ਸਿਆਸਤਵਿਸ਼ੇਸ਼ ਲੇਖ

ਕਿਸਾਨ ਤੇ ਪੁਲਸ ਮੁਲਾਜ਼ਮ ਆਖਰ ਆਹਮੋ ਸਾਹਮਣੇ ਕਿਉਂ ਹੋ ਰਹੇ ਨੇ?

ਹਰਿਆਣਾ ਪੁਲਿਸ ਵਲੋਂ ਕਿਸਾਨਾਂ ’ਤੇ ਲਾਠੀਚਾਰਜ ਕਰਨ ਤੋਂ ਬਾਅਦ ਮੋਗਾ ਵਿਚ ਹੁਣ ਸਥਿਤੀ ਤਣਾਅਪੂਰਨ ਬਣ ਗਈ ਸੀ ਜਦ ਕਿਸਾਨ ਤੇ ਪੰਜਾਬ ਪੁਲਿਸ ਆਹਮੋ ਸਾਹਮਣੇ ਹੋ ਗਏ। ਹਰਿਆਣਾ ਵਿਚ ਸਰਕਾਰ ਦੇ ਆਦੇਸ਼ ਸਨ ਕਿ ਕਿਸਾਨ ਜੇ ਬੈਰੀਕੇਡ ਤੋੜਨ ਤਾਂ ਉਨ੍ਹਾਂ ਦੇ ਸਿਰ ਪਾੜੇ ਜਾਣ ਪਰ ਪੰਜਾਬ ਵਿਚ ਤਾਂ ਅਜਿਹਾ ਕੋਈ ਆਦੇਸ਼ ਨਹੀਂ ਦਿਤਾ ਗਿਆ ਸਗੋਂ ਪੰਜਾਬ ਵਿਚ ਸਰਕਾਰ ਦੀ ਸਿਫ਼ਤ ਵਿਚ ਕਹਿਣਾ ਮੰਨਣਾ ਬਣਦਾ ਹੈ ਕਿ ਉਨ੍ਹਾਂ ਕਿਸਾਨੀ ਸੰਘਰਸ਼ ਨੂੰ ਪੂਰੀ ਖੁਲ੍ਹ ਦਿਤੀ ਹੈ ਅਤੇ ਪੰਜਾਬ ਵਿਚ ਕਿਸਾਨਾਂ ਨੂੰ ਇਕੱਠੇ ਹੋ ਕੇ ਰਣਨੀਤੀ ਬਣਾਉਣ ਦੀ ਆਜ਼ਾਦੀ ਵੀ ਮਿਲੀ। ਜੇ ਹਰਿਆਣਾ ਦੇ ਕਿਸਾਨ ਵੀ ਪੰਜਾਬ ਵਿਚ ਆ ਕੇ ਪੰਜਾਬ ਦੀਆਂ ਜਥੇਬੰਦੀਆਂ ਨਾਲ ਮਿਲ ਕੇ ਤਾਕਤ ਨਾ ਬਣਾਉਂਦੇ ਤਾਂ ਅੱਜ ਤਸਵੀਰ ਕੁੱਝ ਹੋਰ ਹੀ ਹੋਣੀ ਸੀ। ਸੋ ਜਦ ਪੰਜਾਬ ਵਿਚ ਕਿਸਾਨ ਰੋਸ ਕਰਦੇ ਹਨ ਤਾਂ ਅਫ਼ਸੋਸ ਹੁੰਦਾ ਹੈ। ਅੱਜ ਹਰ ਰੋਜ਼ ਕਿਸਾਨ ਅਕਾਲੀ ਦਲ ਦੀਆਂ ਰੈਲੀਆਂ ’ਤੇ ਵਿਰੋਧ ਕਰਨ ਪਹੁੰਚ ਰਹੇ ਹਨ। ਕਿਸਾਨਾਂ ਦਾ ਅਕਾਲੀ ਦਲ ਨਾਲ ਗੁੱਸਾ ਵਿਖਾਉਣਾ ਸਮਝ ਆਉਂਦਾ ਹੈ। ਅਕਾਲੀ ਦਲ ਵਲੋਂ ਕਿਸਾਨਾਂ ਦੀ ਆਵਾਜ਼ ਸੁਣਨ ਤੇ ਉਸ ਨੂੰ ਕੇਂਦਰ ਵਿਚ ਪਹੁੰਚਾਉਣ ਵਿਚ ਦੇਰੀ ਜ਼ਰੂਰ ਹੋਈ। ਜੇ ਅਕਾਲੀ ਦਲ ਨੇ ਪੰਜਾਬ ਦੇ ਕਿਸਾਨ ਦੀ ਅਸਲ ਤਸਵੀਰ ਕੇਂਦਰ ਵਿਚ ਰੱਖੀ ਹੁੰਦੀ ਤਾਂ ਵੀ ਅੱਜ ਤਸਵੀਰ ਕੁੱਝ ਹੋਰ ਹੋਣੀ ਸੀ। ਪਰ ਜਦ ਅਕਾਲੀ ਦਲ ਨੇ ਅਪਣੀ ਗ਼ਲਤੀ ਦਾ ਅਹਿਸਾਸ ਕੀਤਾ ਤਾਂ ਉਨ੍ਹਾਂ ਅਪਣੀ ਭਾਈਵਾਲ ਭਾਜਪਾ ਨਾਲ ਰਿਸ਼ਤਾ ਤੋੜਿਆ ਤੇ ਅਪਣੀ ਕੇਂਦਰੀ ਕੁਰਸੀ ਵੀ ਛੱਡੀ। ਕਿਸਾਨਾਂ ਦੇ ਹਰ ਰੋਜ਼ ਦੇ ਰੋਸ ਨਾਲ ਇਹ ਤਾਂ ਸਾਫ਼ ਹੈ ਕਿ ਉਹ ਅਕਾਲੀ ਦਲ ਦੀ ਇਸ ਗ਼ਲਤੀ ਦੇ ਪਸ਼ਚਾਤਾਪ ’ਤੇ ਵਿਸ਼ਵਾਸ ਨਹੀਂ ਕਰਨਗੇ ਤੇ ਇਹ ਨਾਰਾਜ਼ਗੀ ਬਹੁਤ ਡੂੰਘੀ ਹੈ। ਆਖ਼ਰਕਾਰ 9 ਮਹੀਨਿਆਂ ਤੋਂ ਕਿਸਾਨ ਸੜਕਾਂ ’ਤੇ ਰੁਲ ਰਹੇ ਹਨ, ਉਨ੍ਹਾਂ ਦੇ 600 ਸਾਥੀ ਸ਼ਹੀਦ ਹੋ ਚੁੱਕੇ ਹਨ ਤੇ ਕੇਂਦਰ ਸਰਕਾਰ ਨਰਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ। ਕਿਸਾਨ ਭਾਜਪਾ ਤੇ ਅਕਾਲੀ ਦਲ ਨੂੰ ਮਾਫ਼ ਕਰਨ ਵਾਲੇ ਨਹੀਂ ਹਨ ਪਰ ਵਿਰੋਧ ਕਰਦੇ ਕਿਸਾਨ ਇਹ ਵੀ ਯਾਦ ਰੱਖਣ ਕਿ ਇਸ ਵਿਚ ਪੰਜਾਬ ਦੀ ਕੋਈ ਗ਼ਲਤੀ ਨਹੀਂ। ਪੰਜਾਬ ਵਿਚ ਤਾਂ ਚੋਣਾਂ ਸਿਰਫ਼ ਛੇ ਮਹੀਨੇ ਦੂਰ ਹਨ ਤੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਸਾਰੇ ਨਾਗਰਿਕਾਂ ਕੋਲ ਚੋਣ ਬਟਨ ਕਿਸੇ ਵੀ ਪਾਰਟੀ ਦੇ ਹੱਕ ਵਿਚ ਜਾਂ ਕਿਸੇ ਪਾਰਟੀ ਵਿਰੁਧ ਦਬਾਉਣ ਦੀ ਪੂਰੀ ਆਜ਼ਾਦੀ ਹੈ। ਕਿਸਾਨਾਂ ਨੇ ਬੰਗਾਲ ਵਿਚ ਟੀ.ਐਮ.