ਨਵੀਂ ਦਿੱਲੀ-ਪ੍ਰਿਥਵੀ ਸ਼ਾਅ ਫਿਲਹਾਲ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ। ਇਸ ਦੌਰਾਨ ਉਸ ‘ਤੇ ਹਮਲੇ ਦੀਆਂ ਖ਼ਬਰਾਂ ਆ ਰਹੀਆਂ ਹਨ। ਇੰਨਾ ਹੀ ਨਹੀਂ ਉਸਦੇ ਦੋਸਤ ਦੀ ਕਾਰ ਦੀ ਵੀ ਭੰਨਤੋੜ ਕੀਤੀ ਗਈ। ਪੁਲਿਸ ਨੇ ਇਸ ਮਾਮਲੇ ‘ਚ 8 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹਾਲ ਹੀ ‘ਚ ਪ੍ਰਿਥਵੀ ਸ਼ਾਅ ਨੂੰ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ ‘ਚ ਜਗ੍ਹਾ ਮਿਲੀ ਸੀ ਪਰ ਉਹ ਕਿਸੇ ਵੀ ਮੈਚ ‘ਚ ਨਜ਼ਰ ਨਹੀਂ ਆ ਸਕੇ ਸਨ। ਜਾਣਕਾਰੀ ਮੁਤਾਬਕ ਪ੍ਰਿਥਵੀ ਸ਼ਾਅ ਅਤੇ ਉਸ ਦੇ ਦੋਸਤ ‘ਤੇ ਇਕ ਹੋਟਲ ਦੇ ਬਾਹਰ ਬੇਸਬਾਲ ਬੈਟ ਨਾਲ ਹਮਲਾ ਕੀਤਾ ਗਿਆ। ਸ਼ਾਅ ਦੇ ਦੋਸਤ ਦੀ ਕਾਰ ਵੀ ਨੁਕਸਾਨੀ ਗਈ। ਜਾਣਕਾਰੀ ਮੁਤਾਬਕ ਪ੍ਰਿਥਵੀ ਸ਼ਾਅ ਨੇ 2 ਲੋਕਾਂ ਨਾਲ ਸੈਲਫੀ ਲਈ ਸੀ। ਇਸ ਤੋਂ ਬਾਅਦ ਹੋਰ ਲੋਕ ਉਸ ਦੇ ਨਾਲ ਆ ਗਏ ਅਤੇ ਦੁਬਾਰਾ ਸੈਲਫੀ ਲੈਣ ਲਈ ਕਹਿਣ ਲੱਗੇ। ਪ੍ਰਿਥਵੀ ਨੇ ਇਸ ਵਾਰ ਇਨਕਾਰ ਕਰਦਿਆਂ ਕਿਹਾ ਕਿ ਉਹ ਇੱਥੇ ਆਪਣੇ ਨਿੱਜੀ ਕੰਮ ਲਈ ਆਇਆ ਹੈ। ਇੰਡੀਆ ਟੂਡੇ ਦੀ ਖਬਰ ਮੁਤਾਬਕ ਸ਼ਾਅ ਦੇ ਦੋਸਤ ਆਸ਼ੀਸ਼ ਸੁਰੇਂਦਰ ਯਾਦਵ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਫਿਰ ਮੁਲਜ਼ਮਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਧਮਕੀਆਂ ਦਿੱਤੀਆਂ ਕਿ ਪੈਸੇ ਦੇ ਦਿਓ ਨਹੀਂ ਤਾਂ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾ ਦੇਵਾਂਗੇ। ਓਸ਼ੀਵਾਰਾ ਪੁਲਿਸ ਨੇ ਇਸ ਮਾਮਲੇ ‘ਚ 8 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਮੁਤਾਬਕ ਜਦੋਂ ਦੋਸ਼ੀ ਨੇ ਸੈਲਫੀ ਲਈ ਜ਼ਿਆਦਾ ਜ਼ੋਰ ਪਾਇਆ ਤਾਂ ਪ੍ਰਿਥਵੀ ਸ਼ਾਅ ਦੇ ਦੋਸਤ ਨੇ ਹੋਟਲ ਮੈਨੇਜਰ ਨੂੰ ਫੋਨ ਕੀਤਾ। ਇਸ ਤੋਂ ਬਾਅਦ ਮੈਨੇਜਰ ਨੇ ਮੁਲਜ਼ਮ ਨੂੰ ਉੱਥੋਂ ਜਾਣ ਲਈ ਕਿਹਾ। ਇਸ ਤੋਂ ਬਾਅਦ ਜਦੋਂ ਪ੍ਰਿਥਵੀ ਸ਼ਾਅ ਹੋਟਲ ਤੋਂ ਬਾਹਰ ਆਏ ਤਾਂ ਕੁਝ ਲੋਕ ਬੇਸਬਾਲ ਦੇ ਬੱਲੇ ਲੈ ਕੇ ਹੋਟਲ ਦੇ ਬਾਹਰ ਖੜ੍ਹੇ ਸਨ। ਇਸ ਮਾਮਲੇ ‘ਚ 2 ਦੋਸ਼ੀਆਂ ਦੀ ਪਛਾਣ ਹੋ ਗਈ ਹੈ।

Comment here