ਖਬਰਾਂਮਨੋਰੰਜਨ

ਕੰਗਨਾ ਰਣੌਤ ਦੀ ਫਿਲਮ ‘‘ਥਲਾਇਵੀ’’ ਰਿਲੀਜ਼ ਹੁੰਦੇ ਹੀ ਵਿਵਾਦਾਂ ’ਚ ਘਿਰੀ

ਮੁੰਬਈ-ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ‘ਥਲਾਇਵੀ’ ਰਿਲੀਜ਼ ਹੋਣ ਦੇ ਨਾਲ ਹੀ ਵਿਵਾਦਾਂ ਵਿਚ ਘਿਰ ਗਈ ਹੈ। ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਜ਼ਿੰਦਗੀ ’ਤੇ ਬਣੀ ਇਸ ਫਿਲਮ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਏਆਈਏਡੀਐਮਕੇ ਨੇ ਇਤਰਾਜ਼ ਪ੍ਰਗਟਾਇਆ ਹੈ। ਪਾਰਟੀ ਦਾ ਦਾਅਵਾ ਹੈ ਕਿ ਕੁਝ ਸੀਨ ਫਿਲਮ ਵਿਚ ਇਸ ਤਰ੍ਹਾਂ ਦੇ ਹਨ ਜੋ ਬਹੁਤ ਹੀ ਗ਼ਲਤ ਹਨ। ਪਾਰਟੀ ਦੇ ਨੇਤਾ ਅਤੇ ਸਾਬਕਾ ਮੰਤਰੀ ਡੀ ਜਯਾਕੁਮਾਰ ਨੇ ਫਿਲਮ ਦੇਖਣ ਤੋਂ ਬਾਅਦ ਮੀਡੀਆ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਇਹ ਫਿਲਮ ਕਾਫੀ ਵਧੀਆ ਤਰੀਕੇ ਨਾਲ ਬਣਾਈ ਗਈ ਹੈ। ਜੇ ਕੁਝ ਸੀਨ ਡਿਲੀਟ ਕਰ ਦਿੱਤੇ ਜਾਣ ਤਾਂ ਇਹ ਬਹੁਤ ਹਿੱਟ ਹੋ ਸਕਦੀ ਹੈ। ਥਲਾਇਵੀ’ ਜੈ ਜੈਲਲਿਤਾ ਅਤੇ ਉਨ੍ਹਾਂ ਦੇ ਮੇਂਟਰ ਐੱਮਡੀਆਰ ਦੇ ਜੀਵਨ ’ਤੇ ਬਣੀ ਹੈ। ਫਿਲਮ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਸਫਲ ਫਿਲਮ ਕਰੀਅਰ ਤੋਂ ਬਾਅਦ ਜੈਲਾਲਿਤਾ ਆਪਣਾ ਰਾਜਨੀਤਿਕ ਸਫਰ ਸ਼ੁਰੂ ਕਰਦੀ ਹੈ ਅਤੇ ਪ੍ਰਦੇਸ਼ ਦੀ ਮੁੱਖ ਮੰਤਰੀ ਬਣਦੀ ਹੈ। ਡੀ ਜੈਯਾਕੁਮਾਰ ਅਨੁਸਾਰ ਇਸ ਫਿਲਮ ਵਿਚ ਦਿਖਾਇਆ ਗਿਆ ਹੈ ਕਿ ਐੱਮਡੀਆਰ ਨੇ ਪਹਿਲੀ ਡੀਐੱਮਕੇ ਸਰਕਾਰ ਵਿਚ ਮੰਤਰੀ ਦਾ ਅਹੁਦਾ ਮੰਗਿਆ ਹੈ। ਜਦਕਿ ਇਸ ਤਰ੍ਹਾਂ ਨਹੀਂ ਹੋਇਆ ਸੀ। ਐੱਮਡੀਆਰ ਨੇ ਕਦੀ ਅਹੁਦੇ ਦੀ ਮੰਗ ਨਹੀਂ ਕੀਤੀ ਸੀ, ਉਹ ਸਿਰਫ਼ ਇਕ ਵਿਧਾਇਕ ਬਣ ਕੇ ਰਹਿਣਾ ਚਾਹੁੰਦੇ ਸੀ।