ਸੀ. ਦੇ ਸਾਥ ਵਾਸਤੇ ਤੇ ਭਾਜਪਾ ਵਿਰੁਧ ਵੋਟ ਪਾਉਣ ਲਈ ਪਿੰਡ-ਪਿੰਡ ਜਾ ਕੇ ਜਾਗਰੂਕਤਾ ਵਿਖਾਈ ਸੀ। ਹੁਣ ਉਤਰ ਪ੍ਰਦੇਸ਼ ਵਿਚ ਵੀ ਇਹੀ ਮੁਹਿੰਮ ਚਲ ਰਹੀ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵਾਰ-ਵਾਰ ਆਖਿਆ ਹੈ ਕਿ ਅਪਣੇ ਆਗੂ ਨੂੰ ਸਵਾਲਾਂ ਨਾਲ ਘੇਰੋ ਪਰ ਇਸ ਤਰ੍ਹਾਂ ਡਾਂਗਾਂ ਤੇ ਪੱਥਰਾਂ ਨਾਲ ਘੇਰਨ ਦਾ ਸਮਾਂ ਨਹੀਂ। ਅਪਣੀ ਹੀ ਸਰਕਾਰ ਨਾਲ ਲੜਾਈ ਲੜਨੀ ਹੈ ਤੇ ਇਸ ਨੂੰ ਅਹਿੰਸਕ ਤਰੀਕੇ ਨਾਲ ਲੜਨਾ ਪਵੇਗਾ। ਪਰ ਹੈਰਾਨੀ ਹੈ ਕਿ ਜਦ ਬੰਗਾਲ, ਯੂ.ਪੀ. ਵਿਚ ਕਿਸਾਨ ਇਸ ਹਦਾਇਤ ਨੂੰ ਮੰਨ ਰਹੇ ਹਨ ਫੇਰ ਪੰਜਾਬ ਵਿਚ ਕਿਉਂ ਡਾਂਗਾਂ ਉਠਦੀਆਂ ਹਨ? ਕੀ ਪੰਜਾਬ ਵਿਚ ਸੜਕਾਂ ’ਤੇ ਵਿਰੋਧ ਕਰਨ ਵਾਲੇ ਕਿਸਾਨ ਕਿਸੇ ਸਿਆਸੀ ਸੁਝਾਅ ਨਾਲ ਅਕਾਲੀ ਦਲ ਦਾ ਵਿਰੋਧ ਕਰ ਰਹੇ ਹਨ? ਹਾਲ ਵਿਚ ਐਸ.ਕੇ.ਐਮ. ਦੀ ਅਗਵਾਈ ਹੇਠ ਪੰਜਾਬ ਦੇ ਗੰਨਾ ਕਿਸਾਨਾਂ ਨੇ ਸਰਕਾਰ ਦਾ ਵਿਰੋਧ ਕੀਤਾ ਤੇ ਜਿੱਤ ਵੀ ਹਾਸਲ ਕੀਤੀ। ਉਸ ਵਿਚ ਸ਼ਾਂਤੀ ਨਹੀਂ ਭੰਗ ਹੋਈ ਤੇ ਕਿਸਾਨਾਂ ਦਾ ਫ਼ਾਇਦਾ ਹੋਇਆ। ਰਾਜੇਵਾਲ ਆਪ ਉਸ ਵਿਰੋਧ ਦੀ ਅਗਵਾਈ ਕਰ ਰਹੇ ਸਨ ਤੇ ਸੱਭ ਠੀਕ ਰਿਹਾ। ਅੱਜ ਕਿਸਾਨਾਂ ਨੂੰ ਅਪਣੇ ਆਗੂਆਂ ਦੀ ਹਦਾਇਤ ਸੁਣਨ ਦੀ ਲੋੜ ਹੈ ਤਾਕਿ ਪੰਜਾਬ ਦਾ ਮਾਹੌਲ ਵਿਗੜੇ ਨਾ। ਪੰਜਾਬ ਪੁਲਿਸ ਵਲੋਂ ਪੰਜਾਬ ਦੀ ਧਰਤੀ ’ਤੇ ਡਾਂਗਾਂ ਨਾਲ ਪੰਜਾਬੀ ਕਿਸਾਨਾਂ ਦੀਆਂ ਪੱਗਾਂ ਰੋਲਦੇ ਵੇਖਣਾ ਚੰਗਾ ਨਹੀਂ ਲਗਦਾ।

-ਨਿਮਰਤ ਕੌਰ

Comment here