ਸਿਆਸਤਵਿਸ਼ੇਸ਼ ਲੇਖ

ਕੁੜੀਆਂ ਲਈ ਸੁਰੱਖਿਅਤ ਮਹੌਲ ਕਦ ਬਣੂ?

ਕੌਮੀ ਬਾਲੜੀ ਦਿਵਸ ‘ਤੇ ਵਿਸ਼ੇਸ਼
ਧੀਆਂ ਦੇ ਸੁਰੱਖਿਅਤ ਜੀਵਨ ਅਤੇ ਉਨ੍ਹਾਂ ਦੇ ਬੁਨਿਆਦੀ ਹੱਕਾਂ ਦੀ ਪ੍ਰਾਪਤੀ ਹਿਤ ਸਾਡੇ ਦੇਸ਼ ਅੰਦਰ ਸੰਨ 2008 ਤੋਂ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਕੌਮੀ ਬਾਲੜੀ ਦਿਵਸ ਮਨਾਇਆ ਜਾ ਰਿਹਾ ਹੈ, ਜੋ ਬੱਚੀਆਂ ਦੀ ਦਸ਼ਾ ਸੁਧਾਰਨ ਲਈ ਅਤੇ ਲੋਕਾਂ ਦੀ ਰੂੜੀਵਾਦੀ ਮਾਨਸਿਕਤਾ ਨੂੰ ਹਲੂਣਾ ਦੇਣ ਲਈ ਇਕ ਸਾਰਥਿਕ ਉਪਰਾਲਾ ਹੈ। ਸਰਕਾਰ ਸਮਾਜ ਦੇ ਸਹਿਯੋਗ ਨਾਲ ਭਰੂਣ ਹੱਤਿਆ, ਧੀਆਂ ਨੂੰ ਲਾਵਾਰਸ ਛੱਡਣ, ਨਵਜੰਮੀਆਂ ਧੀਆਂ ਨਾਲ ਜਬਰ ਜਨਾਹ, ਬਾਲ ਵਿਆਹ ਅਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਚਨਬੱਧ ਹੈ। ਇਸੇ ਲਈ ਹਰ ਵਰ੍ਹੇ ਸਾਡੇ ਮੁਲਕ ਅੰਦਰ ਇਹ ਦਿਵਸ ਮਨਾਇਆ ਜਾਂਦਾ ਹੈ।
ਲੁਧਿਆਣਾ ਵਿਚ ਇਕ ਨਵਜੰਮੀ ਬੱਚੀ ਕੂੜੇ ਦੇ ਢੇਰ ‘ਚ ਮਿਲਣ ਕਾਰਨ ਸ਼ਹਿਰ ਅਤੇ ਮੀਡੀਆ ਵਿਚ ਹਲਚਲ ਹੋਈ ਸੀ। ਬੱਚੀ ਦੇ ਮਾਪਿਆਂ ਨੇ ਉਸ ਨੂੰ ਧੀ ਹੋਣ ਕਾਰਨ ਲਾਵਾਰਸ ਛੱਡ ਦਿੱਤਾ ਸੀ ਪਤਾ ਨਹੀ ਅਜਿਹੀ ਕਿਹੜੀ ਮਜਬੂਰੀ ਸੀ ਜਿਸ ਕਾਰਨ ਉਸ ਦੇ ਨਿਰਦਈ ਮਾਪਿਆਂ ਨੇ ਅਜਿਹੇ ਘਿਨਾਉਣੇ ਕਾਰੇ ਨੂੰ ਅੰਜਾਮ ਦਿੱਤਾ। ਪੂਰੀ ਯੋਜਨਾ ਨਾਲ ਇਹ ਕੰਮ ਕੀਤਾ ਗਿਆ ਸੀ ਤੇ ਬੱਚੀ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ ਪਰ ‘ਜਾਕੋ ਰਾਖੈ ਸਾਈਆਂ’ ਇਕ ਭਲੇ ਪੁਰਸ਼ ਨੇ ਉਸ ਦੀ ਚੀਕ ਸੁਣੀ ਅਤੇ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ। ਕੂੜੇ ਦੇ ਢੇਰ ‘ਚੋਂ ਬੱਚੀ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਸਮੇਂ ਸਿਰ ਇਲਾਜ ਮਿਲਣ ਕਾਰਨ ਉਸ ਬੱਚੀ ਦੀ ਜਾਨ ਬਚ ਗਈ ਪਰ ਇਹ ਘਟਨਾ ਸਮਾਜ, ਬੁੱਧੀਜੀਵੀਆਂ ਲਈ ਬਹੁਤ ਵੱਡੇ ਸਵਾਲ ਵੀ ਖੜ੍ਹੇ ਕਰ ਗਈ। ਜੇਕਰ ਇਹੀ ਬੱਚਾ ਲੜਕਾ ਹੁੰਦਾ ਤਾਂ ਸ਼ਾਇਦ ਉਹ ਮਾਪੇ ਉਸ ਨੂੰ ਕੂੜੇ ਦੇ ਢੇਰ ‘ਚ ਇਸ ਤਰਾਂ ਲਾਵਾਰਸ ਛੱਡ ਕੇ ਨਾ ਜਾਂਦੇ। ਧੀ ਹੋਣ ਕਾਰਨ ਉਸ ਨੂੰ ਏਨੀ ਵੱਡੀ ਸਜ਼ਾ ਦਿੱਤੀ ਗਈ ਜਿਸ ਵਿਚ ਉਸ ਦਾ ਕੋਈ ਕਸੂਰ ਨਹੀਂ ਸੀ। ਕੀ ਪਤਾ ਉਹ ਕਲਪਨਾ ਚਾਵਲਾ, ਮਦਰ ਟੈਰੇਸਾ ਬਣੇਗੀ ਜਾਂ ਕਿਸੇ ਸੂਰਬੀਰ ਯੋਧੇ ਨੂੰ ਜਨਮ ਦੇਵੇਗੀ।
ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ। ਉਹ ਹਰ ਵਰਗ ਲਈ ਹਰਮਨ-ਪਿਆਰੇ ਰਾਜਾ ਸਨ। ਉਨ੍ਹਾਂ ਦੇ ਰਾਜ ਵਿਚ ਸਾਰੇ ਲੋਕ ਖ਼ੁਸ਼ਹਾਲ ਸਨ ਤੇ ਦੀਨ ਦੁਖੀਆਂ ਦੀ ਪੁਕਾਰ ਉਹ ਵਿਸ਼ੇਸ਼ ਤੌਰ ‘ਤੇ ਸੁਣਦੇ ਸਨ। ਜੇਕਰ ਉਸ ਸਮੇਂ ਉਨ੍ਹਾਂ ਦੀ ਮਾਂ ਰਾਜ ਕੌਰ ਨੂੰ ਮਾਰ ਦਿੱਤਾ ਜਾਂਦਾ ਤਾਂ ਕੀ ਅਜਿਹਾ ਮਹਾਨ ਰਾਜਾ ਪੈਦਾ ਹੁੰਦਾ। ਇਸੇ ਤਰ੍ਹਾਂ ਪਤਾ ਨਹੀਂ ਸਾਡੀ ਕਿਹੜੀ ਬੱਚੀ ਮਾਂ ਬਣ ਕੇ ਮਹਾਰਾਣਾ ਪ੍ਰਤਾਪ, ਸ. ਭਗਤ ਸਿੰਘ, ਡਾ. ਕਲਾਮ ਵਰਗੇ ਯੁੱਗ ਬਦਲੂ ਮਹਾਨ ਲੋਕਾਂ ਨੂੰ ਜਨਮ ਦੇਵੇ। ਸੋਚਣ ਦੀ ਹੀ ਗੱਲ ਹੈ ਜੇਕਰ ਮਹਾਨ ਲੋਕਾਂ ਦੀਆਂ ਮਾਵਾਂ ਨੂੰ ਜੰਮਣ ਸਾਰ ਮਾਰ ਦਿੱਤਾ ਜਾਂਦਾ ਤਾਂ ਮਹਾਨਤਾ ਦੀ ਮਿਸਾਲ ਕਿਸ ਨੇ ਬਣਨਾ ਸੀ। ਇਹੀ ਗੱਲ ਅਸੀਂ ਆਪਣੇ ਆਪ ‘ਤੇ ਵੀ ਲਗਾ ਕੇ ਦੇਖ ਸਕਦੇ ਹਾਂ ਸਾਡੀਆਂ ਮਾਵਾਂ ਤੋਂ ਬਿਨਾਂ ਸਾਡਾ ਕੋਈ ਵਜੂਦ ਨਹੀਂ ਹੋ ਸਕਦਾ। ਧੀਆਂ ਮਾਰਨ ਦੀ ਮੰਦਭਾਗੀ ਰੀਤ ਪ੍ਰਾਚੀਨ ਕਾਲ ਤੋਂ ਪ੍ਰਚੱਲਿਤ ਹੈ। ਗੁਰੂਆਂ ਪੀਰਾਂ ਤੇ ਸਮਾਜ ਸੁਧਾਰਕਾਂ ਨੇ ਸਮੇਂ-ਸਮੇਂ ‘ਤੇ ਇਸ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਸਿੱਖ ਰਹਿਤਨਾਮਿਆਂ ਵਿਚ ਗੁਰੂੁ ਸਾਹਿਬਾਨ ਵਲੋਂ ਕੁੜੀਮਾਰ ਨਾਲ ਮਿਲਵਰਤਣ ਦੀ ਸਖ਼ਤ ਮਨਾਹੀ ਹੈ। ਉਸ ਸਮੇਂ ਜੰਮਦੀ ਕੁੜੀ ਨੂੰ ਮਾਰਿਆ ਜਾਂਦਾ ਸੀ ਪਰ ਅਜੋਕੇ ਸਮੇਂ ਅੰਦਰ ਵਿਗਿਆਨ ਦੀ ਕਾਢ ਅਲਟਰਾਸਾਊਂਡ ਜੋ ਮਨੁੱਖੀ ਭਲੇ ਲਈ ਕੀਤੀ ਗਈ ਸੀ ਇਸ ਦਾ ਗ਼ਲਤ ਪ੍ਰਯੋਗ ਮਰੀ ਜ਼ਮੀਰ ਵਾਲੇ ਲੋਕਾਂ ਵਲੋਂ ਕੀਤਾ ਜਾਂਦਾ ਹੈ। ਸੰਨ 1979 ਵਿਚ ਅਲਟਰਾਸਾਊਂਡ ਦੀ ਆਮਦ ਦੇਸ਼ ਵਿਚ ਹੋਈ ਸੀ ਅਤੇ ਸੰਨ 1990 ਵਿਚ ਬੱਚੇ ਦੀ ਲਿੰਗ ਨਿਰਧਾਰਨ ਜਾਂਚ ਸ਼ੁਰੂ ਹੋ ਕੇ ਸਿਖ਼ਰ ‘ਤੇ ਪਹੁੰਚ ਗਈ ਸੀ। ਗਰਭ ਵਿਚ ਪਲ ਰਹੇ ਬੱਚੇ ਦਾ ਲਿੰਗ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ ਤੇ ਬੱਚੀ ਹੋਣ ਦੀ ਸੂਰਤ ਵਿਚ ਉਸ ਨੂੰ ਗਰਭ ਵਿਚ ਹੀ ਮਾਰਿਆ ਜਾਂਦਾ ਹੈ ਜਾਂ ਫਿਰ ਧੀ ਕੂੜੇ ਦੇ ਢੇਰਾਂ ਜਾਂ ਝਾੜੀਆਂ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਹੋਈ ਮਿਲਦੀ ਹੈ। ਸੰਸਾਰ ਵਿਚ ਭਰੂਣ ਹੱਤਿਆ ਅੱਜ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਪੜ੍ਹੇ-ਲਿਖੇ ਅਗਾਂਹਵਧੂ ਕਹਾਉਂਦੇ ਲੋਕ ਇਸ ਸ਼ਰਮਨਾਕ ਕਾਰੇ ਨੂੰ ਸ਼ਰੇਆਮ ਅੰਜਾਮ ਦੇ ਰਹੇ ਹਨ। ਇਕ ਅਨੁਮਾਨ ਅਨੁਸਾਰ ਵਿਸ਼ਵ ਦੀਆਂ 