ਹਾਲਾਂਕਿ ਰਿਪੋਰਟ ਅਨੁਸਾਰ ਜਯਾਕੁਮਾਰ ਨੇ ਕਿਹਾ ਕਿ ਅੰਨਾਦੁਰਾਈ ਚਾਹੁੰਦੇ ਸੀ ਕਿ ਐੱਮਡੀਆਰ ਮੰਤਰੀ ਬਣੇ ਪਰ ਉਨ੍ਹਾਂ ਨੇ ਖੁਦ ਹੀ ਇਸ ਲਈ ਮਨ੍ਹਾ ਕਰ ਦਿੱਤਾ ਸੀ ਅਤੇ ਫਿਰ ਬਾਅਦ ਵਿਚ ਉਨ੍ਹਾਂ ਨੂੰ ਸਮਾਲ ਸੇਵਿੰਗਸ ਡਿਪਾਰਟਮੈਂਟ ਦਾ ਡਿਪਟੀ ਚੀਫ਼ ਬਣਾ ਦਿੱਤਾ ਗਿਆ ਸੀ ਜੋ ਇਕ ਨਵੀਂ ਪੋਸਟ ਸੀ। ਇਸ ਤਰ੍ਹਾਂ ਦਿਖਾਉਣਾ ਕਿ ਐੱਮਡੀਆਰ ਨੇ ਅਹੁਦਾ ਮੰਗਿਆ ਇਹ ਫਿਲਮ ਵਿਚੋਂ ਡਿਲੀਟ ਕਰ ਦੇਣਾ ਚਾਹੀਦਾ ਹੈ।
ਪੰਜਾਬ ਵਿਚ ਕਿਸਾਨਾਂ ਵੱਲੋਂ ਕੰਗਨਾ ਦੀ ਫ਼ਿਲਮ ਦਾ ਵਿਰੋਧ
ਇੱਥੇ ਜੀ. ਟੀ. ਰੋਡ ਤੇ ਸਥਿਤ ਰਾਇਲਟਨ ਸਿਟੀ ਵਿਚ ਬਣੇ ਸਿਨੇਮਾਹਾਲ ਵਿਚ ਕੰਗਨਾ ਰਣੌਤ ਦੀ ਨਵੀਂ ਫ਼ਿਲਮ ‘ਥਲਾਇਵੀ’ ਦਾ ਕਿਸਾਨਾਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ। ਉਨ੍ਹਾਂ ਸਿਨੇਮਾਹਾਲ ਦੇ ਬਾਹਰ ਧਰਨਾ ਦਿੱਤਾ ਤਾਂ ਸਿਨੇਮਾਹਾਲ ਦੇ ਜਨਰਲ ਮੈਨੇਜਰ ਨਵਦੀਪ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲਾ ਸੁਲਝਾਇਆ। ਕਿਸਾਨ ਲੀਡਰਾਂ ਨੇ ਸਪਸ਼ਟ ਕਰ ਦਿੱਤਾ ਕਿ ਅਦਾਕਾਰ ਧਰਮਿੰਦਰ, ਅਕਸ਼ੇ ਕੁਮਾਰ, ਅਜੇ ਦੇਵਗਨ ਤੇ ਕੰਗਨਾ ਰਣੌਤ ਦੀਆਂ ਫ਼ਿਲਮਾਂ ਉਦੋਂ ਤਕ ਨਹੀਂ ਚੱਲਣ ਦਿਆਂਗੇ ਜਦੋਂ ਤਕ ਕਿਸਾਨ ਅੰਦੋਲਨ ਦਾ ਕੋਈ ਫ਼ੈਸਲਾ ਨਹੀਂ ਹੋ ਜਾਂਦਾ। ਸਿਨੇਮਾ ਦੇ ਜਨਰਲ ਮੈਨੇਜਰ ਨੇ ਕਿਸਾਨ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਕਿਸੇ ਵੀ ਵਿਵਾਦਤ ਕਲਾਕਾਰ ਦੀ ਫ਼ਿਲਮ ਸਿਨੇਮਾਹਾਲ ਵਿਚ ਨਹੀਂ ਚਲਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕੰਗਨਾ ਦੀ ਫ਼ਿਲਮ ਵੀ ਬੰਦ ਕਰ ਦਿੱਤੀ।
ਭਾਰਤੀ ਫਿਲਮ ਸਨਅਤ ਤਬਾਹ ਕਰ ਰਿਹੈ ਹੌਲੀਵੁੱਡ : ਕੰਗਨਾ
ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਲੋਕਾਂ ਨੂੰ ਖੇਤਰੀ ਸਿਨੇਮਾ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਹੌਲੀਵੁੱਡ ਨੇ ਕਈ ਮੁਲਕਾਂ ਦੀਆਂ ਫਿਲਮੀ ਸਨਅਤਾਂ ਨੂੰ ਤਬਾਹ ਕਰ ਦਿੱਤਾ ਹੈ, ਉਸੇ ਤਰ੍ਹਾਂ ਇਹ ਸਾਡੇ ਤੋਂ ਵੀ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਕਿਹਾ, ‘ਸਾਨੂੰ ‘ਜੰਗਲ ਬੁੱਕ’ ਜਾਂ ‘ਲਾਇਨ ਕਿੰਗ’ ਦੀਆਂ ਡੱਬ ਕੀਤੀਆਂ ਫਿਲਮਾਂ ਦੇਖਣ ਦੀ ਥਾਂ ਮਲਿਆਲਮ, ਤਾਮਿਲ, ਪੰਜਾਬੀ ਤੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਬਣ ਰਹੀਆਂ ਫਿਲਮਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ‘ਆਤਮ ਨਿਰਭਰ ਭਾਰਤ’ ਲਈ ਇਹੀ ਸਾਡਾ ਯੋਗਦਾਨ ਹੋਵੇਗਾ।’ ਅਦਾਕਾਰਾ ਨੇ ਕਿਹਾ ਹੌਲੀਵੁੱਡ ਨੇ ਫਰੈਂਚ, ਜਰਮਨ ਤੇ ਇਟਾਲੀਅਨ ਫਿਲਮ ਸਨਅਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਹ ਹੁਣ ਭਾਰਤ ਵਿੱਚ ਪੈਰ ਪਸਾਰਨ ਲੱਗਾ ਹੈ ਪਰ ਇਸ ਨੂੰ ਭਾਰਤ ਵਿੱਚ ਵਧਣ ਨਹੀਂ ਦੇਣਾ ਚਾਹੀਦਾ। ਉਹ ਇੱਥੇ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋਈ ਫਿਲਮ ‘ਥਲਾਇਵੀ’ ਦਾ ਪ੍ਰਚਾਰ ਕਰਨ ਪਹੁੰਚੀ ਸੀ।

ਕੰਗਨਾ ਬੋਲੀ ਰੋਜ਼ਾਨਾ ਹੁੰਦੀਆਂ ਸਨ ਮੇਰੇ ਖ਼ਿਲਾਫ਼ 200 ਐਫ ਆਈ ਆਰ ਦਰਜ
ਪਿੱਛੇ ਜਿਹੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਨੌਤ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਵਿਚ ਪਹੁੰਚੇ ਸਨ। ਇਸ ਦੌਰਾਨ ਉਹ ਕਪਿਲ ਸ਼ਰਮਾ ਨਾਲ ਕਾਫ਼ੀ ਮਸਤੀ ਕਰਦੀ ਨਜ਼ਰ ਆਏ। ਕੰਗਨਾ ਆਪਣੀ ਫ਼ਿਲਮ ‘ਥਲਾਈਵੀ’ ਦੇ ਪ੍ਰਮੋਸ਼ਨ ਲਈ ਇੱਥੇ ਪੁੱਜੀ ਸੀ।
