ਚੰਡੀਗੜ-ਪੰਜਾਬ ਦੀ ਆਰਥਿਕ ਹਾਲਤ ਸਾਲ ਦਲ ਸਾਲ ਨਿੱਘਰਦੀ ਜਾ ਰਹੀ ਹੈ। ਪਰ ਹਾਕਮੀ ਧਿਰਾਂ ਦੇ ਮੂਹਰੈਲ ਸਰਕਾਰੀ ਖਜ਼ਾਨੇ ਨੂੰ ਚੋਰੀ ਦੇ ਮਾਲ ਵਾਂਗ ਉਡਾਉੰਦੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ਼ਤਿਹਾਰਬਾਜ਼ੀ ਉਪਰ ਹੀ ਕਰੀਬ ਢਾਈ ਅਰਬ ਰੁਪਏ ਖ਼ਰਚ ਦਿਤੇ। ਸਰਕਾਰ ਦੀਆਂ ਪ੍ਰਾਪਤੀਆਂ ਦਸਣ ਲਈ ਸਭ ਤੋਂ ਵੱਧ ਖ਼ਰਚਾ ਚੋਣ ਵਰ੍ਹੇ ’ਚ ਕੀਤਾ ਜਾਂਦਾ ਰਿਹਾ। ਪ੍ਰਾਪਤੀਆਂ ਤੇ ਸ਼ੁਭਕਾਮਨਾਵਾਂ ਦੇਣ ਲਈ ਜਾਰੀ ਕੀਤੇ ਇਨ੍ਹਾਂ ਇਸ਼ਤਿਹਾਰਾਂ ਦੀ ਥੋੜ੍ਹੀ ਰਾਸ਼ੀ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੀ ਹਿੱਸੇ ਆਉਂਦੀ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ ਵਲੋਂ ਇਹ ਰਾਸ਼ੀ ਇਕੱਲੇ ਪ੍ਰਿੰਟ ਮੀਡੀਆ ਵਿਚ ਹੀ ਖ਼ਰਚੀ ਗਈ ਜਦੋਂ ਕਿ ਇਲੈਕਟਰੋਨਿਕ ਤੇ ਸੋਸ਼ਲ ਮੀਡੀਆ ਦੀ ਰਾਸ਼ੀ ਇਸ ਤੋਂ ਅਲੱਗ ਦੱਸੀ ਜਾ ਰਹੀ ਹੈ। ਹਾਸਲ ਅੰਕੜਿਆਂ ਮੁਤਾਬਕ ਵਿੱਤੀ ਸਾਲ 2007 ਤੋਂ 3 ਅਕਤੂਬਰ 2021 ਤਕ ਪੰਜਾਬ ਦੇ ਮੁੱਖ ਮੰਤਰੀਆਂ ਦੁਆਰਾ ਜਾਰੀ ਇਸ਼ਤਿਹਾਰਾਂ ਤੇ ਵਧਾਈ ਸੰਦੇਸ਼ਾਂ ਆਦਿ ’ਤੇ ਪ੍ਰਿੰਟ ਮੀਡੀਆ ਉਪਰ ਕੁਲ ਖ਼ਰਚ 2,40,44,31,854 ਰੁਪਏ ਖ਼ਰਚ ਕੀਤੇ ਗਏ। ਦਸਣਾ ਬਣਦਾ ਹੈ ਕਿ ਖ਼ਾਲੀ ਖ਼ਜ਼ਾਨੇ ਵਾਲੇ ਪੰਜਾਬ ’ਚ ਮੁੱਖ ਮੰਤਰੀਆਂ ਵਲੋਂ ਇਕੱਲੇ ਇਸ਼ਤਿਹਾਰਾਂ ਉਪਰ ਹੀ ਨਹੀਂ, ਬਲਕਿ ਹੈਲੀਕਾਪਟਰਾਂ ਦੇ ਝੂਟਿਆਂ ’ਤੇ ਵੀ 23 ਕਰੋੜ ਰੁਪਏ ਤੋਂ ਵੱਧ ਖ਼ਰਚੇ ਗਏ ਹਨ। ਬਠਿੰਡਾ ਸ਼ਹਿਰ ਦੇ ਉਘੇ ਆਰਟੀਆਈ ਕਾਰਕੁਨ ਸੰਜੀਵ ਸਿੰਗਲਾ ਨੇ ਦਾਅਵਾ ਕੀਤਾ ਕਿ ਉਪਰੋਕਤ ਵਿਚ ਬਾਬਾ ਨਾਨਕ ਜੀ ਦੇ ਪ੍ਰਕਾਸ਼ ਪੁਰਬ ਮੌਕੇ, ਕੋਰੋਨਾ ਤੇ ਪਰਾਲੀ ਸਾੜਨ ਤੋਂ ਰੋਕਣ ਲਈ ਜਾਰੀ ਕੀਤੇ ਇਸ਼ਤਿਹਾਰਾਂ ਦੇ ਬਿਲਾਂ ਦਾ ਖ਼ਰਚਾ ਸਭਿਆਚਾਰਕ, ਸਿਹਤ ਤੇ ਮੰਡੀਕਰਨ ਬੋਰਡ ਦੁਆਰਾ ਚੁਕਿਆ ਗਿਆ। ਜੇਕਰ ਇਸ਼ਹਿਤਾਰਬਾਜ਼ੀ ਉਪਰ ਹੋਏ ਖ਼ਰਚੇ ਦੀ ਸਾਲਾਨਾ ਐਵਰੇਜ਼ ਕੱਢੀ ਜਾਂਦੀ ਹੈ ਤਾਂ ਇਹ 16,02,95,456 ਅਤੇ ਮਹੀਨੇ ਦੀ 1,33,57,954 ਪ੍ਰਤੀ ਮਹੀਨਾ ਬਣਦੀ ਹੈ। ਅੰਕੜੇ ਇਹ ਵੀ ਦਸਦੇ ਹਨ ਕਿ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਸਾਲ 2016-17 ਵਿਚ ਸੱਭ ਤੋਂ ਵੱਧ 65,80,57,860 ਖ਼ਰਚ ਕੀਤੇ ਗਏ ਸਨ। ਇਸੇ ਤਰ੍ਹਾਂ ਸਾਲ 2015-16 ਵਿਚ ਵੀ 29,14,12,471 (29 ਕਰੋੜ ਤੋਂ ਵੱਧ) ਖ਼ਰਚ ਕੀਤੇ ਗਏ। ਉਧਰ ਪਿਛਲੀ ਕੈਪਟਨ ਸਰਕਾਰ ਵੀ ਘੱਟ ਨਹੀਂ ਰਹੀ। ਇਸ ਨੇ ਸਾਲ 2020-21 ਵਿਚ 26,70,93,948 ਰੁਪਏ (26.5 ਕਰੋੜ ਤੋਂ ਵੱਧ) ਅਤੇ ਸਾਲ 2019-20 ਵਿਚ 25,31,34,922 (25 ਕਰੋੜ ਤੋਂ ਵੱਧ) ਇਸ਼ਤਿਹਾਰਬਾਜ਼ੀ ’ਤੇ ਖ਼ਰਚ ਕੀਤੇ।
Comment here