ਨਵੀਂ ਦਿੱਲੀ– ਜੰਮੂ-ਕਸ਼ਮੀਰ ਦੇ ਸੁਧਰ ਰਹੇ ਹਾਲਾਤਾਂ ਬਾਰੇ ਕੇਂਦਰ ਸਰਕਾਰ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਕਸ਼ਮੀਰੀ ਪੰਡਿਤ ਖੁਦ ਨੂੰ ਵਧੇਰੇ ਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਪ੍ਰਧਾਨ ਮੰਤਰੀ ਦੇ ਮੁੜ ਵਸੇਬਾ ਪੈਕੇਜ ਅਧੀਨ 3841 ਕਸ਼ਮੀਰੀ ਪ੍ਰਵਾਸੀ ਨੌਜਵਾਨ ਕਸ਼ਮੀਰ ਵਾਪਸ ਆਏ ਹਨ। ਉਨ੍ਹਾਂ ਨੂੰ ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਨੌਕਰੀਆਂ ਮਿਲੀਆਂ ਹਨ। ਅਪ੍ਰੈਲ 2021 ‘ਚ ਇਸ ਨੂੰ ਪੈਕੇਜ ਅਧੀਨ 1997 ਹੋਰ ਨੌਜਵਾਨਾਂ ਨੂੰ ਨੌਕਰੀਆਂ ਲਈ ਚੁਣਿਆ ਗਿਆ ਹੈ। ਉਹ ਜਲਦੀ ਹੀ ਕਸ਼ਮੀਰ ਚਲੇ ਜਾਣਗੇ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਦੱਸਿਆ ਕਿ ਜੰਮੂ ਕਸ਼ਮੀਰ ਸਰਕਾਰ ਵਲੋਂ ਸਾਲ 1990 ‘ਚ ਸਥਾਪਤ ਰਾਹਤ ਦਫ਼ਤਰ ਦੀ ਰਿਪੋਰਟ ਅਨੁਸਾਰ ਅਜਿਹੇ 44167 ਕਸ਼ਮੀਰੀ ਪ੍ਰਵਾਸੀ ਪਰਿਵਾਰ ਰਜਿਸਟਰਡ ਹਨ, ਜਿਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਾਰਨ 1990 ‘ਚ ਕਸ਼ਮੀਰਵਾਦੀ ਨੂੰ ਛੱਡਣਾ ਪਿਆ ਸੀ। ਇਨ੍ਹਾਂ ‘ਚੋਂ ਰਜਿਸਟਰਡ ਪ੍ਰਵਾਸੀ ਹਿੰਦੂ ਪਰਿਵਾਰਾਂ ਦੀ ਗਿਣਤੀ 39,782 ਹੈ। 26,684 ਕਸ਼ਮੀਰੀ ਪ੍ਰਵਾਸੀ ਨੌਜਵਾਨਾਂ ਨੇ ਜੰਮੂ ਕਸ਼ਮੀਰ ਸਿਲੈਕਸ਼ਨ ਬੋਰਡ ਵਲੋਂ ਦਸੰਬਰ 2020 ‘ਚ ਵਿਗਿਆਪਤ 1997 ਅਸਾਮੀਆਂ ਲਈ ਅਰਜ਼ੀਆਂ ਦੇ ਕੇ ਵਾਦੀ ‘ਚ ਵਾਪਸ ਆਉਣ ਸੰਬੰਧੀ ਦਿਲਚਸਪੀ ਦਿਖਾਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਕਸ਼ਮੀਰ ਵਾਪਸ ਆਏ ਇਨ੍ਹਾਂ ਪ੍ਰਵਾਸੀਆਂ ਲਈ ਰਿਹਾਇਸ਼ੀ ਮਕਾਨ ਮੁਹੱਈਆ ਕਰਵਾਉਣ ਸੰਬੰਧੀ ਇਕ ਵਿਸ਼ਾਲ ਨੀਤੀ ਤਿਆਰ ਕੀਤੀ ਹੈ। ਉਨ੍ਹਾਂ ਲਈ 6 ਹਜ਼ਾਰ ਮਕਾਨ ਤੇਜ਼ੀ ਨਾਲ ਬਣਾਏ ਜਾ ਰਹੇ ਹਨ। ਇਨ੍ਹਾਂ ਮੁਲਾਜ਼ਮਾਂ ਵਲੋਂ 1 ਹਜ਼ਾਰ ਮਕਾਨਾਂ ਦੀ ਵਰਤੋਂ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਹੈ। ਰਾਏ ਨੇ ਕਿਹਾ ਕਿ ਕਸ਼ਮੀਰੀ ਪੰਡਿਤਾਂ ਅਤੇ ਡੋਗਰਾ ਹਿੰਦੂ ਪਰਿਵਾਰਾਂ ਸਮੇਤ ਅਜਿਹੇ 900 ਪਰਿਵਾਰ ਇਸ ਸਮੇਂ ਕਸ਼ਮੀਰ ‘ਚ ਰਹਿ ਰਹੇ ਹਨ। ਸਰਕਾਰ ਨੇ ਲੋਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਲਈ ਲੋੜੀਦੇਂ ਕਦਮ ਚੁੱਕੇ ਹਨ।
Comment here