ਫ਼ਿਲਮ ਬਾਰੇ ਗੱਲ ਕਰਦਿਆਂ ਕਪਿਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਪੂਰੀ ਟੀਮ ਨੇ ‘ਥਲਾਈਵੀ’ ਦਾ ਟਰੇਲਰ ਵੇਖਿਆ ਹੈ, ਜਿਸ ਨੂੰ ਸਾਰਿਆਂ ਨੇ ਖੂਬ ਪਸੰਦ ਕੀਤਾ ਹੈ। ਕੰਗਨਾ ਨੇ ਸ਼ੋਅ ਵਿਚ ਕਈ ਵੱਡੇ ਖੁਲਾਸੇ ਵੀ ਕੀਤੇ, ਜਿਨ੍ਹਾਂ ਨੂੰ ਸੁਣ ਕੇ ਪ੍ਰਸ਼ੰਸਕਾਂ ਨੂੰ ਯਕੀਨ ਨਹੀਂ ਹੋ ਰਿਹਾ।
ਦਰਅਸਲ, ਸ਼ੋਅ ਦੌਰਾਨ ਕਪਿਲ ਨੇ ਕੰਗਨਾ ਨੂੰ ਇੱਕ ਵੀਡੀਓ ਦਿਖਾਇਆ। ਇਹ ਵੀਡੀਓ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਪਿਛਲੇ ਸੀਜ਼ਨ ਦੀ ਸੀ। ਵੀਡੀਓ ਵਿਚ ਕੰਗਨਾ ਕਹਿੰਦੀ ਹੈ, ‘‘ਸੋਸ਼ਲ ਮੀਡੀਆ ’ਤੇ ਸਿਰਫ਼ ਬੇਕਾਰ ਲੋਕ ਹਨ ਅਤੇ ਉਹ ਆਪਣਾ ਸਾਰਾ ਦਿਨ ਟਵਿੱਟਰ ’ਤੇ ਬਿਤਾਉਂਦੇ ਹਨ। ਇਸ ਤੋਂ ਬਾਅਦ ਕਪਿਲ ਨੇ ਕੰਗਨਾ ਨੂੰ ਪੁੱਛਿਆ, ‘‘ਫਿਰ ਕੀ ਹੋਇਆ ਕਿ ਤੁਸੀਂ ਸੋਸ਼ਲ ਮੀਡੀਆ ’ਤੇ ਆਏ।’’
ਇਸ ਦੇ ਜਵਾਬ ਵਿਚ ਕੰਗਨਾ ਨੇ ਕਿਹਾ, ‘‘ਜਦੋਂ ਮੈਂ ਇਹ ਕਿਹਾ ਤਾਂ ਮੇਰੇ ਕੋਲ ਬਹੁਤ ਕੰਮ ਸੀ ਪਰ ਤਾਲਾਬੰਦੀ ਦੌਰਾਨ ਮੈਂ ਘਰ ਵਿਚ ਸੀ ਅਤੇ ਉਸੇ ਸਮੇਂ ਮੈਂ ਟਵਿੱਟਰ ਨਾਲ ਜੁੜ ਗਈ ਪਰ ਜਿਵੇਂ ਹੀ ਇਹ ਤਾਲਾਬੰਦੀ 2021 ਵਿਚ ਖੁੱਲ੍ਹੀ, ਟਵਿੱਟਰ ਨੇ ਮੇਰੇ ’ਤੇ ਪਾਬੰਦੀ ਲਗਾ ਦਿੱਤੀ। ਮੈਂ ਇਹ ਵੀ ਸੋਚਿਆ ਕਿ ਚਲੋ ਵਧੀਆ ਹੋਇਆ ਬਲਾ ਟਲ਼ ਗਈ ਪਰ ਉਸ ਸਮੇਂ ਦੌਰਾਨ ਮੇਰੇ ਵਿਰੁੱਧ ਹਰ ਰੋਜ਼ 200 ਤੋਂ ਵੱਧ ਐੱਫ. ਆਈ. ਆਰ. ਦਰਜ ਕੀਤੀਆਂ ਜਾਂਦੀਆਂ ਸਨ, ਜਿਸ ਕਾਰਨ ਇਹ ਸਭ ਵਾਪਰਿਆ।
ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਕੰਗਨਾ ਨੂੰ ਪੁੱਛਿਆ, ‘‘ਮੈਡਮ, ਤੁਹਾਡੇ ਨਾਲ ਬਹੁਤ ਸਾਰੀ ਸੁਰੱਖਿਆ ਆਈ ਹੈ। ਅਸੀਂ ਤਾਂ ਡਰ ਗਏ ਸੀ ਕਿ ਅਸੀਂ ਕੀ ਕਹਿ ਦਿੱਤਾ ਪਰ ਇੰਨੀ ਸਕਿਓਰਿਟੀ ਰੱਖਣੀ ਹੋਵੇ, ਤਾਂ ਇਨਸਾਨ ਨੂੰ ਕੀ ਕਰਨਾ ਪੈਂਦਾ ਹੈ?’’ ਤਾਂ ਕੰਗਨਾ ਦਾ ਜਵਾਬ ਸੀ, ‘‘ਇਸ ਲਈ ਕਿਸੇ ਨੂੰ ਸਿਰਫ਼ ਸੱਚ ਬੋਲਣਾ ਪੈਂਦਾ ਹੈ।’’

Comment here