ਸਿਆਸਤਖਬਰਾਂ

ਕੈਪਟਨ ਦੇ ਸੌਖਿਆਂ ਪੈਰ ਨੀ ਲੱਗਣ ਦੇਣਗੇ ਰਾਹੁਲ-ਚੰਨੀ

ਚੰਡੀਗਡ਼੍ਹ – ਕੈਪਟਨ ਅਮਰਿੰਦਰ ਸਿੰਘ ਖੁੱਲ ਕੇ ਕਾਂਗਰਸ ਦੇ ਵਿਰੋਧ ਵਿੱਚ ਆਏ ਹੋਏ ਹਨ, ਨਵੀਂ ਪਾਰਟੀ ਬਣਾ ਰਹੇ ਹਨ, ਜਿਸ ਦਾ ਸਿੱਧਾ ਨੁਕਸਾਨ ਕਾਂਗਰਸ ਨੂੰ ਹੋਣਾ ਹੈ। ਪਰ ਕੈਪਟਨ ਦਾ ਰਾਹ ਐਨਾ ਵੀ ਸੌਖਾ ਨਹੀਂ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੱਲ  ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦਾ ਮੁੱਖ ਏਜੰਡਾ ਚੰਨੀ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਅਤੇ 2022 ਨੂੰ ਲੈ ਕੇ ਸਿਆਸੀ ਰਣਨੀਤੀ ’ਤੇ ਵਿਚਾਰ ਚਰਚਾ ਕਰਨਾ ਸੀ। ਮੁੱਖ ਮੰਤਰੀ ਰਾਹੁਲ ਗਾਂਧੀ ਦੇ ਘਰ ਲਗਪਗ ਢਾਈ ਘੰਟੇ ਤਕ ਰੁਕੇ। ਇਸ ਦੌਰਾਨ ਉਨ੍ਹਾਂ ਦੀਆਂ ਵੱਖ-ਵੱਖ ਦੌਰ ਵਿਚ ਮੀਟਿੰਗਾਂ ਹੋਈਆਂ। ਰਾਹੁਲ ਗਾਂਧੀ ਨੇ ਮੁੱਖ ਮੰਤਰੀ ਚੰਨੀ ਨਾਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ ਬਣਾਉਣ ਅਤੇ ਭਾਜਪਾ ਨਾਲ ਗਠਜੋਡ਼ ਤੋਂ ਬਾਅਦ ਪੈਦਾ ਹੋਣ ਵਾਲੀ ਸਥਿਤੀਆਂ ਨੂੰ ਲੈ ਕੇ ਚਰਚਾ ਵੀ ਕੀਤੀ। ਮੁੱਖ ਮੰਤਰੀ ਤੇ ਕਾਂਗਰਸ ਦੇ ਪ੍ਰਦੇਸ਼ ਇੰਚਾਰਜ ਹਰੀਸ਼ ਚੌਧਰੀ ਦੀ ਸਭ ਤੋਂ ਪਹਿਲਾਂ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਮੀਟਿੰਗ ਹੋਈ। ਉਸ ਤੋਂ ਬਾਅਦ ਰਾਹੁਲ ਗਾਂਧੀ ਨਾਲ ਮੀਟਿੰਗ ਹੋਈ। ਰਾਹੁਲ ਗਾਂਧੀ ਨਾਲ ਹੋਈ ਮੀਟਿੰਗ ਵਿਚ ਸਰਕਾਰੀ ਕੰਮਕਾਜ ਅਤੇ 2022 ਨੂੰ ਲੈ ਕੇ ਸਿਆਸੀ ਸਥਿਤੀ ’ਤੇ ਚਰਚਾ ਹੋਈ। ਕਿਉਂਕਿ ਕੈਪਟਨ ਪਹਿਲਾਂ ਹੀ ਆਪਣੀ ਪਾਰਟੀ ਬਣਾਉਣ ਦਾ ਐਲਾਨ ਕਰ ਚੁੱਕੇ ਹਨ। ਅਜਿਹੇ ਵਿਚ ਰਾਹੁਲ ਗਾਂਧੀ ਮੁੱਖ ਮੰਤਰੀ ਨਾਲ ਇਸ ਗੱਲ ਨੂੰ ਲੈ ਕੇ ਚਰਚਾ ਕਰਨੀ ਚਾਹੁੰਦੇ ਸਨ ਕਿ ਜੇਕਰ ਕੈਪਟਨ ਆਪਣੀ ਪਾਰਟੀ ਬਣਾਉਂਦੇ ਹਨ ਤਾਂ ਉਸ ਦਾ ਸੂਬੇ ’ਤੇ ਅਤੇ ਕਾਂਗਰਸ ’ਤੇ ਕੀ ਅਸਰ ਹੋ ਸਕਦਾ ਹੈ। ਕਾਂਗਰਸ ਪਾਰਟੀ ਲੰਬੇ ਸਮੇਂ ਤੋਂ ਕੈਪਟਨ ਦੀ ਧਾਰ ਨੂੰ ਖੁੰਢਾ ਕਰਨ ਵਿਚ ਲੱਗੀ ਹੋਈ ਹੈ। ਇਹੀ ਕਾਰਨ ਹੈ ਕਾਂਗਰਸ ਨੂੰ ਜਿਨ੍ਹਾਂ ਚਾਰ ਸਾਬਕਾ ਮੰਤਰੀਆਂ ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਰਾਣਾ ਗੁਰਮੀਤ ਸਿੰਘ ਅਤੇ ਸੁੰਦਰ ਸ਼ਾਮ ਅਰੋਡ਼ਾ ’ਤੇ ਸ਼ੱਕ ਸੀ ਕਿ ਉਹ ਕੈਪਟਨ ਨਾਲ ਜਾ ਸਕਦੇ ਹਨ, ਉਸ ਤੋਂ ਪਹਿਲਾਂ ਹੀ ਰਾਹੁਲ ਗਾਂਧੀ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਲਈ। ਹਾਲਾਂਕਿ ਕਾਂਗਰਸ ਦੇ ਇਸ ਮੂਵ ਤੋਂ ਬਾਅਦ ਕੈਪਟਨ ਨੇ ਪਾਰਟੀ ਦਾ ਐਲਾਨ ਤਾਂ ਨਹੀਂ ਕੀਤਾ ਪਰ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਅਤੇ ਆਪਣੇ ਨਾਲ ਖੇਤੀ ਮਾਹਰਾਂ ਨੂੰ ਨਾਲ ਲੈ ਕੇ ਜਾਣ ਦੀ ਗੱਲ ਕਹੀ, ਜਿਸ ਤੋਂ ਬਾਅਦ ਤੋਂ ਹੀ ਕਾਂਗਰਸ ਵਿਚ ਖਲਬਲੀ ਸੀ ਕਿ ਜੇਕਰ ਭਾਜਪਾ ਕੈਪਟਨ ਰਾਹੀਂ ਕਿਸਾਨ ਅੰਦੋਲਨ ਦਾ ਹੱਲ ਲੱਭਦੀ ਹੈ ਤਾਂ ਇਸ ਦਾ ਰਾਜ ’ਤੇ ਕਿੰਨਾ ਸਿਆਸੀ ਅਸਰ ਹੋ ਸਕਦਾ ਹੈ।

Comment here