ’ਚ ਹਿੱਸਾ ਲੈਣ ਲਈ ਤਿਆਰ ਹੋ ਗਿਆ। ਉਸ ਨੇ ਕਿਹਾ ਕਿ ਭਗਤ ਸਿੰਘ ਮੈਂ ਹੀ ਬਣਾਂਗਾ। ਸਾਥੀ ਬੱਚਿਆਂ ਨੇ ਦੱਸਿਆ ਕਿ ਉਹ ਸਾਰੇ ਨਾਟਕ ਮੰਚਨ ਕਦੇ ਹੋਏ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਇਸ ਦੌਰਾਨ ਸ਼ਿਵਮ ਘਰ ਵਿਚ ਰੱਖੀ ਰੱਸੀ ਲੱਭ ਲਿਆਇਆ। ਇਕ ਸਿਰਾ ਦਰਵਾਜ਼ੇ ’ਤੇ ਬੰਨ੍ਹਿਆ, ਦੂਜੇ ਦਾ ਫਾਹਾ ਬਣਾ ਲਿਆ। ਇਸ ਤੋਂ ਬਾਅਦ ਉਸ ਨੇ ਵੀ ਨਾਅਰਾ ਲਾਇਆ ਅਤੇ ਫਾਹਾ ਆਪਣੇ ਗਲ਼ੇ ’ਚ ਫਸਾ ਲਿਆ। ਉਸ ਨੂੰ ਹੇਠਾਂ ਰੱਖੇ ਸਟੂਲ ’ਤੇ ਹੀ ਪੈਰ ਰੱਖਣੇ ਸਨ ਪਰ ਅਚਾਨਕ ਉਹ ਹੱਥ-ਪੈਰ ਇਧਰ-ਉਧਰ ਮਾਰਨ ਲੱਗਾ। ਇਸ ਨਾਲ ਸਟੂਲ ਦੂਰ ਜਾ ਡਿੱਗਿਆ। ਉਸ ਵੇਲੇ ਲੱਗਾ ਜਿਵੇਂ ਉਹ ਅਦਾਕਾਰੀ ਕਰ ਰਿਹਾ ਹੈ। ਸਟੂਲ ਖਿਸਕਣ ਨਾਲ ਗਲ਼ੇ ’ਚ ਫਾਹਾ ਫਸਿਆ ਅਤੇ ਪੰਜ ਮਿੰਟਾਂ ਬਾਅਦ ਉਸ ਦਾ ਸਰੀਰ ਠੰਢਾ ਪੈ ਗਿਆ। ਹੋਰਨਾਂ ਬੱਚਿਆਂ ਨੇ ਕੋਈ ਹਲਚਲ ਹੁੰਦੀ ਨਾ ਦੇਖੀ ਤਾਂ ਚੀਕਦੇ ਹੋਏ ਉਥੋਂ ਭੱਜ ਗਏ। ਆਲੇ-ਦੁਆਲੇ ਦੇ ਲੋਕ ਦੌਡ਼ ਕੇ ਪੁੱਜੇ ਤਾਂ ਫਾਹੇ ਨਾਲ ਲਾਸ਼ ਲਟਕੀ ਹੋਈ ਸੀ। ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ, ਪੰਚਾਇਤ ਨੇ ਬੱਚੇ ਦੀਆਂ ਅੰਤਮ ਰਸਮਾਂ ਪੂਰੀਆਂ ਕੀਤੀਆਂ। ਸਾਰੇ ਇਲਾਕੇ ਚ ਸੋਗ ਦੀ ਲਹਿਰ ਹੈ।

Comment here