42 ਫ਼ੀਸਦੀ ਲੜਕੀਆਂ ਜੰਮਣ ਤੋਂ ਪਹਿਲਾਂ ਹੀ ਮਾਰੀਆਂ ਜਾ ਚੁੱਕੀਆਂ ਹਨ ਅਤੇ ਸੰਸਾਰ ਅੰਦਰ 50 ਲੱਖ ਔਰਤਾਂ ਦੀ ਘਾਟ ਹੈ। ਦੇਸ਼ ਪੱਧਰ ‘ਤੇ ਸੰਨ 1901 ਵਿਚ ਪੁਰਸ਼/ਔਰਤ ਅਨੁਪਾਤ 1000:972 ਸੀ ਜੋ ਲਗਾਤਾਰ ਡਿਗਦਾ ਜਾ ਰਿਹਾ ਹੈ। ਸੌ ਸਾਲ ਬਾਅਦ ਭਾਵ ਸੰਨ 2001 ‘ਚ ਇਹ ਅਨੁਪਾਤ 1000:933 ਰਹਿ ਗਿਆ ਹੈ। ਸੰਨ 2011 ਦੀ ਜਨਗਣਨਾ ਅਨੁਸਾਰ ਦੇਸ਼ ਪੱਧਰ ‘ਤੇ 1000:940 ਅਨੁਪਾਤ ਪਾਇਆ ਗਿਆ। ਇਸ ਤਰ੍ਹਾਂ ਦੇਸ਼ ਵਿਚ 3.7 ਕਰੋੜ ਔਰਤਾਂ ਦੀ ਘਾਟ ਹੈ। ਪੰਜਾਬ ਅਤੇ ਹਰਿਆਣਾ ਵਿਚ ਇਹ ਅਨੁਪਾਤ ਕ੍ਰਮਵਾਰ 1000:846 ਅਤੇ 1000:830 ਹੈ। ਹਰਿਆਣਾ ਦੇ ਇਕ ਸੰਪਰਦਾਇ ਦੇ ਲੜਕਿਆਂ ਨੂੰ ਵਿਆਹ ਲਈ ਕੁੜੀ ਨਹੀਂ ਮਿਲ ਰਹੀ ਤੇ ਦੂਜੇ ਸੂਬਿਆਂ ‘ਚ ਲੜਕੀਆਂ ਲਈ ਪਹੁੰਚ ਕਰਨੀ ਪੈ ਰਹੀ ਹੈ।
ਪੰਜਾਬ ‘ਚ ਪਿਛਲੇ ਦਸ ਸਾਲਾਂ ਦੌਰਾਨ 781 ਬੱਚੀਆਂ ਲਾਪਤਾ ਹੋਈਆਂ ਹਨ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਤਿੰਨ ਸਾਲਾਂ ਦੇ ਅੰਕੜਿਆਂ ਅਨੁਸਾਰ ਦੇਸ਼ ਅੰਦਰ ਸੰਨ 2012 ਵਿਚ 76493, ਸੰਨ 2013 ਵਿਚ 77721 ਅਤੇ ਸੰਨ 2014 ਵਿਚ 73549 ਬੱਚਿਆਂ ਦੇ ਗੁੰਮ ਹੋਣ ਦੀ ਰਿਪੋਰਟ ਹੈ। ਪੁਲਿਸ ਅਜੇ ਵੀ ਇਹ ਪਤਾ ਲਗਾਉਣ ‘ਚ ਅਸਮਰੱਥ ਹੈ ਕਿ ਆਖਰ ਏਨੀ ਵੱਡੀ ਗਿਣਤੀ ਵਿਚ ਗੁੰਮ ਹੋਏ ਬੱਚੇ ਕਿੱਥੇ ਹਨ? ਇੱਥੇ ਪੁਲਿਸ ਪ੍ਰਸ਼ਾਸਨ ਦਾ ਨਕਾਰਾਤਮਿਕ ਰਵੱਈਆ ਜੱਗ-ਜ਼ਾਹਰ ਹੋਇਆ ਹੈ। ਸਿਰਫ਼ ਅਮੀਰ ਘਰਾਂ ਦੇ ਬੱਚਿਆਂ ਦੇ ਮਾਮਲੇ ‘ਚ ਹੀ ਮੁਸਤੈਦੀ ਦਿਖਾਈ ਜਾਂਦੀ ਹੈ। ਬਚਪਨ ਬਚਾਓ ਅੰਦੋਲਨ ਸੰਸਥਾ ਅਨੁਸਾਰ 50 ਫ਼ੀਸਦੀ ਗੁੰਮ ਬੱਚਿਆਂ ਦੀ ਰਿਪੋਰਟ ਹੀ ਕੌਮੀ ਅਪਰਾਧ ਰਿਕਾਰਡ ਬਿਊਰੋ ਕੋਲ ਪੁੱਜੀ ਹੈ। ਇਕ ਗ਼ੈਰ-ਸਰਕਾਰੀ ਸੰਸਥਾ ਦੇ ਅਨੁਮਾਨ ਅਨੁਸਾਰ ਦੇਸ਼ ਅੰਦਰ ਵੱਖ-ਵੱਖ ਥਾਵਾਂ ‘ਤੇ ਹਰ ਰੋਜ਼ 271 ਬੱਚੇ ਲਾਵਾਰਸ ਛੱਡੇ ਜਾਂਦੇ ਹਨ ਜਿਸ ਵਿਚੋਂ 90 ਫ਼ੀਸਦੀ ਕੁੜੀਆਂ ਹੁੰਦੀਆਂ ਹਨ। ਯੂਨੀਸੈੱਫ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਵਿਚ 43 ਫ਼ੀਸਦੀ ਲੜਕੀਆਂ 19 ਸਾਲ ਦੀ ਉਮਰ ਤੋਂ ਪਹਿਲਾਂ ਹੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੀਆਂ ਹਨ। 20 ਸਾਲ ਉਮਰ ਦੀਆਂ 10 ਲੜਕੀਆਂ ‘ਚੋਂ ਇਕ ਨੂੰ ਜਿਸਮ ਨੁਚਵਾਉਣ ਲਈ ਮਜਬੂਰ ਤੱਕ ਕੀਤਾ ਜਾਂਦਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ, ਬੱਚਿਆਂ ਦੇ ਬੰਧੂਆ ਜਾਂ ਦੇਹ ਵਪਾਰ ਵਿਚ ਦੇਸ਼ ਵਿਚ ਪਹਿਲੇ ਸਥਾਨ ‘ਤੇ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਸੰਨ 2014 ਵਿਚ ਬੱਚਿਆਂ ਪ੍ਰਤੀ 90 ਹਜ਼ਾਰ ਜੁਰਮਾਂ ਦੇ ਕੇਸ ਰਿਕਾਰਡ ਹੋਏ ਸਨ। ਜਿਨ੍ਹਾਂ ‘ਚੋਂ 37 ਹਜ਼ਾਰ ਅਗਵਾ ਅਤੇ 14 ਹਜ਼ਾਰ ਦੁਸ਼ਕਰਮ ਦੇ ਕੇਸ ਸਨ ਅਤੇ ਬੱਚਿਆਂ ‘ਤੇ ਹੁੰਦੇ ਜ਼ੁਲਮਾਂ ‘ਚ ਪਿਛਲੇ ਸਾਲ ਦੇ ਮੁਕਾਬਲੇ 50 ਫ਼ੀਸਦੀ ਵਾਧਾ ਹੋਇਆ ਹੈ।
ਧੀਆਂ ਦੀ ਸੁਰੱਖਿਆ ਲਈ ਲੋਕਾਂ ਨੂੰ ਖ਼ੁਦ ਅੱਗੇ ਆਉਣਾ ਪਵੇਗਾ। ਸਮਾਜ ਅੰਦਰ ਅਜਿਹਾ ਮਹੌਲ ਸਿਰਜਣ ਦੀ ਲੋੜ ਹੈ ਤਾਂ ਜੋ ਧੀਆਂ ਉੱਪਰ ਹੁੰਦੇ ਜ਼ੁਲਮਾਂ ਦਾ ਅੰਤ ਹੋ ਸਕੇ।

-ਡਾ ਗੁਰਤੇਜ ਸਿੰਘ

Comment here