ਸਿਆਸਤਖਬਰਾਂਚਲੰਤ ਮਾਮਲੇ

ਕੇਂਦਰ ਦੇ ਮਤਰੇਅ ਵਤੀਰੇ ਦੇ ਵਿਰੋਧ ‘ਚ ਧਰਨੇ ‘ਤੇ ਬੈਠੀ ਮਮਤਾ ਬੈਨਰਜੀ

ਕੋਲਕਾਤਾ-ਬੰਗਾਲ ਦੇ ਲੋਕਾਂ ਪ੍ਰਤੀ ਮੋਦੀ ਸਰਕਾਰ ਦੀ ਉਦਾਸੀਨਤਾ ਅਤੇ ਮਤਰੇਅ ਵਤੀਰੇ ਦੇ ਵਿਰੋਧ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਸਪਲੇਨੇਡ ਸਥਿਤ ਡਾ. ਬੀ. ਆਰ. ਅੰਬੇਡਕਰ ਦੇ ਬੁੱਤ ਸਾਹਮਣੇ ਆਪਣਾ ਦੋ ਦਿਨਾਂ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ। ਮਮਤਾ ਨੇ ਦੋਸ਼ ਲਾਇਆ ਕਿ ਕੇਂਦਰ ਨੇ ਸੂਬੇ ਲਈ ‘ਮਨਰੇਗਾ ਸਕੀਮ’ ਅਤੇ ਉਸ ਦੇ ਆਵਾਸੀ ਤੇ ਸੜਕ ਵਿਭਾਗਾਂ ਦੀਆਂ ਹੋਰ ਤਰਜੀਹਾਂ ਲਈ ਧਨ ਜਾਰੀ ਨਹੀਂ ਕੀਤਾ।
ਮੁੱਖ ਮੰਤਰੀ ਮਮਤਾ ਨੇ ਦਾਅਵਾ ਕੀਤਾ ਕਿ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਪੱਛਮੀ ਬੰਗਾਲ ਦਾ ਕੁੱਲ ਬਕਾਇਆ 1 ਲੱਖ ਕਰੋੜ ਰੁਪਏ ਤੋਂ ਵੱਧ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਕੇਂਦਰ ਨੇ ‘ਮਨਰੇਗਾ’ ਅਤੇ ‘ਇੰਦਰਾ ਆਵਾਸ ਯੋਜਨਾ’ ਲਈ ਧਨ ਜਾਰੀ ਕਰਨਾ ਬੰਦ ਕਰ ਦਿੱਤਾ ਹੈ। ਨਾਲ ਹੀ ਓ. ਬੀ. ਸੀ. ਵਿਦਿਆਰਥੀਆਂ ਦੇ ਵਜ਼ੀਫੇ ਵੀ ਬੰਦ ਕਰ ਦਿੱਤੇ ਹਨ।
ਧਰਨਾ ਪ੍ਰਦਰਸ਼ਨ ‘ਤੇ ਬੈਠੀ ਮੁੱਖ ਮੰਤਰੀ ਮਮਤਾ ਨੇ ਕਿਹਾ ਕਿ ਮੈਂ ਇਹ ਧਰਨਾ ਬੰਗਾਲ ਦੀ ਮੁੱਖ ਮੰਤਰੀ ਦੇ ਰੂਪ ਵਿਚ ਸੂਬਾ ਸਰਕਾਰ ਨੂੰ ਬਦਨਾਮ ਕਰਨ ਦੇ ਇਸ ‘ਤਾਨਾਸ਼ਾਹੀ ਕੋਸ਼ਿਸ਼’ ਦੇ ਵਿਰੋਧ ਵਿਚ ਅਤੇ ਸੂਬੇ ਨੂੰ ਉਸ ਦੇ ਉੱਚਿਤ ਬਕਾਏ ਤੋਂ ਵਾਂਝੇ ਕਰਨ ਲਈ ਕਰਦੀ ਰਹਾਂਗੀ। ਦੱਸ ਦੇਈਏ ਕਿ ਮੁੱਖ ਮੰਤਰੀ ਦੇ ਤੌਰ ‘ਤੇ ਇਹ ਤੀਜੀ ਵਾਰ ਹੈ, ਜਦੋਂ ਮਮਤਾ ਬੈਨਰਜੀ ਧਰਨੇ ‘ਤੇ ਬੈਠੀ ਹੈ।
ਇਸ ਦਰਮਿਆਨ ਮਮਤਾ ਦੇ ਭਤੀਜੇ ਅਤੇ ਟੀਐੱਮਸੀ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਕੇਂਦਰ ਦੀ ਜਨ ਵਿਰੋਧੀ ਨੀਤੀ ਅਤੇ ਪੱਛਮੀ ਬੰਗਾਲ ਸਰਕਾਰ ਪ੍ਰਤੀ ਮਤਰੇਅ ਵਤੀਰੇ ਖ਼ਿਲਾਫ਼ ਬੁੱਧਵਾਰ ਨੂੰ ਇਕ ਰੈਲੀ ਨੂੰ ਸੰਬੋਧਿਤ ਕਰਨਗੇ।

Comment here